Site icon TheUnmute.com

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸੇਵਾ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਪੰਥਕ ਸਖ਼ਸ਼ੀਅਤਾਂ ਨੇ ਕੀਤੀ ਸ਼ਮੂਲੀਅਤ

ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 22 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਸੇਵਾ ਸੰਭਾਲ ਸਮਾਗਮ ਹੋਇਆ | ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਰੱਖਿਆ ਗਿਆ |

ਜਿਸ ਵਿਚ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਣੇ ਪੰਥਕ ਆਗੂ, ਸੰਤ-ਮਹਾਪੁਰਸ਼ ਤੇ ਸੰਗਤਾਂ ਸ਼ਾਮਲ ਹੋਈਆਂ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਵਿਧਾਨ ਸਭਾ ਦੇ ਵੇਲੇ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਮ੍ਰਿਤਧਾਰੀ ਸਿੱਖ ਦੇ ਦਾੜ੍ਹੀ ਬਾਰੇ ਸ਼ਬਦਾਵਲੀ ਵਰਤੀ ਗਈ ਹੈ, ਉਹ ਅਤੀ ਨਿੰਦਣ ਯੋਗ ਹੈ |

ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜੀ ਗਈ ਸੀ ਅਤੇ ਇੱਕਜੁੱਟ ਹੋਣ ਦੀ ਗੱਲ ਕੀਤੀ ਗਈ ਸੀ ਅਸੀਂ ਉਸ ਦਾ ਸਵਾਗਤ ਕਰਦੇ ਹਾਂ | ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਸਰਕਾਰ ਵੱਲੋਂ ਐਸਜੀਪੀਸੀ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਐਸਜੀਪੀਸੀ ਬੜੀ ਹੀ ਕੁਰਬਾਨੀਆਂ ਦੇ ਨਾਲ ਮਿਲੀ ਹੈ ਅਤੇ ਸਾਨੂੰ ਐਸਜੀਪੀਸੀ ਨੂੰ ਬਚਾਉਣ ਦੀ ਲੋੜ ਹੈ |

ਬੰਦੀ ਸਿੰਘਾਂ ਬਾਰੇ ਬੋਲਦੇ ਹੋਏ ਉਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਵਿੱਚ ਵੀ ਮੋਰਚਾ ਲੱਗਾ ਹੋਇਆ ਹੈ ਤੇ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਇਸ ਘਾਣ ਨੂੰ ਰੋਕਿਆ ਜਾਵੇ |

Exit mobile version