Site icon TheUnmute.com

ਕੁਲਦੀਪ ਧਾਲੀਵਾਲ ਵੱਲੋਂ ਰਮਦਾਸ ਰੇਲਵੇ ਸਟੇਸ਼ਨ ਦਾ ਨਾਂ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ‘ਤੇ ਰੱਖਣ ਦੀ ਮੰਗ

Ramdas Railway station

ਚੰਡੀਗੜ੍ਹ/ਨਵੀਂ ਦਿੱਲੀ, 10 ਸਤੰਬਰ 2024: ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦੇ ਕੇ ਅਜਨਾਲਾ-ਬੱਲੜ੍ਹਵਾਲ ਬਾਰਡਰ ਬੈਲਟ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਲਈ ਨਿੱਜੀ ਦਖਲ ਦੀ ਮੰਗ ਕੀਤੀ ਹੈ |

ਕੁਲਦੀਪ ਸਿੰਘ ਧਾਲੀਵਾਲ ਨੇ ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ (Ramdas Railway station) ਦਾ ਨਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ‘ਤੇ ਰੱਖਣ ਦੀ ਮੰਗ ਵੀ ਕੀਤੀ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਰਾਮਦਾਸ ਸਟੇਸ਼ਨ ਨੂੰ ਮੁੜ ਉਸਾਰਨ ਦੀ ਅਪੀਲ ਕੀਤੀ ਹੈ |

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ (Ramdas Railway station) ‘ਤੇ ਉੱਚ ਪੱਧਰੀ ਪੱਕਾ ਪਲੇਟਫਾਰਮ ਬਣਾਉਣ, ਰੇਲਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਆਸਰਾ/ਸ਼ੈਡ, ਰੋਸ਼ਨੀ ਅਤੇ ਪੱਖੇ ਵਰਗੀਆਂ ਜਨਤਕ ਸਹੂਲਤਾਂ ਦੇ ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਪ੍ਰਬੰਧ ਵੀ ਕੀਤੇ ਜਾਣੇ ਬਹੁਤ ਜ਼ਰੂਰੀ ਹਨ। ਇਸਦੇ ਨਾਲ ਹੀ ਸਟੇਸ਼ਨ ‘ਤੇ ਰੇਲ ਗੱਡੀਆਂ ਦੀ ਆਵਾਜਾਈ 04 ਜੋੜਿਆਂ ਤੋਂ ਵਧਾ ਕੇ ਘੱਟੋ-ਘੱਟ 06 ਜੋੜੇ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਜ਼ਿਲ੍ਹੇ ਦੇ ਜ਼ਿਆਦਾਤਰ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵੇਰਕਾ ਤੋਂ ਅੰਮ੍ਰਿਤਸਰ ਜਾਂ ਇਸ ਤੋਂ ਅੱਗੇ ਚੱਲਣ ਵਾਲੀਆਂ ਟਰੇਨਾਂ ਨੂੰ ਵਧਾਉਣ ਦੀ ਮੰਗ ਵੀ ਕੀਤੀ ਹੈ।

ਧਾਲੀਵਾਲ ਨੇ ਪੱਤਰ ਰਾਹੀਂ ਕਿਹਾ ਕਿ ਅੰਮ੍ਰਿਤਸਰ ‘ਚ ਸਥਿਤ ਰਾਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਬਣਾਇਆ ਸੀ। ਹਾਲਾਂਕਿ, ਉਪਰੋਕਤ ਰੇਲਵੇ ਸਟੇਸ਼ਨ ‘ਤੇ ਕੋਈ ਪਲੇਟਫਾਰਮ ਨਹੀਂ ਹੈ। ਇਸ ਕਸਬੇ ਦੇ ਨਾਲ-ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਭਾਵ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਅਤੇ ਰਮਦਾਸ ਰੇਲਵੇ ਸਟੇਸ਼ਨ ਤੱਕ ਸਿਰਫ਼ ਇੱਕੋ ਹੀ ਰੇਲ ਸੰਪਰਕ ਹੈ।

ਅਜਨਾਲਾ-ਬੱਲੜ੍ਹਵਾਲ ਕਨੈਕਟੀਵਿਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਇਹ ਇਲਾਕਾ ਇੱਕ ਸਰਹੱਦੀ ਇਲਾਕਾ ਹੈ ਅਤੇ ਬਹੁਤ ਪਛੜਿਆ ਹੋਇਆ ਹੈ ਅਤੇ ਇਸ ਖੇਤਰ ਵਿੱਚ ਸੜਕੀ ਸੰਪਰਕ ਮਾੜਾ ਹੈ ਅਤੇ ਮੌਜੂਦਾ ਸਮੇਂ ‘ਚ ਕੋਈ ਰੇਲ ਸੰਪਰਕ ਨਹੀਂ ਹੈ। ਇਲਾਕੇ ਦੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਲੋੜ੍ਹਾਂ ਅਤੇ ਦਫ਼ਤਰੀ ਕੰਮਾਂ ਲਈ ਅੰਮ੍ਰਿਤਸਰ ਸ਼ਹਿਰ ‘ਤੇ ਨਿਰਭਰ ਹਨ ਅਤੇ ਉਨ੍ਹਾਂ ਨੂੰ ਉਪਰੋਕਤ ਲੋੜ੍ਹਾਂ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਿਚਕਾਰ ਰੇਲ ਸੇਵਾ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ, ਪਿੰਡ ਬੱਲੜ੍ਹਵਾਲ (ਜੋ ਕਿ ਭਾਰਤ-ਪਾਕਿ ਵੰਡ ਤੋਂ ਇੱਕ ਵੱਡਾ ਵਪਾਰਕ ਕੇਂਦਰ ਸੀ) ਰਾਹੀਂ ਰੇਲ ਸੰਪਰਕ ਦੀ ਲੋੜ ਹੈ। ਪ੍ਰਸਤਾਵਿਤ ਕੁਨੈਕਟੀਵਿਟੀ ਨਾ ਸਿਰਫ਼ ਸਥਾਨਕ ਲੋਕਾਂ ਨੂੰ ਸਹੂਲਤ ਦੇਵੇਗੀ ਬਲਕਿ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਦੇਣ ‘ਚ ਸਹਾਇਕ ਸਿੱਧ ਹੋਵੇਗੀ |

ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜੋਤੀ ਜੋਤ ਅਸਥਾਨ ਕਾਰਨ ਇਸ ਖੇਤਰ ਦੀ ਉੱਚ ਧਾਰਮਿਕ ਮਹੱਤਤਾ ਹੈ, ਇੱਕ ਇਤਿਹਾਸਕ ਗੁਰੂਦੁਆਰਾ ਬਾਬਾ ਗਮਚੱਕ ਜੀ ਵੀ ਬੱਲੜ੍ਹਵਾਲ ਵਿਖੇ ਸਥਿਤ ਹੈ।’’ ਉਨ੍ਹਾਂ ਕਿਹਾ ਕਿ, ‘‘ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਨਾਲ-ਨਾਲ ਇਸ ਖੇਤਰ ‘ਚ ਆਉਂਦੇ ਹਨ’’।

ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਭਰੋਸਾ ਦਿੱਤਾ ਕਿ ਰਮਦਾਸ ਰੇਲਵੇ ਸਟੇਸ਼ਨ ਨੂੰ 6 ਮਹੀਨੇ ‘ਚ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਇਸ ਸਟੇਸ਼ਨ ਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਕੇਂਦਰੀ ਮੰਤਰੀ ਨੇ ਅਜਨਾਲਾ-ਬੱਲੜ੍ਹਵਾਲ ਸਰਹੱਦੀ ਖੇਤਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਦੀ ਮੰਗ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਛੇਤੀ ਹੀ ਵਿਚਾਰਿਆ ਜਾਵੇਗਾ।

Exit mobile version