ਚੰਡੀਗ੍ਹੜ, 18 ਜਨਵਰੀ 2024: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ (Lakhbir Landa) ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲਖਬੀਰ ਸਿੰਘ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਇੱਕ ਮਹੀਨੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ NIA ਲਖਬੀਰ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।
ਦਰਅਸਲ ਐਨਆਈਏ ਨੇ ਲਖਬੀਰ ਸਿੰਘ ਤੇ ਉਸ ਦੇ ਸਾਥੀਆਂ ਹਰਜਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਸਤਨਾਮ ਸਿੰਘ ਸੱਤਾ, ਪਰਮਿੰਦਰ ਸਿੰਘ ਖਹਿਰਾ, ਯਾਦਵਿੰਦਰ ਸਿੰਘ ਯਾਦਾ ਖ਼ਿਲਾਫ਼ ਧਾਰਾ 17, 18, 18ਬੀ, 20, 38-39 ਤਹਿਤ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਇਸ ਦੀ ਸੁਣਵਾਈ ਐਨਆਈਏ ਦਿੱਲੀ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ। ਇਹ ਸੁਣਵਾਈ 9 ਅਕਤੂਬਰ 2023 ਤੋਂ ਸ਼ੁਰੂ ਹੋਈ ਸੀ।
ਐਨਆਈਏ ਨੇ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਲਖਬੀਰ ਦੇ ਨਾਂ ‘ਤੇ ਨੋਟਿਸ ਜਾਰੀ ਕੀਤਾ ਗਿਆ। ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਹੁਣ ਲਖਬੀਰ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਐਨਆਈਏ ਨੇ ਸੀਆਰਪੀਸੀ ਦੀ ਧਾਰਾ 82 (4) ਤਹਿਤ ਲਖਬੀਰ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਲਖੀਬਰ ‘ਤੇ 15 ਲੱਖ ਰੁਪਏ ਦਾ ਇਨਾਮ ਰੱਖਿਆ ਹੈ। 2021 ਵਿੱਚ ਉਸਦੇ (Lakhbir Landa) ਖਿਲਾਫ ਇੱਕ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। 2017 ‘ਚ ਵਿਦੇਸ਼ ਭੱਜਣ ਤੋਂ ਬਾਅਦ NIA ਉਸ ਦੀ ਭਾਲ ਕਰ ਰਹੀ ਹੈ।
ਪੁਲਿਸ ਰਿਕਾਰਡ ਮੁਤਾਬਕ ਲਖਬੀਰ ਕੈਨੇਡਾ ਤੋਂ ਆਪਣਾ ਨੈੱਟਵਰਕ ਚਲਾਉਂਦਾ ਹੈ। ਪੁਲਿਸ ਦਾ ਮੰਨਣਾ ਹੈ ਕਿ ਉਹ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਛੋਟੇ-ਮੋਟੇ ਅਪਰਾਧੀਆਂ ਨੂੰ ਕੰਟ੍ਰੈਕਟ ਕਿਲਿੰਗ, ਜ਼ਬਰਨ ਵਸੂਲੀ, ਫਿਰੌਤੀ ਆਦਿ ਲਈ ਵਰਤ ਰਿਹਾ ਹੈ।