ਚੰਡੀਗੜ੍ਹ 10 ਅਕਤੂਬਰ 2022: ਸੋਮਵਾਰ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਹੋਏ ਓਪਨ ਸੈਸ਼ਨ ‘ਚ ਰਾਸ਼ਟਰੀ ਜਨਤਾ ਦਲ ਦੀ ਰਾਸ਼ਟਰੀ ਕਾਰਜਕਾਰੀ ਪ੍ਰੀਸ਼ਦ ਨੇ 12ਵੀਂ ਵਾਰ ਲਾਲੂ ਪ੍ਰਸਾਦ ਨੂੰ ਪਾਰਟੀ ਦੀ ਕਮਾਨ ਸੌਂਪੀ। ਰਾਸ਼ਟਰੀ ਜਨਤਾ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਭਰੇ ਹਾਲ ‘ਚ ਲਾਲੂ ਪ੍ਰਸਾਦ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ ਤੇ ਕਿਹਾ ਭਾਜਪਾ ਨਾਲ ਸਿੱਧੀ ਟੱਕਰ ਵਿੱਚ ਆਉਣਾ ਪਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ 2024 ‘ਚ ਭਾਜਪਾ ਨੂੰ ਮੂਲੀ ਵਾਂਗ ਉਖਾੜ ਸੁੱਟਾਂਗੇ |
ਭਾਜਪਾ ਨਾਲ ਲੜਨ ਲਈ ਤੇਜਸਵੀ ਨੇ ਵਿਰੋਧੀ ਪਾਰਟੀਆਂ ਦੀ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਤੇ ਕਿਸੇ ਵੱਡੇ ਟੀਚੇ ਲਈ ਸਵਾਰਥ ਤੋਂ ਉਪਰ ਉੱਠਣ ਲਈ ਕਿਹਾ ।
ਕਾਂਗਰਸ ਨੂੰ ਨਾਲ ਲੈ ਕੇ ਚੱਲਣ ‘ਤੇ ਜ਼ੋਰ ਦਿੰਦੇ ਹੋਏ ਲਾਲੂ ਨੇ ਕਿਹਾ ਕਿ ਉਹ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਮਿਲ ਚੁੱਕੇ ਹਨ। ਸਾਰਿਆਂ ਨੂੰ ਇੱਕ ਮੰਚ ‘ਤੇ ਲਿਆਉਣਾ ਪਵੇਗਾ। ਬਿਹਾਰ ਵਿੱਚ ਜੋ ਮਾਹੌਲ ਪੈਦਾ ਹੋਇਆ ਹੈ, ਉਹ ਪੂਰੇ ਦੇਸ਼ ਵਿੱਚ ਬਣਾਉਣਾ ਪਵੇਗਾ। ਰਾਸ਼ਟਰੀ ਜਨਤਾ ਦਲ ਦੇ ਵਿਸਤਾਰ ਦਾ ਸੰਕੇਤ ਦਿੰਦੇ ਹੋਏ ਲਾਲੂ ਨੇ ਕਿਹਾ ਕਿ ਅਜਿਹੇ ਸਮਾਗਮ ਹੁਣ ਸਾਰੇ ਰਾਜਾਂ ਵਿੱਚ ਆਯੋਜਿਤ ਕੀਤੇ ਜਾਣਗੇ। ਸੰਮੇਲਨ ਵਿੱਚ ਰਾਸ਼ਟਰੀ ਜਨਰਲ ਸਕੱਤਰ ਭੋਲਾ ਯਾਦਵ ਨੇ ਲਾਲੂ ਨੂੰ ਕਾਰਜਕਾਰੀ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ।