Site icon TheUnmute.com

ਮਣੀਪੁਰ ਹਿੰਸਾ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ: ਅਮਿਤ ਸ਼ਾਹ

Manipur

ਚੰਡੀਗੜ੍ਹ, 01 ਜੂਨ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਣੀਪੁਰ (Manipur) ਦੌਰੇ ‘ਤੇ ਹਨ। ਇਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਮਣੀਪੁਰ ਹਿੰਸਾ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਿੰਸਾ ਦੀਆਂ ਛੇ ਘਟਨਾਵਾਂ ਦੀ ਵੀ ਸੀਬੀਆਈ ਜਾਂਚ ਕਰੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਜਾਂਚ ਦੀ ਅਗਵਾਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਕਰਨਗੇ। ਅਮਿਤ ਸ਼ਾਹ ਨੇ ਪੀੜਤਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਜਿਸ ਵਿੱਚੋਂ 5 ਲੱਖ ਕੇਂਦਰ ਸਰਕਾਰ ਅਤੇ 5 ਲੱਖ ਸੂਬਾ ਸਰਕਾਰ ਦੇਵੇਗੀ।

ਗ੍ਰਹਿ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਹਥਿਆਰ ਹਨ, ਉਹ ਪੁਲਿਸ ਕੋਲ ਜਮ੍ਹਾਂ ਕਰਵਾਉਣ। ਪੁਲਿਸ ਭਲਕੇ ਤੋਂ ਕੌਮਬਿੰਗ ਸ਼ੁਰੂ ਕਰੇਗੀ ਅਤੇ ਕੌਮਬਿੰਗ ਦੌਰਾਨ ਜਿਨ੍ਹਾਂ ਕੋਲ ਹਥਿਆਰ ਮਿਲਿਆ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਰਾਜਪਾਲ ਦੀ ਪ੍ਰਧਾਨਗੀ ਹੇਠ ਇੱਕ ਸ਼ਾਂਤੀ ਕਮੇਟੀ ਵੀ ਬਣਾਈ ਜਾਵੇਗੀ, ਜਿਸ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਹੋਣਗੇ।

ਗ੍ਰਹਿ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਸੰਯੁਕਤ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਮੰਤਰਾਲਿਆਂ ਦੇ ਅਧਿਕਾਰੀ ਵੀ ਮਣੀਪੁਰ (Manipur) ਪਹੁੰਚ ਕੇ ਲੋਕਾਂ ਦੀ ਮਦਦ ਕਰਨਗੇ। ਕੇਂਦਰ ਸਰਕਾਰ 20 ਡਾਕਟਰਾਂ ਸਮੇਤ ਮੈਡੀਕਲ ਮਾਹਰਾਂ ਦੀਆਂ ਅੱਠ ਟੀਮਾਂ ਵੀ ਮਣੀਪੁਰ ਭੇਜੇਗੀ। ਇਹ ਟੀਮਾਂ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮੱਦਦ ਕਰਨਗੀਆਂ। ਪੰਜ ਟੀਮਾਂ ਮਨੀਪੁਰ ਪਹੁੰਚ ਚੁੱਕੀਆਂ ਹਨ ਅਤੇ ਤਿੰਨ ਹੋਰ ਜਲਦੀ ਹੀ ਪਹੁੰਚ ਜਾਣਗੀਆਂ। ਸਕੂਲਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਚਲਾਉਣ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰੀਖਿਆਵਾਂ ਵੀ ਯੋਜਨਾ ਅਨੁਸਾਰ ਹੀ ਹੋਣਗੀਆਂ।

Exit mobile version