Site icon TheUnmute.com

ਕੁਲਦੀਪ ਸਿੰਘ ਧਾਲੀਵਾਲ ਵੱਲੋਂ ‘ਪੰਜਾਬੀ ਦਿਵਸ’ ਦੀ ਸਮੁੱਚੇ ਪੰਜਾਬੀਆਂ ਨੂੰ ਵਧਾਈ

ਪੰਜਾਬੀ ਦਿਵਸ

ਚੰਡੀਗੜ੍ਹ, 20 ਫ਼ਰਵਰੀ 2023: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪ੍ਰਵਾਸੀ ਮਾਮਲਿਆਂ ਸਬੰਧੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਅਧੀਨ ਆਪਣੇ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਸਮੁੱਚਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।

ਸ. ਧਾਲੀਵਾਲ ਨੇ ਸਮੁੱਚੇ ਪੰਜਾਬੀਆਂ ਨੂੰ ‘ਪੰਜਾਬੀ ਦਿਵਸ’ (21 ਫ਼ਰਵਰੀ) ਦੀ ਵਧਾਈ ਦਿੰਦਿਆਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵੱਡਾ ਫੈਸਲਾ ਕਰਦਿਆਂ ਸੂਬੇ ਭਰ ਵਿੱਚ ਸਾਰੇ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖ ਤਰਜੀਹ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਹਰ ਤਰ੍ਹਾਂ ਦੇ ਸਰਕਾਰੀ, ਪ੍ਰਾਈਵੇਟ ਜਾਂ ਹੋਰ ਬੋਰਡ ਉੱਤੇ ਸਭ ਤੋਂ ਉਪਰ ਪੰਜਾਬੀ ਭਾਸ਼ਾ ਲਿਖਣੀ ਲਾਜ਼ਮੀ ਕੀਤੀ ਹੈ, ਇਸ ਤੋਂ ਬਾਅਦ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ।ਉਨ੍ਹਾਂ ਕਿਹਾ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਉਤੇ ਜੁਰਮਾਨੇ ਵੀ ਕੀਤੇ ਜਾਣਗੇ।

ਕੈਬਨਿਟ ਮੰਤਰੀ ਨੇ ਆਪਣੇ ਵਿਭਾਗਾਂ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਆਪਣੇ ਦਫ਼ਤਰਾਂ ਦੇ ਸਾਰੇ ਬੋਰਡਾਂ, ਨੋਟਿਸ ਬੋਰਡਾਂ ਅਤੇ ਦਫ਼ਤਰਾਂ ਦੇ ਨਾਂ ਲਿਖਣ ਵਿੱਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਅਤੇ ਬਾਕੀ ਭਾਸ਼ਾਵਾਂ ਪੰਜਾਬੀ ਤੋਂ ਬਾਅਦ ਲਿਖੀਆਂ ਜਾਣ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਆਪਣੇ ਪਰਿਵਾਰਾਂ ਵਿੱਚ ਜ਼ਿੰਦਾ ਰੱਖਣੀ ਯਕੀਨੀ ਬਣਾਉਣ।

ਸ. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸੱਦਾ ਦਿਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਆਪਣੀ ਮਾਂ ਬੋਲੀ ਨੂੰ ਮਾਣ ਸਤਿਕਾਰ ਦੇਣਾ ਅਤੇ ਤਰਜੀਹ ਦੇਣੀ, ਸਾਡਾ ਸਭਨਾਂ ਦਾ ਇਖ਼ਲਾਕੀ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ 150 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਉਨ੍ਹਾਂ ਨੇ ਯੂ.ਐਨ. ਓ ਦੀ ਇੱਕ ਰਿਪੋਰਟ ਹਵਾਲਾ ਦਿੰਦਿਆਂ ਕਿਹਾ ਕਿ ਦੁਨੀਆਂ ਭਰ ਦੀਆਂ 7000 ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ 12 ਸਥਾਨ ਪ੍ਰਾਪਤ ਹੈ।ਉਨਾਂ ਕਿਹਾ ਕਿ ਇਸ ਰਿਪੋਰਟ ਵਿੱਚ ਅਗਲੇ 50 ਸਾਲਾਂ ਦੌਰਾਨ 2000 ਭਾਸ਼ਾਵਾਂ ਖਤਮ ਹੋਣ ਦਾ ਖਦਸ਼ਾ ਜਾਹਿਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਹੈ।ਉਨ੍ਹਾਂ ਕਿਹਾ ਕਿ ਮਾਤ-ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਹਰ ਸਾਰਥਕ ਕਦਮ ਚੁੱਕੇਗੀ।

Exit mobile version