ਹਰਪ੍ਰੀਤ ਸਿੰਘ ਕਾਹਲੋਂ
Sr. Executive Editor
The Unmute
ਅੰਬਰਦੀਪ ਸਿੰਘ ਆਪਣੀ ਹੁਣ ਤੱਕ ਦੀ ਸਭ ਤੋਂ ਬੇਹਤਰੀਨ ਬੁਣਤ ਨਾਲ ਪਰਦਾਪੇਸ਼ ਹੋਇਆ ਹੈ।ਕਹਾਣੀ,ਮਾਹੌਲ,ਸੰਵਾਦ ਅਤੇ ਸਭ ਦੀ ਇਕਸੁਰਤਾ ਨੂੰ ਵੇਖਦਿਆਂ ਫਿਲਮ ਜੋੜੀ ਤੁਹਾਨੂੰ ਆਪਣੇ ਨਾਲ ਤੋਰਦੀ ਹੈ ਅਤੇ ਅੰਤ ਸੁੰਨ ਕਰਦੀ ਹੈ।ਇਹ ਸੁੰਨ ਪੂਰੀ ਫਿਲਮ ਵਿੱਚ ਨਹੀਂ ਹੈ।ਇਹ ਸਿਰਫ ਅੰਤ ਖਤਮ ਹੁੰਦਿਆਂ ਸਿਨੇਮਾ ਤੋਂ ਬਾਹਰ ਆ ਮਹਿਸੂਸ ਹੁੰਦੀ ਹੈ।ਕਿਸੇ ਵੀ ਹਦਾਇਤਕਾਰ ਦਾ ਇਹ ਹਾਸਲ ਸਭ ਤੋਂ ਕਮਾਲ ਹੁੰਦਾ ਹੈ ਜਦੋਂ ਵੇਖਣ ਵਾਲੇ ਨੂੰ ਕਹਾਣੀ ਦਾ ਅੰਤ ਪਹਿਲਾਂ ਹੀ ਪਤਾ ਹੋਵੇ ਅਤੇ ਫਿਰ ਵੀ ਫਿਲਮ ਵਿਚਲੀ ਕਹਾਣੀ ਨਾਲ ਵਹਿੰਦਾ ਜਾਵੇ।
ਇਸ ਤੋਂ ਪਹਿਲਾਂ ਵੀ ਮੈਂ ਇਹ ਗੱਲ ਕਈ ਵਾਰ ਕਹਿ ਚੁੱਕਾ ਹਾਂ ਕਿ ਅੰਬਰਦੀਪ ਸਿੰਘ ਦੀਆਂ ਫਿਲਮਾਂ ਨੂੰ ਬਕਾਇਦਾ ਮਿੱਥਕੇ ਵੇਖਣ ਦੀ ਲੋੜ ਹੈ।ਉਹ ਅੰਗਰੇਜ਼ ਨੂੰ ਲਿਖਦਿਆਂ ਪੰਜਾਬੀ ‘ਚ ਇੱਕ ਸ਼ੈਲੀ ਨੂੰ ਉਭਾਰਦਾ ਹੈ ਜਿਸ ਰਾਹੀਂ ਪੰਜਾਬੀ ਸਿਨੇਮਾ ਵਿੱਚ ਅਣਗਿਣਤ ਫਿਲਮਾਂ ਨੇ ਉਸ ਸ਼ੈਲੀ ਦਾ ਦੁਹਰਾਓ ਕੀਤਾ ਹੈ।ਅੰਬਰਦੀਪ ਸਿੰਘ ਨਾਲ ਕੰਮ ਕਰਦੇ ਜਾਣਦੇ ਹਨ ਕਿ ਉਹਦੀ ਇੱਕ ਸਭ ਤੋਂ ਵੱਡੀ ਘਾਟ ਹੈ ਕਿ ਉਹ ਸ਼ੂਟਿੰਗ ਦੌਰਾਨ ਅਨੁਸ਼ਾਸ਼ਨ ਦਾ ਪਾਬੰਧ ਨਹੀਂ ਹੈ।ਉਹਦੇ ਇਸ ਢੰਗ ਤੋਂ ਕਈ ਵਾਰ ਕਲਾਕਾਰ ਅਸਹਿਜ ਵੀ ਹੁੰਦੇ ਹਨ।
ਖੁੱਲ੍ਹਾ ਸਕ੍ਰੀਨਪਲੇ ਲੈਕੇ ਫਿਲਮ ਬਣਾਉਣ ਦਾ ਇਹੋ ਢੰਗ ਬਾਲੀਵੁੱਡ ਵਿੱਚ ਅਨੁਰਾਗ ਬਾਸੂ ਦਾ ਵੀ ਹੈ।ਹੁਣ ਇਹ ਉਹਦੀ ਘਾਟ ਹੈ ਜਾਂ ਖੂਬੀ ਪਰ ਅੰਬਰਦੀਪ ਦੀ ਇਹ ਸ਼ੈਲੀ ਉਹਦੀ ਬਣਾਈ ਫਿਲਮ ਨੂੰ ਉਹਦੀ ਮੂਲ ਬੁਣਤ ਬਣਾਉਂਦੀ ਹੈ।ਇਸ ਤੋਂ ਇਲਾਵਾ ਜੋ ਫਿਲਮ ਜੋੜੀ ਤੱਕ ਆਉਂਦੇ ਮੈਨੂੰ ਜਾਪਿਆ ਉਹ ਹੈ ਕਿ ਉਹਦੀਆਂ ਇਸ ਤੋਂ ਪਹਿਲਾਂ ਦੀਆਂ ਫਿਲਮਾਂ ਆਪਣੀ ਸ਼ੁਰੂਆਤ ਤੋਂ ਅੰਤ ਤੱਕ ਬੇਹੱਦ ਖੂਬਸੂਰਤ ਲੈਅ ਅਤੇ ਸਹਿਜ ਨਾਲ ਚੱਲਦੀਆਂ ਹਨ ਪਰ ਅੰਤ ਸਮੇਟਨ ਦੀ ਕਾਹਲ ਬਹੁਤੀਆਂ ਫਿਲਮਾਂ ਵਿੱਚ ਵਿਖਦੀ ਹੈ।
ਇਹ ਅੰਗਰੇਜ਼ ਫਿਲਮ ਵਿੱਚ ਵੀ ਸੀ।ਅੰਤ ਤੋਂ ਪਹਿਲਾਂ ਗਾਣਿਆਂ ਦਾ ਜਿਵੇਂ ਭੜੌਲਾ ਖਾਲੀ ਕਰਨ ਦੇ ਮਕਸਦ ਨਾਲ ਥੌੜ੍ਹੇ ਥੌੜ੍ਹੇ ਵਕਫੇ ‘ਤੇ ਗੀਤ ਅਤੇ ਗੀਤਾਂ ਵਿੱਚ ਗੀਤਕਾਰਾਂ ਦਾ ਨਾਮ ਤੱਕ ਸ਼ਾਮਲ ਸੀ।ਫਿਲਮ ਲਹੌਰੀਏ ਹੋਵੇ ਜਾਂ ਭੱਜੋ ਵੀਰੋ ਵੇ ਜਾਂ ਕੋਈ ਵੀ ਹੋਰ ਅੰਤ ਸਦਾ ਸ਼ੁਰੂਆਤ ਦੀ ਸਹਿਜ ਚਾਲ ਨੂੰ ਤੋੜਦਿਆਂ ਕਾਹਲ ਦਾ ਹੀ ਹੁੰਦਾ ਸੀ।ਫਿਲਮ ਜੋੜੀ ਵਿੱਚ ਅੰਤ ਹੀ ਫਿਲਮ ਦਾ ਅਸਲ ਸਿਖਰ ਹੈ।
ਅੰਬਰਦੀਪ ਸਿੰਘ ਦੀ ਇਹ ਕੋਈ ਪਹਿਲੀ ਸੰਗੀਤ ਖੇਤਰ ਨੂੰ ਅਧਾਰ ਬਣਾਕੇ ਪੇਸ਼ ਕੀਤੀ ਫਿਲਮ ਨਹੀਂ ਹੈ।ਇਸ ਤੋਂ ਪਹਿਲਾਂ ਲੌਂਗ ਲਾਚੀ ਫਿਲਮ ਵੀ ਹੈ।ਲੌਂਗ ਲਾਚੀ ਆਪਣੇ ਗੀਤਾਂ ਕਰਕੇ ਜਾਣੀ ਗਈ ਫਿਲਮ ਹੈ ਪਰ ਹਦਾਇਤਕਾਰ ਦੀ ਬੁਣਤ ਵਜੋਂ ਦੋਵਾਂ ਫਿਲਮਾਂ ਨੂੰ ਵੇਖਦਿਆਂ ਤੁਸੀਂ ਸਮਝ ਸਕਦੇ ਹੋ ਕਿ ਇਹ ਫਿਲਮ ਬਤੌਰ ਹਦਾਇਤਕਾਰ ਅੰਬਰਦੀਪ ਸਿੰਘ ਜੋ ਪੇਸ਼ ਕਰ ਗਿਆ ਹੈ ਉਹ ਯਾਦ ਕੀਤਾ ਜਾਵੇਗਾ।ਇਹ ਫਿਲਮ ਇਸ ਕਰਕੇ ਵੀ ਖਾਸ ਹੈ ਕਿਉਂ ਕਿ ਅਗਲੀ ਫਿਲਮ ਮਰਹੂਮ ਅਮਰ ਸਿੰਘ ਚਲਕੀਲਾ ਦੀ ਜ਼ਿੰਦਗੀ ‘ਤੇ ਇਮਤਿਆਜ਼ ਅਲੀ ਦੀ ਬਣਾਈ ਚਮਕੀਲਾ ਵੀ ਆਉਣ ਵਾਲੀ ਹੈ।
ਇਸ ਫਿਲਮ ਦੀ ਫਿਲਹਾਲ ਸੰਭਾਵਨਾ ਹੈ ਕਿ ਇਹ ਓਟੀਟੀ ਮੰਚ ਨੈੱਟਫਲਿਕਸ ‘ਤੇ ਆਵੇਗੀ।ਦੋਵੇਂ ਫਿਲਮਾਂ ਵਿੱਚ ਦਿਲਜੀਤ ਹੀ ਭੂਮਿਕਾ ਵਿੱਚ ਹੈ।ਫਿਲਮ ਚਮਕੀਲਾ ਆਉਣ ‘ਤੇ ਜੋੜੀ ਨਾਲ ਦਰਸ਼ਕ ਤੁਲਨਾ ਵੀ ਕਰੇਗਾ ਅਤੇ ਪੜਚੋਲ ਵੀ ਕਰੇਗਾ।ਮੇਰਾ ਮੰਨਣਾ ਹੈ ਕਿ ਦੋਵਾਂ ਫਿਲਮਾਂ ਨੂੰ ਆਪੋ ਆਪਣੀ ਥਾਂਵੇ ਵੇਖਿਆ ਜਾਵੇ ਪਰ ਜੋੜੀ ਫਿਲਮ ਕਹਾਣੀ ਅਤੇ ਕਹਾਣੀ ਦੇ ਸਮੇਂ,ਸਥਾਨ,ਕਿਰਦਾਰ,ਜ਼ੁਬਾਨ ਅਤੇ ਬੁਣਤ ਕਰਕੇ ਲੰਮੇ ਸਮੇਂ ਤੱਕ ਯਾਦ ਰੱਖਣ ਵਾਲੀ ਫਿਲਮ ਹੈ।ਇਹ ਮੇਰਾ ਨਜ਼ਰੀਆ ਹੈ ਕਿ ਜੋੜੀ ਦੀ ਅਦਾਕਾਰਾ ਨਿਮਰਤ ਖਹਿਰਾ ਅਤੇ ਚਮਕੀਲਾ ਦੀ ਪਰਣੀਤੀ ਦੀ ਤੁਲਨਾ ਵਿੱਚ ਨਿਮਰਤ ਵਧੇਰੇ ਯਾਦਗਾਰ ਰਹੇਗੀ।ਨਿਮਰਤ ਦੀ ਅਦਾਕਾਰੀ ਦਾ ਅੰਦਾਜ ਭੋਲਾ ਹੈ ਅਤੇ ਇਹੋ ਉਹਦੀ ਖੂਬੀ ਹੈ।ਪਰਣੀਤੀ ਦੀ ਅਦਾਕਾਰੀ ‘ਚ ਸਮਰਪਣ ਮਹਿਸੂਸ ਨਹੀਂ ਹੁੰਦਾ।
ਫਿਲਮ ਜੋੜੀ ਅਤੇ ਇਸ ਤੋਂ ਪਹਿਲਾਂ ਆਈ ਫਿਲਮ ਬਾਜਰੇ ਦਾ ਸਿੱਟਾ ਦੋਵੇਂ ਫਿਲਮਾਂ ਸਾਨੂੰ ਪੰਜਾਬੀ ਸੰਗੀਤ ਖੇਤਰ ਦੇ ਤਵਾ ਰਿਕਾਰਡ ਤੋਂ ਕੈਸੇਟ ਇੰਡਸਟਰੀ ਵਿਚਕਾਰ ਦੀ ਕਹਾਣੀਆਂ ਨਾਲ ਰੂਬਰੂ ਕਰਵਾਉਂਦੀਆਂ ਹਨ।ਪੰਜਾਬੀ ਸਿਨੇਮਾ ਵਿੱਚ ਇਹ ਕਹਾਣੀਆਂ ਪੰਜਾਬ ਦੀ ਕਹਾਣੀਆਂ ਦੀ ਬੁਣਤ ਪੇਸ਼ ਕਰਦੀਆਂ ਇਸ ਸਿਨੇਮਾ ਦੀ ਤੈਅਸ਼ੁੱਦਾ ਲੀਕ ਤੋਂ ਵੱਖਰੀਆਂ ਪੇਸ਼ ਹੁੰਦੀਆਂ ਹਨ।ਜੋੜੀ ਫਿਲਮ ਇਸ ਕਰਕੇ ਵੀ ਖਾਸ ਹੈ ਕਿ ਇਹਨੂੰ ਪੰਜਾਬ ਦੇ ਘਰ,ਬੰਦਿਆਂ,ਬਜ਼ਾਰਾਂ ਦੇ ਰੰਗ ਢੰਗ ਦੀ ਬਾਰੀਕੀ ਤੋਂ ਵੀ ਵੇਖੋ ਕਿ ਬਤੌਰ ਆਰਟ ਡਾਇਰੈਕਟਰ ਇਹਦਾ ਕੰਮ ਕਰਨ ਵਾਲੇ ਨੇ ਕਿੰਨੀ ਬਾਰੀਕੀ ਨਾਲ ਇਸ ਨੂੰ ਬੁਣਿਆ ਹੈ।
ਜੋੜੀ ਜੇ ਸੰਗੀਤ ਖੇਤਰ ਦੀ ਫਿਲਮ ਹੈ ਤਾਂ ਇਹਦੇ ਗੀਤਾਂ ਦੀ ਇਮਾਨਦਾਰੀ ਇਸ ਕਹਾਣੀ ਦੇ ਅਸਲ ਸੂਤਰਧਾਰ ਹਨ। ਰਾਜ ਰਣਜੋਧ,ਹੈਪੀ ਰਾਏਕੋਟੀ ਅਤੇ ਹਰਮਨਜੀਤ ਸਿੰਘ ਨੇ ਫਿਲਮ ਦੇ ਗੀਤਾਂ ਨੂੰ ਫਿਲਮ ਦਾ ਮੂਲ ਕਥਾਨਕ ਹੀ ਬਣਾ ਦਿੱਤਾ ਹੈ।ਮੇਰੀ ਕਲਮ ਨਾ ਬੋਲੇ ਹੈਪੀ ਰਾਏਕੋਟੀ ਦਾ ਗੀਤ,ਹਰਮਨਜੀਤ ਸਿੰਘ ਦਾ ਜਿੰਦੇ,ਰਾਜ ਰਣਜੋਧ ਦਾ ਜੋੜੀ ਤੇਰੀ ਮੇਰੀ ਅਤੇ ਬਾਕੀ ਗੀਤ ਫਿਲਮ ਦੇ ਪਾਤਰ ਸਿਤਾਰੇ ਅਤੇ ਕਮਲਜੋਤ ਜਿਹੇ ਕਿਰਦਾਰਾਂ ਦਾ ਉਹ ਢਾਂਚਾ ਜਾ ਬਣੇ ਹਨ ਜਿਸ ਨਾਲ ਇਹ ਕਹਾਣੀ ਦਰਸ਼ਕਾਂ ਦੇ ਮਨਾਂ ਵਿੱਚ ਉੱਤਰਦੀ ਹੈ।
ਅੰਬਰਦੀਪ ਸਿੰਘ ਨੇ ਇਸ ਫਿਲਮ ਨੂੰ ਬਣਾਉਣ ਵੇਲੇ ਕਲਾਕਾਰ ਦੀ ਜ਼ਿੰਦਗੀ,ਮਾਹੌਲ ਨੂੰ ਅਤੇ ਇਸ ਖੇਤਰ ਦੀਆਂ ਬਾਰੀਕੀਆਂ ਨੂੰ ਨਿੱਕੇ ਨਿੱਕੇ ਵਿਸਥਾਰਾਂ ਨਾਲ ਪੂਰਾ ਕੀਤਾ ਹੈ।ਉਹਦੀ ਇਹ ਈਮਾਨਦਾਰੀ ਵੀ ਹੈ ਕਿ ਉਹ ਇਸ ਕਹਾਣੀ ਨੂੰ ਪੰਜਾਬ ਦੇ ਏਲਵਿਸ ਕਹੇ ਜਾਂਦੇ ਅਮਰ ਸਿੰਘ ਚਮਕੀਲਾ ਤੋਂ ਪ੍ਰੇਰਿਤ ਹੋਕੇ ਵੀ ਕਲਾਕਾਰਾਂ ਦੇ ਕਤਲ ਦੀ ਅਣਸੁਲਝੀ ਗੁੱਥੀ ਨੂੰ ਕੋਈ ਚਿਹਰਾ ਮੋਹਰਾ ਨਹੀਂ ਦਿੰਦਾ।ਪੰਜਾਬ ‘ਚ ਜਿਹੋ ਜਹੀ ਅਣਸੁਲਝੀ ਕਹਾਣੀ ਹੈ ਉਹੋ ਜਿਹੀ ਉਹਨੇ ਰਹਿਣ ਦਿੱਤੀ ਹੈ ਬਿਨਾਂ ਕੋਈ ਫੈਸਲਾ ਸੁਣਾਏ।ਸਿਨੇਮਾ ਨੇ ਆਪਣੀ ਕਹਾਣੀ ਇੰਝ ਵੀ ਕਹਿਣੀ ਹੁੰਦੀ ਹੈ।
ਰਿਦਮ ਬੁਆਏ ਨੇ ਲਗਾਤਾਰ ਇਹ ਬਤੌਰ ਪ੍ਰੋਡਕਸ਼ਨ ਹਾਊਸ ਕਹਾਣੀਆਂ ਦੀ ਵੰਨ ਸੁਵੰਨਤਾ ਅਤੇ ਵੰਨਗੀ ਤੋਂ ਅੰਨੀ ਦਿਆ ਮਜ਼ਾਕ ਤੋਂ ਬਾਅਦ ਇਹ ਫਿਲਮ ਦਿੱਤੀ ਹੈ।ਬਤੌਰ ਨਿਰਮਾਤਾ ਉਹ ਐਮੀ ਵਿਰਕ ਅਤੇ ਦਿਲਜੀਤ ਵਰਗੇ ਅਦਾਕਾਰਾਂ ਨਾਲ ਕੰਮ ਕਰ ਰਹੇ ਹਨ।ਅਗਲੀ ਫਿਲਮ ਜਿਓਣਾ ਮੌੜ ਉਹ ਹਦਾਇਤਕਾਰ ਜਤਿੰਦਰ ਮੌਹਰ ਨਾਲ ਕਰ ਰਹੇ ਹਨ।ਇਹ ਫਿਲਮ ਦੇ ਸਫਲ ਅਸਫਲ ਦੇ ਮਾਪਦੰਡ ਤੋਂ ਪਰਾਂ ਬਤੌਰ ਪ੍ਰੋਡਕਸ਼ਨ ਹਾਊਸ ਵੇਖਣ ਵਾਲੀ ਗੱਲ ਹੈ।
ਫਿਲਮ ਜੋੜੀ ਦਿਲਜੀਤ ਦੀ ਵੀ ਯਾਦਗਾਰ ਫਿਲਮ ਹੈ।ਦਿਲਜੀਤ ਨੇ ਆਪਣੀ ਅਦਾਕਾਰੀ ‘ਚ ਜੱਟ ਐਂਡ ਜੂਲੀਅਟ ਨੁੰਮਾ ਖਾਕੇ ਨੂੰ ਤੋੜਦਿਆਂ ਨਿਰੰਤਰ ਜਦੋਂ ਮੌਕਾ ਮਿਿਲਆ ਆਪਣੇ ਕੰਮ ਦੀ ਗੁਣਵੱਤਾ ਨੂੰ ਪੇਸ਼ ਕੀਤਾ ਹੈ।ਪੰਜਾਬ ਹਾਸਰਸ ਤੋਂ ਇਲਾਵਾ ਆਪਣੇ ਅਤੀਤ ਅਤੇ ਵਰਤਮਾਨ ਦੇ ਹਲਾਤ ਨਾਲ ਅਣਗਿਣਤ ਕਹਾਣੀਆਂ ਨਾਲ ਭਰਿਆ ਹੈ।ਇਹਨਾਂ ਕਹਾਣੀ ਨੂੰ ਬੁਣਨਾ ਜ਼ਰੂਰੀ ਹੈ।ਪੰਜਾਬ ਆਪਣੀ ਜ਼ਮੀਨ ਤੋਂ ਬਹੁਤ ਉਪਜਾਊ ਹੈ।
ਇੱਥੇ ਹਰ ਸਮੇਂ ਵਿੱਚ ਨਵੀਂ ਕਹਾਣੀ ਬਣੀ ਹੈ।ਫਿਰ ਹੁਣ ਇਹਨਾਂ ਬਣੀਆਂ ਕਹਾਣੀਆਂ ਦੀ ਬੁਣਤ ਕਰਨੀ ਹੀ ਚਾਹੀਦੀ ਹੈ।ਹਰ ਸਿਨੇਮਾ ਖੇਤਰ ਦੀ ਆਪਣੀ ਖੂਬੀ ਹੈ।ਸਾਨੂੰ ਦੱਖਣ ਜਾਂ ਕਿਸੇ ਹੋਰ ਸਿਨੇਮਾ ਦੀ ਰੀਸ ਕਰਨ ਦੀ ਲੋੜ ਨਹੀਂ ਹੈ।ਭਾਂਵੇ ਅਜਿਹੀ ਮਿਸਾਲਾਂ ਚੌਣਵੀਆਂ ਹੀ ਹਨ ਪਰ ਹਦਾਇਤਕਾਰ ਅਤੇ ਕਥਾਕਾਰ ਦੀਆਂ ਅਜਿਹੀਆਂ ਕਹਾਣੀਆਂ ਦੀ ਘਾੜਤ ਇਹ ਇਸ਼ਾਰਾ ਤਾਂ ਕਰਦੀ ਹੈ ਕਿ ਸਿਨੇਮਾ ਅਖੀਰ ਕਹਾਣੀ ਕਹਿਣ ਵਿੱਚ ਹੀ ਹੈ।