Ludhiana

ਲੁਧਿਆਣਾ ‘ਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ, ਦੁਕਾਨਦਾਰਾਂ ਦਾ ਪਾਵਰਕੌਮ ‘ਤੇ ਗੰਭੀਰ ਦੋਸ਼

ਲੁਧਿਆਣਾ 30 ਦਸੰਬਰ 2022: ਲੁਧਿਆਣਾ (Ludhiana) ਦੇ ਮੌਜਪੁਰਾ ਬਾਜ਼ਾਰ, ਸੁਭਾਨੀ ਬਿਲਡਿੰਗ ਵਿੱਚ ਸੰਦੀਪ ਟੈਕਸਟਾਈਲ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਜਦੋਂ ਲੋਕਾਂ ਨੇ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਤੁਰੰਤ ਦੁਕਾਨ ਦੇ ਮਾਲਕ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

ਅੱਗ ਬੁਝਾਊ ਦਸਤੇ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਲਾਕਾ ਵਾਸੀਆਂ ਨੇ ਵੀ ਅੱਗ ਬੁਝਾਉਣ ਵਿੱਚ ਕਾਫੀ ਮਦਦ ਕੀਤੀ। ਅੱਗ ਨੇ ਚਾਰੇ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਿਲਹਾਲ ਦੁਕਾਨ ‘ਚ ਅੱਗ ਬਲ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਵੀ ਮੌਕੇ ’ਤੇ ਪੁੱਜੀ ਅਤੇ ਬਿਨਾਂ ਵਜ੍ਹਾ ਖੜ੍ਹੇ ਲੋਕਾਂ ਦਾ ਹਟਾਇਆ ਗਿਆ |

ਮਾਰਕੀਟ ਦੇ ਦੁਕਾਨਦਾਰ ਪਾਵਰਕੌਮ ਤੋਂ ਨਾਰਾਜ਼ ਹਨ। ਬਾਜ਼ਾਰ ਵਿੱਚ ਤਾਰਾਂ ਦੇ ਜਾਲ ਕਾਰਨ ਅੱਗ ਬੁਝਾਉਣ ਵਿੱਚ ਦੇਰੀ ਹੋਈ। ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਪਾਵਰਕੌਮ ਦੇ ਅਧਿਕਾਰੀਆਂ ਨੂੰ ਤਾਰਾਂ ਹਟਾਉਣ ਲਈ ਕਿਹਾ ਗਿਆ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਤਾਰਾਂ ਤੋਂ ਨਿੱਤ ਚੰਗਿਆੜੀ ਨਿਕਲਦੀਆਂ ਰਹਿੰਦੀ ਹਨ |

ਦੁਕਾਨ ਮਾਲਕ ਹਰੀਸ਼ ਮਦਾਨ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਦਾ ਜਾਲ ਵਿਛਿਆ ਹੋਇਆ ਹੈ। ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਪਾਵਰਕੌਮ ਨੇ ਸਮੇਂ ਸਿਰ ਮੰਡੀ ਵਿੱਚੋਂ ਤਾਰਾਂ ਹਟਾ ਦਿੱਤੀਆਂ ਹੁੰਦੀਆਂ ਤਾਂ ਫਾਇਰ ਬ੍ਰਿਗੇਡ ਅੱਗ ’ਤੇ ਜਲਦੀ ਕਾਬੂ ਪਾ ਸਕਦੀ ਸੀ।

Scroll to Top