Site icon TheUnmute.com

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 13 ਅਗਸਤ ਨੂੰ

Patiala

ਪਟਿਆਲਾ 10 ਅਗਸਤ 2023: ਪੰਜਾਬੀ ਸਾਹਿਤ ਸਭਾ ਪਟਿਆਲਾ (Patiala) ਵੱਲੋਂ 13 ਅਗਸਤ 2023 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਨੁਸਾਰ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਪੰਜਾਬੀ ਕਵੀ ਅਤੇ ਪੰਜਾਬੀ ਰਿਸਾਲੇ ‘ਅੱਖਰ’ ਦੇ ਸੰਪਾਦਕ ਵਿਸ਼ਾਲ ਹੋਣਗੇ ਜਦੋਂ ਕਿ ਪ੍ਰਧਾਨਗੀ ਰਿਪੁਦਮਨ ਸਿੰਘ, ਪ੍ਰਿੰਸੀਪਲ ਐਸ.ਡੀ.ਐਸ. ਈ. ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਕਰਨਗੇ।

ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਸਤਨਾਮ ਸਿੰਘ (ਭਾਸ਼ਾ ਵਿਭਾਗ ਪੰਜਾਬ ਪਟਿਆਲਾ), ਡਾ. ਤਰਲੋਚਨ ਕੌਰ ਅਤੇ ਸੰਤੋਖ ਸਿੰਘ ਫੋਰਮੈਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ।ਡਾ. ‘ਆਸ਼ਟ’ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਉਘੇ ਮਿੰਨੀ ਕਹਾਣੀ ਲੇਖਕ ਰਘਬੀਰ ਸਿੰਘ ਮਹਿਮੀ ਦੀ ਵਿਦਿਆਰਥੀ ਜੀਵਨ ਦੀ ਸਵੈਜੀਵਨੀ ਦਾ ਪਹਿਲਾ ਭਾਗ ‘ਅੰਗਰੇਜੋ ਦਾ ਲਾਡਲਾ ‘ ਦਾ ਲੋਕ ਅਰਪਣ ਕੀਤਾ ਜਾਵੇਗਾ ਜਿਸ ਉੱਪਰ ਮੁੱਖ ਪੇਪਰ ਡਾ. ਸੰਤੋਖ ਸਿੰਘ ਸੁੱਖੀ (ਭਾਸ਼ਾ ਵਿਭਾਗ ਪੰਜਾਬ ਪਟਿਆਲਾ) ਪੜ੍ਹਨਗੇ ਅਤੇ ਨਾਟਕਕਾਰ ਸਤਿੰਦਰ ਸਿੰਘ ਨੰਦਾ , ਐਡਵੋਕੇਟ ਪਰਤਾਪ ਸਿੰਘ ਅਤੇ ਮਾਸਟਰ ਜੋਗਾ ਸਿੰਘ ਵਿਚਾਰ ਚਰਚਾ ਕਰਨਗੇ। ਦੂਜੀ ਪੁਸਤਕ ‘ਕੰਧਾਂ ਕੌਲੇ’ (ਨਾਵਲ) ਜਿਸ ਦੇ ਲੇਖਿਕਾ ਹਰਸਿਮਰਨ ਕੌਰ ਹਨ, ਬਾਰੇ ਮੁੱਖ ਪੇਪਰ ਡਾ. ਹਰਪ੍ਰੀਤ ਸਿੰਘ ਰਾਣਾ ਪੜ੍ਹਨਗੇ ਜਦੋਂ ਕਿ ਨਾਵਲਕਾਰ ਡਾ. ਕੰਵਲਜੀਤ ਕੌਰ ਬਾਜਵਾ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਚਰਚਾ ਕਰਨਗੇ।

ਇਸ ਸਮਾਗਮ ਵਿੱਚ ਇੰਡੋ ਕੈਨੇਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦੇ ਉਚੇਚੇ ਸਹਿਯੋਗ ਨਾਲ ਜ਼ਿਲ੍ਹਾ ਪਟਿਆਲਾ ਦੇ ਸਾਲ 2023 ਦੀਆਂ ਬੋਰਡ ਦੀਆਂ ਵੱਖ ਵੱਖ ਪ੍ਰੀਖਿਆਵਾਂ ਵਿੱਚੋਂ ਟਾਪਰ ਰਹਿਣ ਦੇ ਨਾਲ ਨਾਲ ਪੰਜਾਬੀ ਵਿਸ਼ੇ ਵਿਚੋਂ ਵੀ ਸੌ ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੱਜ ਰਹੇ ਲਿਖਾਰੀ ਵੀ ਆਪੋ ਆਪਣੀਆਂ ਰਚਨਾਵਾਂ ਸੁਣਾਉਣਗੇ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਮਾਂ ਬੋਲੀ ਪੰਜਾਬੀ ਬਾਰੇ ਵਿਚਾਰ ਪ੍ਰਗਟ ਕਰਨਗੇ। ਅੱਜ ਦੀ ਕਾਰਜਕਾਰਨੀ ਕਮੇਟੀ ਦੀ ਇਕੱਤਰਤਾ ਦੌਰਾਨ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾਂ ਸੀਨੀਅਰ ਮੀਤ ਪ੍ਰਧਾਨ ਕਹਾਣੀਕਾਰ ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਮੈਡਮ ਵਿਜੇਤਾ ਭਾਰਦਵਾਜ ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।

Exit mobile version