ਅੰਮ੍ਰਿਤਸਰ 07 ਨਵੰਬਰ 2022: ਪੰਜਾਬ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੁੰਦੀ ਹੋਈ ਵੇਖ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਅਲੱਗ ਅਲੱਗ ਜਗ੍ਹਾ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਇਸੇ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਉੱਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ |
ਇਸ ਧਰਨਾ ਪ੍ਰਦਰਸ਼ਨ ਵਿੱਚ ਭਾਜਪਾ ਦੀ ਸਮੂਹ ਲੀਡਰਸ਼ਿਪ ਨਜ਼ਰ ਆਈ, ਉਥੇ ਹੀ ਭਾਜਪਾ ਦੇ ਨੇਤਾ ਡਾ. ਰਾਜ ਕੁਮਾਰ ਵੇਰਕਾ (Dr. Raj Kumar Verka) ਵੱਲੋਂ ਵੀ ਆਮ ਆਦਮੀ ਪਾਰਟੀ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਵਿਚ ਝੂਠਾ ਢੌਂਗ ਰਚਿਆ ਗਿਆ ਸੀ, ਇਸ ਦਾ ਪਰਦਾਫਾਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖ਼ਰਾਬ ਹੋ ਚੁੱਕੀ ਹੈ |
ਇਸੇ ਕਰਕੇ ਹੀ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਨਾਲ ਹਾਰ ਇਹ ਸਾਬਿਤ ਕਰਦੀ ਹੈ ਕਿ ਪੰਜਾਬ ਵਿੱਚ ਵੀ ਹੁਣ ‘ਆਪ’ ਦਾ ਗਰਾਫ ਘਟਦਾ ਜਾ ਰਿਹਾ ਹੈ ਅਤੇ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਹ ਬੁਰੀ ਤਰ੍ਹਾਂ ਨਾਲ ਹਾਰਨਗੇ |
ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਵੀ ਪੰਜਾਬ ਦੇ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਡਾ. ਵੇਰਕਾ ਨੇ ਕਿਹਾ ਕਿ ਹੁਣ ਆਮ ਲੋਕਾਂ ਦੇ ਵਿਚ ਵੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਰੋਹ ਸਾਫ਼ ਵੇਖਿਆ ਜਾ ਸਕਦਾ ਹੈ |