ਚੰਡੀਗੜ੍ਹ, 07 ਮਾਰਚ 2025: Dr. Manmohan Singh Memorial: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਰਾਸ਼ਟਰੀ ਸਮ੍ਰਿਤੀ ਸਥਲ (Rashtriya Smriti Sthal) ਵਿਖੇ ਹੀ ਬਣਾਈ ਜਾਵੇਗੀ। ਇਹ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸਮਾਰਕ ਦੇ ਨੇੜੇ ਬਣਾਇਆ ਜਾਵੇਗਾ। ਜਾਣਕਾਰੀ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ (Dr. Manmohan Singh) ਦੇ ਪਰਿਵਾਰ ਨੇ ਯਾਦਗਾਰ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਹੂਮ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਪ੍ਰਸਤਾਵਿਤ ਜਗ੍ਹਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Dr. Manmohan Singh) ਦਾ 26 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ, ਸਾਬਕਾ ਪ੍ਰਧਾਨ ਮੰਤਰੀ ਦੇ ਸਮਾਰਕ ਸਥਾਨ ਨੂੰ ਲੈ ਕੇ ਮੰਗ ਸ਼ੁਰੂ ਹੋ ਗਈ ਸੀ। ਹਾਲ ਹੀ ‘ਚ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮਾਰਕ ਸਥਾਨ ਲਈ ਜਗ੍ਹਾ ਦੀ ਭਾਲ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ, ਸਾਬਕਾ ਪ੍ਰਧਾਨ ਮੰਤਰੀ ਦੀਆਂ ਤਿੰਨ ਧੀਆਂ ਅਤੇ ਉਨ੍ਹਾਂ ਦੇ ਪਤੀਆਂ ਨੇ ਵੀ ਪ੍ਰਸਤਾਵਿਤ ਯਾਦਗਾਰੀ ਸਥਾਨ ਦਾ ਦੌਰਾ ਕੀਤਾ।
ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਯਾਦਗਾਰ ਲਈ ਰਾਸ਼ਟਰੀ ਸਮ੍ਰਿਤੀ ਸਥਲ (Rashtriya Smriti Sthal) ਵਿਖੇ ਪ੍ਰਸਤਾਵਿਤ ਜਗ੍ਹਾ ਲਗਭਗ 900 ਵਰਗ ਮੀਟਰ ‘ਚ ਫੈਲੀ ਹੋਈ ਹੈ। ਇੱਥੇ ਕਈ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦੀਆਂ ਯਾਦਗਾਰਾਂ ਹਨ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸਮਾਰਕ ਮਨਮੋਹਨ ਸਿੰਘ ਲਈ ਪ੍ਰਸਤਾਵਿਤ ਸਥਾਨ ਦੇ ਨੇੜੇ ਹੈ।
ਸਮਾਰਕ ਬਣਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦ ‘ਚ ਇੱਕ ਟਰੱਸਟ ਬਣਾਇਆ ਜਾਵੇਗਾ। ਯਾਦਗਾਰੀ ਸਥਾਨ ਦੀ ਜ਼ਮੀਨ ਸਿਰਫ਼ ਟਰੱਸਟ ਦੇ ਨਾਮ ‘ਤੇ ਤਬਦੀਲ ਕੀਤੀ ਜਾਵੇਗੀ। ਸਾਬਕਾ ਪ੍ਰਧਾਨ ਮੰਤਰੀ ਦਾ ਪਰਿਵਾਰ ਟਰੱਸਟ ਦੇ ਮੈਂਬਰਾਂ ਦੇ ਨਾਵਾਂ ਦਾ ਪ੍ਰਸਤਾਵ ਰੱਖੇਗਾ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦੇਵੇਗਾ। ਟਰੱਸਟ ਦੇ ਗਠਨ ਤੋਂ ਬਾਅਦ, ਸਰਕਾਰ ਯਾਦਗਾਰ ਦੇ ਨਿਰਮਾਣ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਵੇਗੀ। ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੇ ਅਧਿਕਾਰੀ ਪਹਿਲਾਂ ਹੀ ਸਾਈਟ ਦਾ ਦੌਰਾ ਕਰ ਚੁੱਕੇ ਹਨ।
Read More: ਸਾਬਕਾ PM ਡਾ. ਮਨਮੋਹਨ ਸਿੰਘ ਦੀ ਯਾਦ ‘ਚ ਬਣੇਗੀ ਯਾਦਗਾਰ ਤੇ ਸਮਾਧ: ਸੁਧਾਂਸ਼ੂ ਤ੍ਰਿਵੇਦੀ