July 2, 2024 6:59 pm
ਕੇਜਰੀਵਾਲ

ਗੋਆ ‘ਚ ਕੇਜਰੀਵਾਲ: ਹਰ ਪਿੰਡ ‘ਚ ਸਕੂਲ ਤੇ ਮੁਹੱਲਾ ਕਲੀਨਿਕ ਦਾ ਵਾਅਦਾ, ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਕੀਤਾ ਐਲਾਨ

ਚੰਡੀਗੜ੍ਹ, 8 ਨਵੰਬਰ 2021 : ਅਗਲੇ ਸਾਲ ਗੋਆ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦਿੱਲੀ ‘ਚ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਗੋਆ ਦੌਰੇ ‘ਤੇ ਹਨ। ਆਪਣੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਯਾਨੀ ਸੋਮਵਾਰ ਨੂੰ ਵੀ ਉਨ੍ਹਾਂ ਨੇ ਇੱਥੇ ਜਨਤਾ ਨਾਲ ਕਈ ਵਾਅਦੇ ਕੀਤੇ।

ਕੇਜਰੀਵਾਲ ਨੇ ਸੋਮਵਾਰ ਨੂੰ ਪੋਰੀਅਮ ਵਿਧਾਨ ਸਭਾ ਹਲਕੇ ਦੇ ਮੋਕਸੀ ਪਿੰਡ ਦੇ ਵਾਸੀਆਂ ਨਾਲ ਗੱਲਬਾਤ ਕੀਤੀ। ਇੱਥੇ ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਆਉਣ ਵਾਲੀਆਂ ਚੋਣਾਂ ਵਿੱਚ ਸਾਡੀ ਪਾਰਟੀ ਜਿੱਤਦੀ ਹੈ ਤਾਂ ਅਸੀਂ ਇੱਥੋਂ ਦੀ ਸਿੱਖਿਆ ਦੀ ਤਸਵੀਰ ਬਦਲ ਦੇਵਾਂਗੇ। ਕੇਜਰੀਵਾਲ ਨੇ ਹਰ ਪਿੰਡ ਵਿੱਚ ਸਕੂਲਾਂ ਦੇ ਨਾਲ-ਨਾਲ ਮੁਹੱਲਾ ਕਲੀਨਿਕ ਬਣਾਉਣ ਅਤੇ 24 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਵੀ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਬਿਹਤਰ ਕਰ ਦਿੱਤੀ ਹੈ ਕਿ ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇੱਥੇ ਆਉਣਾ ਚਾਹੁੰਦੇ ਹਨ। ਅਸੀਂ ਗੋਆ ਦੇ ਹਰ ਪਿੰਡ ਵਿੱਚ ਅਜਿਹੇ ਸਕੂਲ ਬਣਾਵਾਂਗੇ। ਕੇਜਰੀਵਾਲ ਨੇ ਅੱਗੇ ਕਿਹਾ, ਹਰ ਪਿੰਡ ਵਿੱਚ ਇੱਕ ਮੁਹੱਲਾ ਕਲੀਨਿਕ ਹੋਵੇਗਾ ਜਿੱਥੇ ਦਿੱਲੀ ਦੀ ਤਰ੍ਹਾਂ ਸਲਾਹ, ਦਵਾਈ ਅਤੇ ਟੈਸਟਾਂ ਵਰਗੀਆਂ ਸਹੂਲਤਾਂ ਮੁਫ਼ਤ ਉਪਲਬਧ ਹੋਣਗੀਆਂ।

3000 ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਭੱਤਾ ਦੇਣ ਦਾ ਵੀ ਵਾਅਦਾ ਕੀਤਾ

ਆਪਣੇ ਚੋਣ ਵਾਅਦਿਆਂ ਦੀ ਲੜੀ ‘ਚ ਕੇਜਰੀਵਾਲ ਨੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘ਰੁਜ਼ਗਾਰ ‘ਚ ਸਮਾਂ ਲੱਗਦਾ ਹੈ, ਉਦੋਂ ਤੱਕ 3000 ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਭੱਤੇ ਦਾ ਪ੍ਰਬੰਧ ਕੀਤਾ ਜਾਵੇਗਾ |’ ਕੇਜਰੀਵਾਲ ਇਹ ਸਾਰੇ ਵਾਅਦੇ ਗੋਆ ਵਿੱਚ ਪਹਿਲਾਂ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਬਣਨ ‘ਤੇ ਮੁਫਤ ਤੀਰਥ ਯਾਤਰਾ ਦਾ ਵੀ ਵਾਅਦਾ ਕੀਤਾ ਹੈ।

ਗੋਆ ਅਤੇ ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਮੰਦਰਾਂ ‘ਚ ਜਾ ਕੇ ‘ਨਰਮ ਹਿੰਦੂਤਵ’ ਅਪਣਾਉਣ ਦੇ ਦੋਸ਼ਾਂ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਮੰਦਰਾਂ ‘ਚ ਇਸ ਲਈ ਜਾਂਦਾ ਹਾਂ ਕਿਉਂਕਿ ਮੈਂ ਹਿੰਦੂ ਹਾਂ। ਉਨ੍ਹਾਂ ਕਿਹਾ ਕਿ ਮੰਦਰ ਜਾਣ ‘ਚ ਕੋਈ ਹਰਜ਼ ਨਹੀਂ ਹੈ। ਜਦੋਂ ਤੁਸੀਂ ਮੰਦਰ ਜਾਂਦੇ ਹੋ ਤਾਂ ਤੁਸੀਂ ਸ਼ਾਂਤੀ ਮਹਿਸੂਸ ਕਰਦੇ ਹੋ। ਇਸ ‘ਤੇ ਕੋਈ ਇਤਰਾਜ਼ ਕਿਵੇਂ ਕਰ ਸਕਦਾ ਹੈ?

ਪ੍ਰਮੋਦ ਸਾਵੰਤ ਸਾਡੀ ਨਕਲ ਕਰ ਰਹੇ ਹਨ: ਕੇਜਰੀਵਾਲ

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਿਛਲੇ ਦਿਨੀਂ ਕੇਜਰੀਵਾਲ ਨੂੰ ਕਾਪੀ ਮਾਸਟਰ ਕਿਹਾ ਸੀ। ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਪ੍ਰਮੋਦ ਸਾਵੰਤ ਸਾਡੀ ਨਕਲ ਕਰ ਰਹੇ ਹਨ। ਜਦੋਂ ਮੈਂ ਮੁਫਤ ਬਿਜਲੀ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਪਾਣੀ ਮੁਫਤ ਕਰ ਦਿੱਤਾ। ਜਦੋਂ ਮੈਂ ਰੁਜ਼ਗਾਰ ਭੱਤੇ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ 10 ਹਜ਼ਾਰ ਨੌਕਰੀਆਂ ਦੇਣ ਦਾ ਐਲਾਨ ਕੀਤਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਮੈਂ ਸੂਬੇ ਵਿੱਚ ਮੁਫ਼ਤ ਤੀਰਥ ਯਾਤਰਾ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਆਪਣੀ ਯੋਜਨਾ ਦਾ ਐਲਾਨ ਕੀਤਾ। ਪ੍ਰਮੋਦ ਸਾਵੰਤ ਨੇ ਹਾਲ ਹੀ ‘ਚ ਅਰਵਿੰਦ ਕੇਜਰੀਵਾਲ ‘ਤੇ ਭਾਜਪਾ ਸਰਕਾਰ ਦੀਆਂ ਯੋਜਨਾਵਾਂ ਦੀ ਨਕਲ ਕਰਨ ਦਾ ਦੋਸ਼ ਲਗਾਇਆ ਸੀ। ਪ੍ਰਮੋਦ ਸਾਵੰਤ ਨੇ ਕਿਹਾ ਸੀ ਕਿ ਬਜਟ ਵਿੱਚ ਮੁਫਤ ਤੀਰਥ ਯਾਤਰਾ ਦਾ ਐਲਾਨ ਵੀ ਕੀਤਾ ਗਿਆ ਸੀ।