ਚੰਡੀਗੜ੍ਹ 13 ਜੂਨ 2022: ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੁਆਰਾ ਪੈਗੰਬਰ ਮੁਹੰਮਦ ‘ਤੇ ਟਿੱਪਣੀ ਮਾਮਲਾ ਹੁਣ ਵਿਦੇਸ਼ਾਂ ‘ਚ ਵੀ ਗਰਮਾਇਆ ਹੋਇਆ ਹੈ | ਦੇਸ਼ ਦੇ ਕਈ ਸੂਬਿਆਂ ‘ਚ ਇਸ ਮਾਮਲੇ ਨੂੰ ਲੈ ਕੇ ਹਿੰਸਾ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ |ਇਸ ਦੌਰਾਨ ਨੂਪੁਰ ਸ਼ਰਮਾ ਦੇ ਖਿਲਾਫ 10 ਜੂਨ ਨੂੰ ਕੁਵੈਤ (Kuwait) ਦੇ ਫਹਾਹੀਲ ਖੇਤਰ ‘ਚ ਪ੍ਰਦਰਸ਼ਨ ਕਰਨ ਵਾਲੇ ਭਾਰਤੀਆਂ ਸਮੇਤ ਸਾਰੇ ਪਰਵਾਸੀ ਏਸ਼ੀਆਈ ਲੋਕਾਂ ਖਿਲਾਫ ਓਥੋਂ ਦੀ ਸਰਕਾਰ ਨੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।
ਜਦੋਂ ਪ੍ਰਦਰਸ਼ਨ ਕਰਨ ਵਾਲੇ ਭਾਰਤੀਆਂ ਸਮੇਤ ਸਾਰੇ ਪਰਵਾਸੀ ਏਸ਼ੀਆਈ ਲੋਕ ਪ੍ਰਦਰਸ਼ਨ ਕਰ ਰਹੇ ਸਨ ਤਾਂ ਭਾਰੀ ਪੁਲਸ ਫੋਰਸ ਉਥੇ ਪਹੁੰਚੀ । ਪੁਲਿਸ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਟਰੱਕਾਂ ਵਿੱਚ ਭਰ ਕੇ ਲੈ ਗਏ। ਇਨ੍ਹਾਂ ਸਾਰਿਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੇਸ਼ ਨਿਕਾਲੇ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਇਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇਗਾ।
ਫਿਲਹਾਲ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਲੋਕਾਂ ਨੂੰ ਪ੍ਰਦਰਸ਼ਨ ਕਰਨ ਲਈ ਕਿਸ ਨੇ ਉਕਸਾਇਆ ਸੀ। ਇਸਦੇ ਨਾਲ ਹੀ ਦੇਸ਼ ਨਿਕਾਲੇ ਕੇਂਦਰਾਂ ਵਿੱਚ ਭੇਜੇ ਗਏ ਭਾਰਤੀਆਂ ਸਮੇਤ ਸਾਰੇ ਏਸ਼ੀਆਈ ਲੋਕਾਂ ਦੇ ਨਾਂ ਹੁਣ ਕੁਵੈਤ (Kuwait) ਵਿੱਚ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋਣਗੇ। ਉਹ ਦੁਬਾਰਾ ਕਦੇ ਵੀ ਕੁਵੈਤ ਵਿਚ ਦਾਖਲ ਨਹੀਂ ਹੋ ਸਕਣਗੇ।