ਕੁਲਦੀਪ

29 ਸਾਲਾਂ ਬਾਅਦ ਪਾਕਿਸਤਾਨ ਤੋਂ ਪਰਤਿਆ ਕੁਲਦੀਪ : 1996 ‘ਚ ਆਈ ਚਿੱਠੀ ਨੇ ਆਸ ਰੱਖੀ ਜਗਾਈ

ਚੰਡੀਗੜ੍ਹ, 23 ਦਸੰਬਰ 2021 : 29 ਸਾਲ ਪਹਿਲਾਂ ਘਰੋਂ ਲਾਪਤਾ ਹੋਇਆ ਕੁਲਦੀਪ ਕਰੀਬ ਤਿੰਨ ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨ ਤੋਂ ਆਪਣੇ ਵਤਨ ਪਰਤਿਆ ਹੈ। ਹਾਲਾਂਕਿ ਅਜੇ ਤੱਕ ਕੁਲਦੀਪ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਿਆ। ਉਹ ਬੇਸਬਰੀ ਨਾਲ ਉਸ ਪਲ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਉਸਨੂੰ ਮਿਲ ਸਕਣਗੇ, ਵੇਖ ਸਕਣਗੇ ਅਤੇ ਗਲੇ ਲਗਾ ਸਕਣਗੇ | ਇੰਨੇ ਲੰਬੇ ਸਮੇਂ ਵਿੱਚ ਕੁਲਦੀਪ ਦੀ ਮਾਂ ਨੇ ਪੁੱਤਰ ਦਾ ਮੂੰਹ ਵੇਖਣ ਦੀ ਉਮੀਦ ਨੂੰ ਟੁੱਟਣ ਨਹੀਂ ਦਿੱਤਾ। ਵਾਹਗਾ ਬਾਰਡਰ ਰਾਹੀਂ ਕੁਲਦੀਪ ਦੇ ਭਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਹੁਣ ਇਸ ਮਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਹੀਂ ਰੁਕ ਰਹੇ ਹਨ। ਉਹ ਪੁੱਤਰ ਨੂੰ ਗਲੇ ਲਾਉਣ ਲਈ ਬੇਤਾਬ ਹੈ।

1996 ਵਿੱਚ ਜਦੋਂ ਕੁਲਦੀਪ ਨੂੰ ਪਹਿਲਾ ਸੁਨੇਹਾ ਮਿਲਿਆ ਤਾਂ ਪਰਿਵਾਰ ਦੀਆਂ ਉਮੀਦਾਂ ਫਿਰ ਬੱਝ ਗਈਆਂ

10 ਦਸੰਬਰ 1992 ਨੂੰ ਰਾਮਕੋਟ ਦੇ ਮਕਵਾਲ ਦਾ ਰਹਿਣ ਵਾਲਾ ਕੁਲਦੀਪ ਸਿੰਘ ਅਚਾਨਕ ਲਾਪਤਾ ਹੋ ਗਿਆ ਸੀ। ਜਦੋਂ ਕਈ ਦਿਨ ਕੁਲਦੀਪ ਵਾਪਸ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਵੀ ਥਾਂ-ਥਾਂ ਪੁੱਛ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਵੀ ਕੋਈ ਉਸ ਦੀ ਸੂਚਨਾ ਦਿੱਤੀ ਤਾਂ ਪਰਿਵਾਰਕ ਮੈਂਬਰ ਉੱਥੇ ਪੁੱਜ ਜਾਂਦੇ ਪਰ ਕੁਲਦੀਪ ਦਾ ਕੋਈ ਪਤਾ ਨਾ ਮਿਲਦਾ ।

ਆਖ਼ਰ 1996 ਵਿੱਚ ਕੁਲਦੀਪ ਦਾ ਪਹਿਲਾ ਸੁਨੇਹਾ ਪਰਿਵਾਰ ਨੂੰ ਮਿਲਿਆ ਤਾਂ ਟੁੱਟੀਆਂ ਆਸਾਂ ਮੁੜ ਗਈਆਂ । ਮਕਵਾਲ ਦਾ ਰਹਿਣ ਵਾਲਾ ਕੁਲਦੀਪ ਸਿੰਘ ਪਾਕਿਸਤਾਨ ਦੀ ਕੋਟ ਲਖਪਤ ਕੇਂਦਰੀ ਜੇਲ੍ਹ ਲਾਹੌਰ ਦੀ ਬੈਰਕ ਨੰਬਰ ਚਾਰ ਵਿੱਚ ਕੈਦ ਸੀ। ਇਹ ਉਹ ਪਤਾ ਸੀ ਜਿੱਥੋਂ ਪਰਿਵਾਰ ਇਸ ਤੋਂ ਬਾਅਦ ਕੁਲਦੀਪ ਸਿੰਘ ਦਾ ਹਾਲ-ਚਾਲ ਪੁੱਛਦੇ ਰਹੇ ।

ਕੁਲਦੀਪ ਦੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ

ਕੁਲਦੀਪ ਨੂੰ ਮਿਲਣ ਦੀ ਆਸ ਵਿੱਚ ਮਾਂ ਦੀਆਂ ਅੱਖਾਂ ਵੀ ਪਿਛਲੇ 29 ਸਾਲਾਂ ਵਿੱਚ ਪੱਥਰ ਹੋ ਗਈਆਂ ਹਨ। ਇਨ੍ਹਾਂ ਅੱਖਾਂ ਵਿਚੋਂ ਹੁਣ ਖੁਸ਼ੀ ਦੇ ਹੰਝੂ ਵਹਿ ਰਹੇ ਹਨ। ਕੁਲਦੀਪ ਸਿੰਘ ਦੀ ਮਾਂ ਕ੍ਰਿਸ਼ਨਾ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਆਪਣੇ ਬੇਟੇ ਨੂੰ ਸਾਹ ਘੁੱਟਣ ਤੋਂ ਪਹਿਲਾਂ ਜ਼ਰੂਰ ਮਿਲ ਸਕੇਗੀ।

ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਬਹੁਤ ਹਿੰਮਤੀ ਹੈ। ਉਹ ਪਾਕਿਸਤਾਨ ਕਿਵੇਂ ਪੁੱਜਿਆ , ਉਸ ਨੂੰ ਨਹੀਂ ਪਤਾ, ਪਰ ਉਸ ਨੂੰ ਇਹ ਆਸ ਜ਼ਰੂਰ ਸੀ ਕਿ ਇਕ ਦਿਨ ਉਸ ਦਾ ਪੁੱਤਰ ਸਹੀ-ਸਲਾਮਤ ਵਾਪਸ ਆ ਜਾਵੇਗਾ। ਤਿੰਨ ਦਹਾਕਿਆਂ ਬਾਅਦ ਹੀ ਰੱਬ ਨੇ ਉਸ ਦੀ ਅਰਦਾਸ ਸੁਣੀ ਤੇ ਕੁਲਦੀਪ ਸਹੀ ਸਲਾਮਤ ਵਾਪਸ ਮੁੜ ਆਇਆ |

ਪਰਿਵਾਰ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਵਾਹਗਾ ਬਾਰਡਰ ਤੋਂ ਭਾਰਤ ਪੁੱਜੇ ਕੁਲਦੀਪ ਨੂੰ ਅੰਮ੍ਰਿਤਸਰ ‘ਚ ਜਾਂਚ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪ੍ਰੋਟੋਕੋਲ ਦੇ ਅਨੁਸਾਰ, ਉਸਨੂੰ ਜੇਆਈਸੀ ਜੰਮੂ ਲਿਜਾਇਆ ਜਾਵੇਗਾ, ਜਿਸ ਤੋਂ ਬਾਅਦ ਉਸਨੂੰ ਕਠੂਆ ਪੁਲਿਸ ਅਤੇ ਫਿਰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਵਤਨ ਪਰਤਣ ‘ਤੇ ਕੁਲਦੀਪ ਨੇ ਫਿਰ ਜਾਵੇਦ ਦਾ ਨਾਂ ਲਿਆ

ਪਾਕਿਸਤਾਨ ਤੋਂ ਆਪਣੇ ਪਰਿਵਾਰ ਨੂੰ ਲਿਖੀ ਚਿੱਠੀ ਵਿਚ ਕੁਲਦੀਪ ਸਿੰਘ ਨੇ ਆਪਣੇ ਨਾਂ ਦੇ ਨਾਲ ਇਕ ਹੋਰ ਨਾਂ ਵੀ ਵਰਤਿਆ ਹੈ। ਪਾਕਿਸਤਾਨ ਵਿੱਚ ਕੈਦ ਦੌਰਾਨ ਕੁਲਦੀਪ ਸਿੰਘ ਦਾ ਨਾਂ ਜਾਵੇਦ ਭਾਈ ਹੋ ਗਿਆ। 29 ਸਾਲਾਂ ਤੱਕ ਕੁਲਦੀਪ ਦੀ ਇਹ ਪਛਾਣ ਪਾਕਿਸਤਾਨ ‘ਚ ਰਹੀ ਪਰ ਹੁਣ ਉਸ ਦੇ ਵਤਨ ਪਰਤਣ ਨਾਲ ਕਠੂਆ ਦੇ ਬੇਟੇ ਨੇ ਜਾਵੇਦ ਭਾਈ ਦੀ ਜਗ੍ਹਾ ਉਸ ਦਾ ਅਸਲੀ ਨਾਂ ਵਾਪਸ ਲਿਆ ਹੈ।

ਤਿੰਨ ਦਿਨਾਂ ਤੋਂ ਘਰ ਆਉਣ ਦਾ ਇੰਤਜ਼ਾਰ, ਬੁੱਧਵਾਰ ਸ਼ਾਮ ਤੱਕ ਵੀ ਨਹੀਂ ਪੁੱਜੀ ਟੀਮ, ਪਰਿਵਾਰ ਨਿਰਾਸ਼

ਸੋਮਵਾਰ ਨੂੰ ਕੁਲਦੀਪ ਸਿੰਘ ਪਾਕਿਸਤਾਨ ਤੋਂ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ ਸੀ ਪਰ ਉਸਦੇ ਘਰ ਪੁੱਜਣ ਦਾ ਸਫ਼ਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਨੂੰ ਰੈੱਡ ਕਰਾਸ ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਦੇ ਪੁੱਤਰ ਨੇ ਵੀ ਉਸ ਨੂੰ ਘਰ ਵਾਪਸ ਲਿਆਉਣ ਲਈ ਸਾਰਾ ਦਿਨ ਇੰਤਜ਼ਾਰ ਕਰਨਾ ਪਿਆ |

ਉਸ ਨੂੰ ਸਿਰਫ ਇਹ ਸੂਚਨਾ ਦਿੱਤੀ ਗਈ ਸੀ ਕਿ ਜੰਮੂ-ਕਸ਼ਮੀਰ ਤੋਂ ਟੀਮ ਉਸ ਨੂੰ ਲੈਣ ਲਈ ਆਵੇਗੀ, ਜਿਸ ਦੇ ਨਾਲ ਉਸ ਨੂੰ ਭੇਜਿਆ ਜਾਵੇਗਾ। ਕੁਲਦੀਪ ਸਿੰਘ ਪੁੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਉਹ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ, ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ‘ਤੇ ਇਹ ਉਡੀਕ ਕਦੋਂ ਖਤਮ ਹੋਵੇਗੀ, ਉਹਨਾਂ ਨੂੰ ਨਹੀਂ ਪਤਾ ?

Scroll to Top