July 7, 2024 6:56 pm
ਗ੍ਰੰਥ ਸਾਹਿਬ ਦੀ ਬੇਅਦਬੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਚ ਮਿਲੇਗਾ ਇਨਸਾਫ਼: ਰਾਘਵ ਚੱਢਾ

ਚੰਡੀਗੜ੍ਹ 07 ਜੁਲਾਈ 2022: ਪੰਜਾਬ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਹਿਲੇ ਮਾਮਲੇ ‘ਚ ਅੱਜ ਮੋਗਾ ਅਦਾਲਤ ਨੇ ਅੱਜ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਈ ਅਤੇ ਦੋ ਮੁਲਜਮਾਂ ਨੂੰ ਬਰੀ ਕੀਤਾ ਗਿਆ ਹੈ | ਅਦਾਲਤ ਨੇ ਬੇਅਦਬੀ ਦੇ ਇੱਕ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨਾਂ ਮੁਲਜ਼ਮਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸਮਾਲਸਰ ਬੇਅਦਬੀ ਮਾਮਲੇ ਵਿੱਚ ਅੱਜ ਤਿੰਨ ਵਿਅਕਤੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਖੀਰ ਅੱਜ ਅਕਾਲੀ-ਕਾਂਗਰਸ ਦੀ ਦੋਸ਼ੀਆਂ ਨੂੰ ਦਿੱਤੀ ਨਾਪਾਕ ਸਰਪ੍ਰਸਤੀ ਦਾ ਅੰਤ ਹੋ ਗਿਆ ਹੈ ਅਤੇ ਇਨਸਾਫ਼ ਦੀ ਜਿੱਤ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਚ ਹਰ ਕਿਸੇ ਨੂੰ ਇਨਸਾਫ਼ ਮਿਲੇਗਾ।

ਰਾਘਵ ਚੱਢਾ ਨੇ ਅਕਾਲੀ ਦਲ ਅਤੇ ਕਾਂਗਰਸ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਯਤਨਾਂ ਸਦਕਾ ਬਹਿਬਲ ਕਲਾਂ ਕਾਂਡ ਕੇਸ ‘ਚ ਕੋਰਟ ਦੇ ਅਹਿਮ ਫੈਸਲੇ ਤੋਂ ਬਾਅਦ, ਉਹਨਾਂ ਦੀ ਸਰਕਾਰ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹ ਜਾਣਾ ਯਕੀਨੀ ਬਣਾਇਆ ਹੈ। ਉਹਨਾਂ ਪੁੱਛਿਆ ਕਿ ਕੀ ਅਪਵਿੱਤਰ ਅਕਾਲੀ-ਕਾਂਗਰਸ ਗਠਜੋੜ ਵੀ ਅਜਿਹੀ ਕਿਸੇ ਕਾਰਵਾਈ ਦਾ ਦਾਅਵਾ ਕਰ ਸਕਦਾ ਹੈ, ਜਿਥੇ ਉਹਨਾਂ ਸਿੱਖ ਸੰਗਤ ਨੂੰ ਇਨਸਾਫ਼ ਦਿਵਾਉਣ ਲਈ ਕੋਈ ਕਦਮ ਚੁੱਕਿਆ ਹੋਏ?

ਚੱਢਾ ਨੇ ਕਿਹਾ ਕਿ ਬੇਅਦਬੀ ਦੀ ਘਟਨਾਵਾਂ ਅਕਾਲੀਆਂ ਦੀ ਸਰਕਾਰ ਦੌਰਾਨ ਵਾਪਰੀਆਂ। ਕਾਂਗਰਸ ਨੇ ਵੀ ਦੋਸ਼ੀਆਂ ਨੂੰ ਬਚਾਇਆ। ਹੁਣ ‘ਆਪ’ ਸਰਕਾਰ ਵਿੱਚ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੇਅਦਬੀ ਅਤੇ ਗੋਲੀ ਕਾਂਡ ਦਾ ਇੱਕ ਵੀ ਦੋਸ਼ੀ ਅਤੇ ਸਾਜ਼ਿਸ਼ਕਰਤਾ ਬਖਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਮੋਗਾ ਜ਼ਿਲ੍ਹੇ ਦੇ ਸਮਾਲਸਰ ਦੇ ਪਿੰਡ ਮੱਲਕੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ। ਚੱਢਾ ਨੇ ਕਿਹਾ ਕਿ ਅੱਜ ਅਦਾਲਤ ਵਿੱਚ ਇਨਸਾਫ਼ ਦੀ ਜਿੱਤ ਹੋਈ ਹੈ। ਬੇਅਦਬੀ ਦੇ ਦੋਸ਼ੀ ਹੁਣ ਜੇਲ੍ਹ ਜਾਣਗੇ। ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਲੋਕ ਖੁਦ ਹੀ ਉਨ੍ਹਾਂ ਸਿਆਸੀ ਸ਼ਖ਼ਸੀਅਤਾਂ ਨੂੰ ਸਜ਼ਾ ਦੇਣਗੇ ਜਿਨ੍ਹਾਂ ਨੇ ਬੇਈਮਾਨੀ ਦਾ ਕੰਮ ਕੀਤਾ ਹੈ।