ਚੰਡੀਗੜ੍ਹ 25 ਅਗਸਤ 2022: ਸ੍ਰੀ ਦਰਬਾਰ ਸਾਹਿਬ (Sri Darbar Sahib) ਕੰਪਲੈਕਸ ਤੋਂ ਅਗਵਾ ਹੋਈ ਛੇ ਸਾਲਾ ਬੱਚੀ ਨੂੰ ਟਾਸਕ ਫੋਰਸ ਦੀ ਮਦਦ ਨਾਲ ਪੁਲਿਸ ਨੇ ਬਰਾਮਦ ਕਰ ਲਿਆ ਹੈ । ਬੀਤੇ ਮੰਗਲਵਾਰ ਨੂੰ ਵਾਪਰੀ ਘਟਨਾ ਨੂੰ ਲੈ ਕੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਅਗਵਾ ਕਰਨ ਦਾ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਬਟਾਲਾ ਰੋਡ ਦਾ ਰਹਿਣ ਵਾਲਾ ਇਰਫ਼ਾਨ ਵਜੋਂ ਹੋਈ ਹੈ। ਇਸਦੇ ਨਾਲ ਹੀ ਪੁਲਿਸ ਵਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਬਲਰਾਜ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਮਹਿਮਾ ਪੰਡੋਰੀ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਮੰਗਲਵਾਰ ਨੂੰ ਉਹ ਆਪਣੀ 6 ਸਾਲਾ ਬੇਟੀ ਮਮਤਾ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ। ਉੱਥੇ ਦੋਵੇਂ ਥਕਾਵਟ ਮਹਿਸੂਸ ਕਰਨ ਲੱਗੇ। ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੰਧ ਦੇ ਕੋਲ ਬੈਠ ਗਏ । ਇਸ ਦੌਰਾਨ ਉਨ੍ਹਾਂ ਨੀਂਦ ਆ ਗਈ ਅਤੇ ਸੋ ਗਏ । ਕੁਝ ਸਮੇਂ ਬਾਅਦ ਜਦੋਂ ਜਾਗੇ ਤਾਂ ਬੱਚੀ ਉਸ ਦੇ ਨਾਲ ਨਹੀਂ ਸੀ।
ਉਨ੍ਹਾਂ ਨੇ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਤੇ ਨਹੀਂ ਮਿਲੀ। ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮੈਂਬਰਾਂ ਨੂੰ ਦਿੱਤੀ। ਇਸਦੇ ਨਾਲ ਹੀ ਸ਼ਰਧਾਲੂਆਂ ਦੀ ਮਦਦ ਨਾਲ ਇਰਫਾਨ ਨਾਂ ਦੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ।