ਚੰਡੀਗੜ੍ਹ 05 ਨਵੰਬਰ 2022: ਟਵਿੱਟਰ (Twitter) ਨੂੰ ਸੰਭਾਲਣ ਦੇ ਇੱਕ ਹਫ਼ਤੇ ਦੇ ਅੰਦਰ, ਮਾਈਕ੍ਰੋ ਬਲੌਗਿੰਗ ਸਾਈਟ ਤੋਂ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਦੁਨੀਆ ਭਰ ਦੇ ਕਰਮਚਾਰੀ ਟਵਿੱਟਰ ‘ਤੇ ਛਾਂਟੀ ਦੀ ਲਪੇਟ ‘ਚ ਆ ਰਹੇ ਹਨ। ਅਜਿਹੇ ‘ਚ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ ਨੂੰ ਕੰਪਨੀ ਕਿੰਨਾ ਮੁਆਵਜ਼ਾ ਦੇ ਰਹੀ ਹੈ? ਟਵਿਟਰ ਦੇ ਨਵੇਂ ਮੁਖੀ ਐਲਨ ਮਸਕ (Elon Musk) ਨੇ ਖੁਦ ਟਵੀਟ ਕਰਕੇ ਸਥਿਤੀ ਸਪੱਸ਼ਟ ਕੀਤੀ ਹੈ।
ਟਵਿੱਟਰ (Twitter) ‘ਤੇ ਛਾਂਟੀ ਦੀਆਂ ਖਬਰਾਂ ਵਿਚਾਲੇ ਐਲੋਨ ਮਸਕ ਨੇ ਕਿਹਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ ਕਿਉਂਕਿ ਕੰਪਨੀ ਨੂੰ ਹਰ ਰੋਜ਼ 4 ਮਿਲੀਅਨ ਡਾਲਰ (32.78 ਕਰੋੜ ਰੁਪਏ) ਦਾ ਨੁਕਸਾਨ ਹੋ ਰਿਹਾ ਹੈ। ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ ਨੂੰ ਕੰਪਨੀ ਵੱਲੋਂ ਤਿੰਨ ਮਹੀਨਿਆਂ ਦੀ ਤਨਖ਼ਾਹ (Severance Pay) ਦੇ ਬਰਾਬਰ ਦਿੱਤੀ ਜਾ ਰਹੀ ਹੈ। ਇਹ ਕਾਨੂੰਨੀ ਤੌਰ ‘ਤੇ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਲਈ ਭੁਗਤਾਨ ਕਰਨ ਲਈ ਲੋੜੀਂਦੀ ਰਕਮ ਤੋਂ ਦੁੱਗਣਾ ਹੈ।
ਇਹ ਸੇਵਰੇਂਸ ਉਹ ਰਕਮ ਹੈ ਜੋ ਕੰਪਨੀ ਆਪਣੇ ਕਰਮਚਾਰੀਆਂ ਨਾਲ ਸਮਝੌਤੇ ਦੀ ਸਮਾਪਤੀ ਦੇ ਦੌਰਾਨ ਮੁਆਵਜ਼ੇ ਵਜੋਂ ਅਦਾ ਕਰਦੀ ਹੈ। ਹੁਣ ਮਸਕ ਨੇ ਖੁਦ ਟਵੀਟ ਕਰਕੇ ਖੁਲਾਸਾ ਕੀਤਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਸੇਵਰੇਂਸ ਪੇਅ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਟਵਿੱਟਰ ਨੇ ਆਪਣੇ 50 ਫੀਸਦੀ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ | ਐਲਨ ਮਸਕ (Elon Musk) ਨੇ ਸ਼ਨੀਵਾਰ ਨੂੰ ਟਵਿਟਰ ਦੇ ਲਗਭਗ 50 ਫੀਸਦੀ ਕਰਮਚਾਰੀਆਂ ਨੂੰ ਕੰਪਨੀ ਤੋਂ ਕੱਢ ਦਿੱਤਾ ਹੈ । ਮਸਕ, ਜਿਸ ਨੇ ਇੱਕ ਹਫ਼ਤਾ ਪਹਿਲਾਂ ਇਸ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ $ 44 ਬਿਲੀਅਨ ਵਿੱਚ ਖਰੀਦਿਆ ਸੀ, ਉਨ੍ਹਾਂ ਨੇ ਪਿਛਲੇ ਸੱਤ ਦਿਨਾਂ ਵਿੱਚ ਕੰਪਨੀ ਵਿੱਚ ਕਈ ਬੁਨਿਆਦੀ ਬਦਲਾਅ ਕੀਤੇ ਹਨ।