punjab election

ਤਾਜਾ ਖਬਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ

ਅਹਿਮਦਗੜ੍ਹ 08 ਦਸੰਬਰ 2021: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਅਹਿਮ ਫੈਸਲਾ ਕੀਤਾ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੇ ਸਾਰੇ 24,689 ਪੋਲਿੰਗ ਸਟੇਸ਼ਨਾਂ ’ਤੇ ਵੈੱਬਕਾਸਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ।

ਪੰਜਾਬ ਚੋਣ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਇਸ ਦਾ ਐਲਾਨ ਕੀਤਾ। ਇਸ ਮੌਕੇ ਸਿਆਸੀ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ 2022 ਲਈ ਚੋਣ ਤਿਆਰੀਆਂ ਬਾਰੇ ਜਾਣੂ ਕਰਵਾਇਆ। ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾਚੋਣਾਂ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ।

ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਮੱਦੇਨਜ਼ਰ, ਚੋਣ ਡਿਊਟੀਆਂ ਲਈ ਤਾਇਨਾਤ ਕੀਤੇ ਜਾਣ ਵਾਲੇ ਸਾਰੇ ਸਟਾਫ ਤੇ ਵਲੰਟੀਅਰਾਂ ਨੂੰ ਟੀਕਾਕਰਣ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਚੋਣ ਕਮਿਸ਼ਨ ਨੇ ਸਮੂਹ ਡੀ.ਈ.ਓਜ਼ ਨੂੰ ਸਟਾਫ ਵਾਸਤੇ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਲਈ ਨਿਰਦੇਸ਼ ਦਿੱਤੇ ਹਨ।

ਚੋਣ ਕਮਿਸ਼ਨ ਨੇ ਡੀਈਓਜ ਨੂੰ ਨਵੇਂ ਵੋਟਰਾਂ ਨੂੰ ਸ਼ਾਮਲ ਕਰਨ ਤੇ ਮੌਜੂਦਾ ਵੋਟਾਂ ਕੱਟਣ ਜਾਂ ਤਬਦੀਲ ਕਰਨ ਦੇ ਮਾਮਲਿਆਂ ਨੂੰ ਮੁਕੰਮਲ ਕਰਨ ਲਈ ਵੀ ਕਿਹਾ। ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਤੇ ‘1950’ ਵੋਟਰ ਹੈਲਪਲਾਈਨ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਟੈਕਸਟ ਮੈਸੇਜ ਭੇਜਣ ਜਾਂ ਮਸ਼ਹੂਰ ਹਸਤੀਆਂ ਜਾਂ ਖਿਡਾਰੀਆਂ ਨੂੰ ਮੁੰਹਿਮ ਵਿੱਚ ਸ਼ਾਮਲ ਕਰਕੇ ਸਵੀਪ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

Scroll to Top