Site icon TheUnmute.com

ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸਰਕਾਰ ਅਤੇ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਕੇਂਦਰੀ ਪੰਜਾਬੀ ਲੇਖਕ ਸਭਾ

ਫਿਲੌਰ , 23 ਜਨਵਰੀ 2023: ਸਬ-ਡਿਵੀਜ਼ਨ ਫਿਲੌਰ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਅਤੇ ਨਸ਼ਾ ਵਿਰੋਧੀ ਫਰੰਟ ਤਹਿਸੀਲ ਫਿਲੌਰ ਵਲੋਂ ਸਰਕਾਰ ਅਤੇ ਪੁਲਿਸ ਨੂੰ ਜਗਾਉਣ ਹਿੱਤ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇੱਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਪਿਛਲੇ ਸੱਤ-ਅੱਠ ਸਾਲ ਤੋਂ ਨਸ਼ੇ ਨੇ ਨੌਜਵਾਨਾਂ ਦਾ ਘਾਣ ਕੀਤਾ ਹੋਇਆ ਹੈ, ਜਿਸ ਦਾ ਹੱਲ ਕਰਨ ਲਈ ਕੋਈ ਸਰਕਾਰ ਸੰਜ਼ੀਦਾ ਨਹੀਂ ਹੈ।

ਆਗੂਆਂ ਨੇ ਕਿਹਾ ਪੁਲਿਸ ਦੇ ਰੋਲ ਬਹੁਤ ਹੀ ਨਕਾਰਾਤਮਕ ਦਿਖਾਈ ਦੇ ਰਿਹਾ ਹੈ। ਪੁਲਿਸ ਦੇ ਸ਼ਹਿ ਅਤੇ ਰਾਜ ਕਰਦੀ ਧਿਰ ਦੇ ਅਸ਼ੀਰਵਾਦ ਨਾਲ ਲਗਾਤਾਰ ਨਸ਼ੇ ਦੀ ਵਿਕਰੀ ਜਾਰੀ ਹੈ। ਦੂਜੇ ਪਾਸੇ ਨਸ਼ੇ ਦੀ ਦਲ ਦਲ ‘ਚ ਫਸੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਤੇ ਨਸ਼ਾ ਤਸਕਰਾ ਵਲੋਂ ਦੁਹਰੀ ਹੱਥੀ ਕਮਾਈ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿੰਡਾਂ ‘ਚ ਨਸ਼ਾ ਵਿਰੋਧੀ ਫਰੰਟ ਬਣ ਕੇ ਲਗਾਤਾਰ ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪਰ ਕਿਸੇ ਦੇ ਸਿਰ ‘ਤੇ ਜੂੰ ਨਹੀਂ ਸਰਕ ਰਹੀਂ।

ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕਤੱਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਲਾਕੇ ਭਰ ‘ਚ ਪੁਲਿਸ ਵਲੋਂ ਲਗਾਤਾਰ ਨਸ਼ੇ ਵਿਕ ਰਹੇ ਹਨ ਤੇ ਲੁੱਟਾਂ-ਖੋਹਾ ਤੇ ਚੋਰੀਆਂ ਲਗਾਤਾਰ ਵੱਧ ਰਹੀਆਂ ਹਨ। ਪੁਲਿਸ ਦੇ ਉੱਚ ਅਧਿਕਾਰੀ ਦਫ਼ਤਰਾਂ ਦੇ ਅੰਦਰ ਬੈਠ ਕੇ ਨਸ਼ੇ ਵਿਕਵਾ ਰਹੇ ਹਨ ਅਤੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਸੰਧੂ ਨੇ ਕਿਹਾ ਕਿ ਲੋਕਾਂ ਦੇ ਨਿੱਕੇ-ਨਿੱਕੇ ਸਮਾਜੀ ਮਸਲਿਆਂ ‘ਚੋਂ ਵੀ ਕਮਾਈ ਕੀਤੀ ਜਾ ਰਹੀ ਹੈ। ਸੰਧੂ ਨੇ ਅੱਗੇ ਕਿਹਾ ਕਿ ਜੇ ਪੁਲਿਸ ਨੇ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀਆਂ ਵਲੋਂ ਜਲਦ ਹੀ ਵੱਡਾ ਐਕਸ਼ਨ ਐਲਾਨ ਕੀਤਾ ਜਾਵੇਗਾ।

ਇਸ ਦੌਰਾਨ ਐਸਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਧਰਨਾਕਾਰੀਆਂ ਦੀ ਹਾਜ਼ਰੀ ‘ਚ ਯਕੀਨ ਦਵਾਇਆ ਕਿ ਗੱਲਬਾਤ ਦੌਰਾਨ ਕਈ ਮਸਲੇ ਵਿਚਾਰੇ ਗਏ, ਜਿਸ ਬਾਰੇ ਇੱਕ ਹਫ਼ਤੇ ਦੇ ਅੰਦਰ -ਅੰਦਰ ਇਹ ਮਸਲੇ ਹੱਲ ਕਰ ਦਿੱਤੇ ਜਾਣਗੇ। ਇਸਦੇ ਨਾਲ ਹੀ ਆਗੂਆਂ ਨੂੰ ਯਕੀਨ ਦਵਾਉਣ ‘ਤੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ |

Exit mobile version