Site icon TheUnmute.com

ਸਿਆਸੀ ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਖਬਰਾਂ ਅਤੇ ਝੂਠੀਆਂ ਖਬਰਾਂ ‘ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ: ਡਾ. ਸੇਨੂ ਦੁੱਗਲ

Fazilka

ਫਾਜ਼ਿਲਕਾ 26 ਮਾਰਚ 2024: ਫਾਜ਼ਿਲਕਾ (Fazilka) ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ ਨੇ ਅੱਜ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਕਮੇਟੀ ਦੇ ਦਫਤਰ ਦਾ ਦੌਰਾ ਕੀਤਾ। ਉਹਨਾਂ ਨੇ ਇੱਥੇ ਸਿਆਸੀ ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਖਬਰਾਂ ਅਤੇ ਝੂਠੀਆਂ ਖਬਰਾਂ ਤੇ ਰੱਖੀ ਜਾ ਰਹੀ ਨਜ਼ਰ ਸਾਨੀ ਨੂੰ ਹੋਰ ਮਜਬੂਤ ਕਰਨ ਦੀ ਹਦਾਇਤ ਕੀਤੀ।

ਉਹਨਾਂ ਨੇ ਆਖਿਆ ਕਿ ਇਲੈਕਟਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਈ ਪੇਪਰ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰਬਾਜ਼ੀ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਹੀਂ ਕੀਤੀ ਜਾ ਸਕਦੀ ਹੈ। ਇਸੇ ਤਰਾਂ ਪ੍ਰਿੰਟ ਮੀਡੀਆ ਵਿੱਚ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਕੋਈ ਵੀ ਸਿਆਸੀ ਇਸ਼ਤਿਹਾਰ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛਪ ਸਕਦਾ ਹੈ।

ਉਹਨਾਂ ਇਹ ਵੀ ਆਖਿਆ ਕਿ ਪੋਸਟਰ ਪੈਫਲਟ ਆਦਿ ਉੱਪਰ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਂ ਛਪਿਆ ਹੋਣਾ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਬਣੀ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੀਡੀਆ ਵੱਲੋਂ ਚੋਣਾਂ ਦੌਰਾਨ ਲੋਕਾਂ ਨੂੰ ਵੋਟ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ ਪਰ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਖਬਰਾਂ ਦੀ ਪੁਸ਼ਟੀ ਕੀਤੇ ਬਿਨਾਂ ਉਹਨਾਂ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਤਾਂ ਜੋ ਝੂਠੀਆਂ ਖਬਰਾਂ ਦੇ ਪਸਾਰ ਨੂੰ ਰੋਕਿਆ ਜਾ ਸਕੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ (Fazilka) ਪੱਧਰ ਤੇ ਬਣੇ ਚੋਣ ਕੰਟਰੋਲ ਰੂਮ ਦਾ ਵੀ ਨੀਰਿਖਣ ਕੀਤਾ ਅਤੇ ਦੱਸਿਆ ਕਿ ਜ਼ਿਲ੍ਹਾ ਵਾਸੀ ਚੋਣਾਂ ਅਤੇ ਚੋਣ ਜਾਬਤੇ ਸੰਬੰਧੀ ਕੋਈ ਵੀ ਸ਼ਿਕਾਇਤ ਹੈਲਪ ਲਾਈਨ ਨੰਬਰ 1950 ਤੇ ਕਰ ਸਕਦੇ ਹਨ। ਇਸ ਤੋਂ ਬਿਨ੍ਹਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸੀ ਵਿਜਲ ਐਪ ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।

Exit mobile version