Site icon TheUnmute.com

ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ ‘ਤੇ ਪਹੁੰਚ ਕੇ ਪਲਾਟ ‘ਤੇ ਚੱਲ ਰਹੀ ਕਬਜ਼ੇ ਦੀ ਕਾਰਵਾਈ ਨੂੰ ਰੋਕਿਆ

Kuldeep Singh Dhaliwal

ਅੰਮ੍ਰਿਤਸਰ, 09 ਅਕਤੂਬਰ 2023: ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਨਜ਼ਦੀਕ ਦਰਸ਼ਨ ਐਵੇਨਿਊ ਇਲਾਕੇ ‘ਚ ਕੁੱਝ ਵਿਅਕਤੀਆਂ ਵੱਲੋਂ ਜਾਅਲੀ ਪਾਵਰ ਆਫ ਅਟਾਰਨੀ ਬਣਾ ਕੇ ਪਰਵਾਸੀ ਭਾਰਤੀ ਦੇ ਪਲਾਟ ਉਤੇ ਹੁੰਦਾ ਨਜਾਇਜ਼ ਕਬਜਾ ਹੋਣ ਤੋਂ ਬਚਾਅ ਲਿਆ। ਉਨ੍ਹਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਮਿਲੀ ਸੀ ਕਿ ਕੁੱਝ ਵਿਅਕਤੀ ਪਰਵਾਸੀ ਭਾਰਤੀ ਦੀ ਜਾਇਦਾਦ ਉਤੇ ਕਬਜ਼ਾ ਕਰਨ ਦੀ ਕੋਸਿਸ ਕਰ ਰਹੇ ਹਨ, ਜਿਸ ‘ਤੇ ਤੁਰੰਤ ਕਾਰਵਾਈ ਕਰਕੇ ਹੋਏ ਕੁਲਦੀਪ ਧਾਲੀਵਾਲ ਮੌਕੇ ‘ਤੇ ਪੁੱਜੇ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸੱਦ ਕੇ ਫੌਰੀ ਤੌਰ ਤੇ ਕਾਨੂੰਨੀ ਕਾਰਵਾਈ ਕਰਨ ਲਈ ਆਦੇਸ਼ ਵੀ ਦਿੱਤੇ।

ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਸੁਦਰਸ਼ਨ ਸਿੰਘ, ਡਾ: ਗੁਰਦਰਸ਼ਨ ਕੌਰ ਵਾਸੀ ਇੰਗਲੈਡ ਅਤੇ ਰਵੀਦਰਸ਼ਨ ਸਿੰਘ ਵਾਸੀ ਕੈਨੇਡਾ ਦੇ 325 ਗਜ਼ ਪਲਾਟ ‘ਤੇ ਨਜਾਇਜ਼ ਕਬਜਾ ਕਰਨ ਲਈ ਕੁਝ ਲੋਕ ਜਾਅਲੀ ਪਾਵਰ ਆਫ ਅਟਾਰਨੀ ਤਿਆਰ ਕਰ ਚੁੱਕੇ ਸਨ। ਜਦੋਂ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਤਾਂ ਮੈਂ ਮਾਲ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲਿਆ। ਮੌਕੇ ‘ਤੇ ਪਲਾਟ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਰੋਕੀ ਅਤੇ ਜਾਅਲੀ ਪਾਵਰ ਆਫ ਅਟਾਰਨੀ ਤਿਆਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਕਿਸੇ ਵੀ ਪ੍ਰਵਾਸੀ ਦੀਆਂ ਜਾਇਦਾਦਾਂ ਤੇ ਨਜ਼ਾਇਜ਼ ਕਬਜੇ ਨਹੀ ਹੋਣ ਦੇਵੇਗੀ। ਸ: ਧਾਲੀਵਾਲ ਨੇ ਦੱਸਿਆ ਕਿ ਸਾਡੀ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀ ਭਰਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਦਾ ਸਥਾਈ ਹੱਲ ਕਰਦੇ ਹੋਏ ਇਕ ਵੱਟਸਐਪ ਨੰ: 9056009884 ਵੀ ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਪ੍ਰਾਪਤ ਹੋਈ ਸ਼ਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗੀ ਅਤੇ ਸਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਪੰਜਾਬੀ ਨੂੰ ਦਿੱਤੀ ਜਾਵੇਗੀ।

Exit mobile version