ਚੰਡੀਗੜ੍ਹ 16 ਅਪ੍ਰੈਲ 2022: ਪਿਛਲੇ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਕਲਾਂ ਵਿੱਚ ਚੱਲਦੇ ਟੂਰਨਾਮੈਂਟ ਦੌਰਾਨ ਗੈਂਗਸਟਰਾਂ ਵੱਲੋਂ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਹੁਣ ਖਬਰ ਆ ਰਹੀ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Sandeep Nangal Ambia) ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਦੇ ਅਨੁਸਾਰ ਕਤਲ ਕਰਨ ਵਾਲੇ ਗੈਂਗਸਟਰਾਂ ਦੇ ਸਾਥੀਆਂ ਨੇ ਸ਼ਾਹਕੋਟ ਰਹਿੰਦੇ ਸੰਦੀਪ ਦੇ ਭਰਾ ਅੰਗਰੇਜ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀ ਦਿੱਤੀ ਹੈ। ਦਸਿਆ ਜਾ ਰਿਹਾ ਹੈ ਕਿ ਅੰਗਰੇਜ ਨੂੰ ਇਹ ਧਮਕੀਆਂ ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਹਨ। ਇਹ ਧਮਕੀ ਕਿਸੇ ਹਰਮਨਜੀਤ ਸਿੰਘ ਕੰਗ ਨੇ ਦਿੱਤੀ ਹੈ, ਜੋ ਕਿ ਆਪਣੇ ਆਪ ਨੂੰ ਕੈਨੇਡਾ ਰਹਿੰਦੇ ਸਨਾਵਰ ਢਿੱਲੋਂ ਦਾ ਦੋਸਤ ਦੱਸਦਾ ਹੈ।
ਜਿਕਰਯੋਗ ਹੈ ਕਿ ਸਨਾਵਰ, ਸੰਦੀਪ ਦੀ ਹੱਤਿਆ ਕਰਨ ਵਾਲੇ ਸਾਜ਼ਿਸ਼ਕਾਰਾਂ ਵਿੱਚੋਂ ਇਕ ਹੈ।ਆਪਣੀ ਸ਼ਿਕਾਇਤ ਵਿਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸੰਦੀਪ ਦੇ ਕਤਲ ਵਿਚ ਪੁਲਿਸ ਨੇ ਗੈਂਗਸਟਰਾਂ ਫਤਿਹ ਉਰਫ਼ ਯੁਵਰਾਜ, ਕੌਸ਼ਲ ਚੌਧਰੀ, ਜੁਝਾਰ ਉਰਫ਼ ਸਿਮਰਨਜੀਤ ਸੰਨੀ, ਅਮ੍ਰਿਤ ਡਾਗਰ ਤੇ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਅੰਗਰੇਜ ਮੁਤਾਬਕ 12 ਅਪ੍ਰੈਲ ਨੂੰ ਉਹ ਆਪਣੇ ਘਰ ਬੈਠਾ ਸੀ ਤਾਂ ਰਾਤ ਕਰੀਬ ਅੱਠ ਵਜੇ ਉਸ ਦੇ ਮੋਬਾਈਲ ਫੋਨ ‘ਤੇ ਇੰਟਰਨੈੱਟ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਹਰਮਨਜੀਤ ਕੰਗ ਹੈ ਤੇ ਸਨਾਵਰ ਢਿੱਲੋਂ ਦਾ ਦੋਸਤ ਹੈ। ਉਸ ਨੇ ਧਮਕੀ ਦਿੱਤੀ ਕਿ ਜੇ ਤੁਸੀਂ ਕੇਸ ਵਾਪਸ ਨਾ ਲਿਆ ਤਾਂ ਬੁਰੇ ਨਤੀਜੇ ਹੋਣਗੇ। ਇਸ ਤੋਂ ਬਾਅਦ ਕੰਗ ਧਮਕੀਆਂ ਦੇਣ ਲੱਗ ਪਿਆ। 13 ਤਰੀਕ ਨੂੰ ਸਵੇਰੇ 9 ਵਜੇ ਫਿਰ ਕਾਲ ਆਈ ਜੋ ਕਿ ਵਟਸਐਪ ਨੰਬਰ ਤੋਂ ਇੰਟਰਨੈੱਟ ਕਾਲ ਸੀ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਸਨਾਵਰ ਢਿੱਲੋਂ ਤੇ ਸਤਨਾਮ ਭੰਗ ਦਾ ਦੋਸਤ ਦੱਸਦਿਆਂ ਕਿਹਾ ਕਿ ਨਾ ਤੁਸੀਂ ਬਾਜ਼ ਆਏ ਤੇ ਨਾ ਕੇਸ ਵਾਪਸ ਲਿਆ ਹੈ। ਹੁਣ ਮਾੜੇ ਨਤੀਜੇ ਭੁਗਤਣੇ ਪੈਣਗੇ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।