TheUnmute.com

ਖੰਨਾ ਦਾ ਵੱਡਾ ਸਨਅਤਕਾਰ ਸ਼ੱਕੀ ਹਾਲਾਤਾਂ ‘ਚ ਲਾਪਤਾ, ਇਨੋਵਾ ਗੱਡੀ ‘ਚੋਂ ਮਿਲਿਆ ਹੱਥ ਲਿਖਤ ਨੋਟ

ਖੰਨਾ, 27 ਜੁਲਾਈ 2023: ਖੰਨਾ (Khanna) ਦੇ ਅਮਲੋਹ ਰੋਡ ‘ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਸਨਅਤਕਾਰ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਉਸਦੀ ਇਨੋਵਾ ਕਾਰ ਬੁੱਧਵਾਰ ਰਾਤ ਨੂੰ ਬੱਸ ਸਟੈਂਡ ਦੇ ਸਾਹਮਣੇ ਐਚਡੀਐਫਸੀ ਬੈਂਕ ਦੇ ਬਾਹਰ ਮਿਲੀ। ਕਾਰ ਵਿੱਚੋਂ ਇੱਕ ਹੱਥ ਲਿਖਤ ਨੋਟ ਵੀ ਮਿਲਿਆ। ਜਿਸ ‘ਚ ਸ਼ਹਿਰ ਦੇ ਕੁਝ ਨਾਮੀ ਵਿਅਕਤੀਆਂ ‘ਤੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਨੋਟ ‘ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਉਸਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਲਾਪਤਾ ਹੋਇਆ ਸਨਅਤਕਾਰ ਆਪਣਾ ਮੋਬਾਈਲ ਵੀ ਕਾਰ ਵਿੱਚ ਹੀ ਛੱਡ ਗਿਆ ਤਾਂ ਜੋ ਲੋਕੇਸ਼ਨ ਤੋਂ ਉਸਨੂੰ ਟਰੇਸ ਨਾ ਕੀਤਾ ਜਾ ਸਕੇ। ਫਿਲਹਾਲ ਇਹ ਭੇਤ ਬਣਿਆ ਹੋਇਆ ਹੈ ਕਿ ਉਦਯੋਗਪਤੀ ਕਿੱਥੇ ਹੈ।

ਜਾਣਕਾਰੀ ਮੁਤਾਬਕ ਰਾਜੀਵ ਜਿੰਦਲ ਬੁੱਧਵਾਰ ਦੁਪਹਿਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰ ਪੁਲਿਸ ਸਮੇਤ ਉਸਦੀ ਭਾਲ ਕਰ ਰਹੇ ਹਨ। ਉਸਦੀ ਕਾਰ ਜੀ.ਟੀ.ਰੋਡ ਵਾਲੇ ਪਾਸੇ ਖੜ੍ਹੀ ਕਿਸੇ ਨੇ ਨਹੀਂ ਦੇਖੀ,ਕਿਉਂਕਿ ਦਿਨ ਵੇਲੇ ਇਸ ਇਲਾਕੇ ਵਿੱਚ ਜ਼ਿਆਦਾ ਭੀੜ ਰਹਿੰਦੀ ਹੈ। ਜਦੋਂ ਰਾਤ ਨੂੰ ਗੱਡੀ ਦੇਖੀ ਗਈ ਤਾਂ ਕੈਮਰਿਆਂ ਦੀ ਚੈਕਿੰਗ ਕੀਤੀ ਗਈ, ਉਥੋਂ ਕਾਰ ਦੀ ਚਾਬੀ ਇੱਕ ਦੁਕਾਨਦਾਰ ਤੋਂ ਮਿਲੀ। ਇਸ ਦੁਕਾਨਦਾਰ ਤੋਂ ਪਤਾ ਲੱਗਾ ਕਿ ਰਾਜੀਵ ਨੇ ਸਵੇਰੇ 11 ਵਜੇ ਦੇ ਕਰੀਬ ਕਾਰ ਇੱਥੇ ਖੜ੍ਹੀ ਕੀਤੀ ਸੀ ਅਤੇ ਰਾਜੀਵ ਜਿੰਦਲ ਦੁਕਾਨਦਾਰ ਨੂੰ ਇਹ ਕਹਿ ਕੇ ਚਲਾ ਗਿਆ ਸੀ ਕਿ ਡਰਾਈਵਰ ਇੱਕ ਘੰਟੇ ਵਿੱਚ ਕਾਰ ਲੈ ਕੇ ਜਾਵੇਗਾ।

Khanna

ਜਦੋਂ ਪੁਲਿਸ ਨੇ ਕਾਰ ਦੀ ਜਾਂਚ ਕੀਤੀ ਤਾਂ ਉਸ ‘ਚੋਂ ਇਕ ਹੱਥ ਲਿਖਤ ਨੋਟ ਮਿਲਿਆ। ਇਹ ਹੱਥ ਲਿਖਤ ਨੋਟ ਰਾਜੀਵ ਜਿੰਦਲ ਨੇ ਲਿਖਿਆ ਹੈ। ਦੂਜੇ ਪਾਸੇ ਪਰਿਵਾਰ ਦੀ ਮੰਗ ਹੈ ਕਿ ਹੱਥ ਲਿਖਤ ਨੋਟ ਦੀ ਫੋਟੋਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਜਿਨ੍ਹਾਂ ਦੇ ਨਾਂ ਲਿਖੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ ‘ਚ ਸਾਂਝੇਦਾਰੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਰਾਜੀਵ ਜਿੰਦਲ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸੋਲਵੈਕਸ ਪਲਾਂਟ ਲਾਇਆ ਸੀ, ਜਿਸਨੂੰ ਬਾਅਦ ਵਿੱਚ ਵੇਚ ਦਿੱਤਾ ਗਿਆ। ਇਸਤੋਂ ਬਾਅਦ ਤਿੰਨਾਂ ਸਾਥੀਆਂ ਵਿੱਚ ਰੌਲਾ ਪੈ ਗਿਆ। ਰਾਜੀਵ ਨੇ ਆਪਣਾ ਵੱਖਰਾ ਪੈਟਰੋਲ ਪੰਪ ਲਗਾ ਲਿਆ। ਕੁਝ ਸਮੇਂ ਤੋਂ ਰਾਜੀਵ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਜਿਸਦਾ ਕਾਰਨ ਕਾਰੋਬਾਰ ‘ਚ ਸਾਂਝੇਦਾਰੀ ਨੂੰ ਲੈ ਕੇ ਝਗੜਾ ਮੰਨਿਆ ਜਾ ਰਿਹਾ ਹੈ।

ਖੰਨਾ (Khanna) ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਪਰਿਵਾਰ ਸਮੇਤ ਰਾਜੀਵ ਜਿੰਦਲ ਦੀ ਭਾਲ ਕਰ ਰਹੀ ਹੈ। ਕੈਮਰੇ ਦੇਖੇ ਜਾ ਰਹੇ ਹਨ। ਫਿਲਹਾਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਬਾਅਦ ਵਿੱਚ ਤੱਥਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Exit mobile version