Site icon TheUnmute.com

ਕੰਮ ‘ਚ ਢਿੱਲ-ਮੱਠ ਵਾਲਾ ਰਵੱਈਆ ਅਤੇ ਡਿਊਟੀ ਪ੍ਰਤੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਮਨ ਅਰੋੜਾ

ਰਾਜਸੀ ਆਗੂਆਂ

ਚੰਡੀਗੜ੍ਹ, 2 ਮਾਰਚ 2023: ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਮੀਟਿੰਗ ਵਿੱਚ ਲੇਟ ਪਹੁੰਚਣ ਵਾਲੇ 12 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਹੈ।

ਜਿਹੜੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਜ਼ਿਲ੍ਹਾ ਟਾਊਨ ਪਲਾਨਰ (ਡੀ.ਟੀ.ਪੀ.) ਸੁਮਨ ਗੁਪਤਾ, ਡੀ.ਟੀ.ਪੀ. ਰਿਤਿਕਾ ਅਰੋੜਾ ਅਤੇ ਡੀ.ਟੀ.ਪੀ. ਹਰਪ੍ਰੀਤ ਸਿੰਘ, ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਗਗਨ ਚੋਪੜਾ, ਏ.ਟੀ.ਪੀ. ਅਮਰਿੰਦਰਜੀਤ ਸਿੰਘ, ਪਲੈਨਿੰਗ ਅਫ਼ਸਰ ਪਰਮਜੀਤ ਸਿੰਘ, ਪਲੈਨਿੰਗ ਅਫ਼ਸਰ ਭੁਪਿੰਦਰ ਕੌਰ, ਏ.ਡੀ.ਓ. ਕੁਲਦੀਪ ਸਿੰਘ, ਨਿੱਜੀ ਸਕੱਤਰ ਸਤੀਸ਼ ਕੁਮਾਰ, ਸੀਨੀਅਰ ਸਹਾਇਕ ਵੰਦਨਾ ਸ਼ਰਮਾ, ਕਲਰਕ ਕਵੀ ਪ੍ਰਕਾਸ਼ ਅਮੋਲੀ, ਸਟੈਨੋ ਗੁਰਪ੍ਰੀਤ ਕੌਰ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ (Aman Arora) ਨੇ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਐਨ.ਓ.ਸੀਜ਼. ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਅਤੇ ਇਨ੍ਹਾਂ ਦੇ ਹੱਲ ਲਈ ਮੀਟਿੰਗ ਬੁਲਾਈ ਸੀ, ਜਿਸ ਵਿੱਚ ਇਹ ਅਧਿਕਾਰੀ/ਕਰਮਚਾਰੀ ਸਮੇਂ ਸਿਰ ਨਹੀਂ ਪਹੁੰਚੇ ਸਨ।

ਇਨ੍ਹਾਂ ਅਧਿਕਾਰੀਆਂ ਵੱਲੋਂ ਡਿਊਟੀ ਵਿੱਚ ਵਰਤੀ ਕੁਤਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਨੇ ਮੁੱਖ ਪ੍ਰਸ਼ਾਸਕ ਪੁੱਡਾ ਨੂੰ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਅਤੇ ਤਿੰਨ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਨਿਰਧਾਰਤ ਸਮੇਂ ਅੰਦਰ ਜਵਾਬ ਨਾ ਦੇਣ ਦੀ ਸੂਰਤ ਵਿੱਚ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੰਮਕਾਜ ਵਿੱਚ ਅਣਗਹਿਲੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੂੰ ਅਪਣਾਇਆ ਹੈ। ਉਨ੍ਹਾਂ ਨੇ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਫ਼ਤਰਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੇਂ ਸਿਰ ਆਪਣੀ ਡਿਊਟੀ ‘ਤੇ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

Exit mobile version