Kisan Mazdoor Sangharsh Committee

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਡਾ.ਇੰਦਰਬੀਰ ਸਿੰਘ ਨਿੱਝਰ ਦੀ ਰਿਹਾਇਸ਼ ਦੇ ਬਾਹਰ ਦਿੱਤਾ ਧਰਨਾ

ਅੰਮ੍ਰਿਤਸਰ 12 ਦਸੰਬਰ 2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵਿਚ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਬੈਠ ਕੇ 15 ਦਿਨ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ| ਆਪਣੀਆਂ ਮੰਗ ਨੂੰ ਲੈ ਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਕਿਸਾਨਾਂ ਮਜਦੂਰਾਂ ਤੇ ਔਰਤਾਂ ਵੱਲੋਂ 4 ਵਿਧਾਇਕਾਂ ਅਤੇ 5 ਮੰਤਰੀਆਂ ਦੇ ਘਰਾਂ ਅੱਗੇ ਵੱਡੇ ਇੱਕਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਅਤੇ 9 ਥਾਵਾਂ ‘ਤੇ ਮੰਗ ਪੱਤਰ ਦਿੱਤੇ ਗਏ ਹਨ |

ਜਿੰਨਾ ਵਿਚ ਅੰਮ੍ਰਿਤਸਰ ਤੋਂ ਮੰਤਰੀ ਇੰਦਰਬੀਰ ਸਿੰਘ ਨਿੱਝਰ, ਤਰਨ ਤਾਰਨ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ, ਗੁਰਦਾਸਪੁਰ ਤੋਂ ਮੰਤਰੀ ਲਾਲਚੰਦ ਕਟਾਰੂਚੱਕ, ਫਿਰੋਜ਼ਪੁਰ ਤੋਂ ਮੰਤਰੀ ਫੌਜਾ ਸਿੰਘ ਸਰਾਰੀ, ਹੁਸ਼ਿਆਰਪੁਰ ਤੋਂ ਮੰਤਰੀ ਬ੍ਰਹਮਸ਼ੰਕਰ ਕੁਮਾਰ ਜਿੰਪਾ, ਵਿਧਾਇਕਾ ਅਮਨਦੀਪ ਕੌਰ ਅਰੋੜਾ, ਗੋਲਡੀ ਕੰਬੋਜ, ਨਰਿੰਦਰਪਾਲ ਸਵਨਾ, ਇੰਦਰਜੀਤ ਕੌਰ ਮਾਨ ਦੇ ਘਰਾਂ ਦਾ ਘਿਰਾਓ ਕੀਤਾ ਹੈ ਅਤੇ 9 ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ |

ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਥਾਨਕ ਸਰਕਾਰਾਂ ਬਾਰੇ ਡਾ. ਇੰਦਰਬੀਰ ਸਿੰਘ ਨਿੱਝਰ ਦੇ ਘਰ ਘਿਰਾਓ ਕੀਤਾ ਗਿਆ | ਇੱਥੇ ਮੌਜੂਦ ਹਜ਼ਾਰਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦਾ ਅਵੇਸਲਾਪਨ ਸਰਕਾਰ ਦੇ ਦੋਗਲੇ ਚਿਹਰੇ ਨੂੰ ਬੇਨਕਾਬ ਕਰਦਾ ਹੈ ਅਤੇ ਦੱਸਦਾ ਹੈ ਕਿ ਮੋਦੀ ਸਰਕਾਰ ਵਾਂਗ ਹੀ ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ | ਓਹਨਾ ਕਿਹਾ ਕਿ ਪੰਜਾਬ ਵਿਚ ਅੱਜ ਨਾ ਸਿਰਫ ਮਾਰੂ ਨਸ਼ੇ ਦਾ ਵਪਾਰ ਧੜੱਲੇ ਨਾਲ ਚੱਲ ਰਿਹਾ ਹੈ ਬਲਕਿ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਨੌਜਵਾਨ ਓਵਰਡੋਜ਼ ਨਾਲ ਮਰ ਰਹੇ ਹਨ, ਘਰਾਂ ਦੇ ਘਰ ਤਬਾਹ ਹੋ ਰਹੇ ਹਨ ਅਤੇ ਸਰਕਾਰ ਦੇ ਚੋਣ ਦਾਅਵੇ ਖੋਖਲੇ ਸਾਬਿਤ ਹੋਏ ਹਨ |

ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਲਈ ਇਹ ਗੱਲ ਹੁਣ ਚੰਗੀ ਤਰ੍ਹਾਂ ਸਮਝ ਲੈਣ ਦਾ ਸਮਾਂ ਹੈ ਕਿ ਲੋਕ ਹੁਣ ਤਾਨਾਸ਼ਾਹੀ ਤਰੀਕੇ ਨਾਲ ਲਿਆਂਦੀਆਂ ਸੰਵਿਧਾਨਿਕ ਸੋਧਾਂ ਜਾ ਕਨੂੰਨ ਸਵੀਕਾਰ ਨਹੀਂ ਕਰਨਗੇ ਅਤੇ ਕਾਲੇ ਖੇਤੀ ਕਨੂੰਨਾਂ ਵਾਂਗ ਹੀ ਜੁਮਲਾ ਮੁਸਤਰਕਾ ਮਾਲਕਾਨ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨਣ ਵਾਲੀ ਸੋਧ ਵਿਧਾਨ ਸਭਾ ਵਿਚ ਵਾਪਸ ਲੈਣੀ ਪਵੇਗੀ, ਪੰਜਾਬ ਦੇ ਖ਼ਤਮ ਅਤੇ ਖ਼ਰਾਬ ਹੋ ਰਹੇ ਪਾਣੀਆਂ ਲਈ ਪੁਖ਼ਤਾ ਨੀਤੀ ਬਣਾ ਕੇ ਲਾਗੂ ਕਰਨੀ, ਝੋਨੇ ਦੀ ਫਸਲ ਬਦਲੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਤੇ ਐੱਮ ਐੱਸ ਪੀ ਨਾਲ ਖਰੀਦ ਦੀ ਗਰੰਟੀ ਦਾ ਪ੍ਰਬੰਧ ਕੀਤਾ ਜਾਵੇ |

Scroll to Top