ਚੰਡੀਗੜ੍ਹ, 1 ਫ਼ਰਵਰੀ, 2023: ਬਾਰਾਮੂਲਾ ਜ਼ਿਲੇ ਦੇ ਗੁਲਮਰਗ (Gulmarg) ਦੇ ਅਫਰਾਵਤ ਚੋਟੀ ‘ਤੇ ਬਰਫ਼ ਦਾ ਤੋਦਾ ਡਿੱਗਣ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਬਚਾਅ ਮੁਹਿੰਮ ਚਲਾ ਕੇ 19 ਵਿਦੇਸ਼ੀਆਂ ਨੂੰ ਬਚਾ ਲਿਆ ਹੈ। ਪੂਰੇ ਇਲਾਕੇ ‘ਚ ਰਾਹਤ ਅਤੇ ਬਚਾਅ ਕਾਰਜ ਵੀ ਜਾਰੀ ਹਨ। ਐਸਐਸਪੀ ਬਾਰਾਮੂਲਾ ਨੇ ਦੱਸਿਆ ਕਿ ਬੁੱਧਵਾਰ ਨੂੰ ਕੁਝ ਵਿਦੇਸ਼ੀ ਨਾਗਰਿਕ ਬਰਫ਼ ਦੇ ਤੂਫ਼ਾਨ ਵਿੱਚ ਫਸੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ । ਦੋ ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਿਸ ਦੀਆਂ ਟੀਮਾਂ ਸਮੇਤ ਹੋਰ ਏਜੰਸੀਆਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ।
ਇਸ ਦੌਰਾਨ ਰਾਮਬਨ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ’ਤੇ ਆਵਾਜਾਈ ਠੱਪ ਹੋ ਗਈ ਹੈ। ਹਾਈਵੇਅ ਬਣਾਉਣ ਵਾਲੀ ਕੰਪਨੀ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਇਸ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ।ਮੌਸਮ ਸਾਫ਼ ਹੋਣ ਨਾਲ ਬਰਫ਼ਬਾਰੀ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਖ਼ਤਰਾ ਵੱਧ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ੍ਰੀਨਗਰ ਅਨੁਸਾਰ ਅਗਲੇ ਦਸ ਦਿਨਾਂ ਤੱਕ ਮੌਸਮ ਲਗਭਗ ਸਾਫ਼ ਰਹੇਗਾ। ਇਸ ਵਿਚ 1 ਤੋਂ 4 ਫਰਵਰੀ ਤੱਕ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿਚ 60 ਫੀਸਦੀ ਤੱਕ ਧੁੰਦ ਪੈ ਸਕਦੀ ਹੈ।