Site icon TheUnmute.com

ਜਸ਼ਨਦੀਪ ਕੌਰ ਦੀ ਮੌਤ ਦਾ ਮਾਮਲਾ: ਪੰਜਾਬੀ ਯੂਨੀਵਰਸਿਟੀ ਵੱਲੋਂ ਜੱਜ ਦੀ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਅੱਗੇ ਤੁਰੀ

Punjabi University

ਪਟਿਆਲਾ, 28 ਅਕਤੂਬਰ 2023: ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੰਦਭਾਗੀ ਮੌਤ ਦੀ ਘਟਨਾ ਉਪਰੰਤ ਯੂਨੀਵਰਸਿਟੀ ਵੱਲੋਂ ਘਟਨਾ ਦੀ ਜਾਂਚ ਲਈ ਮਾਣਯੋਗ ਜੱਜ ਜਸਵਿੰਦਰ ਸਿੰਘ ਨੂੰ 21 ਦਿਨ ਵਿੱਚ ਜਾਂਚ ਮੁਕੰਮਲ ਕਰਨ ਦੀ ਬੇਨਤੀ ਕੀਤੀ ਗਈ ਸੀ। ਜਾਂਚ ਵਿੱਚ ਡਾ. ਹਰਸ਼ਿੰਦਰ ਕੌਰ ਨੇ ਵੀ ਸਹਾਇਤਾ ਕੀਤੀ ਹੈ । ਜਾਂਚ ਰਿਪੋਰਟ ਆ ਜਾਣ ਦੀ ਸੂਚਨਾ 13 ਅਕਤੂਬਰ ਨੂੰ ਪ੍ਰੈੱਸ ਨੂੰ ਦੇ ਦਿੱਤੀ ਗਈ ਸੀ।

ਇਸ ਦੌਰਾਨ ਜਸ਼ਨਦੀਪ ਦੇ ਪਿਤਾ ਜੀ ਵਾਈਸ ਚਾਂਸਲਰ ਨੂੰ ਮਿਲੇ ਅਤੇ ਵਾਈਸ ਚਾਂਸਲਰ ਨੇ ਜਸ਼ਨਦੀਪ ਦੇ ਭਰਾ ਦੇ ਬਿਨਾਂ ਫੀਸ ਦਾਖ਼ਲਾ ਭਰਨ ਦੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ। ਇਸ ਪੜਤਾਲੀਆ ਰਿਪੋਰਟ ਵਿੱਚ ਜਸ਼ਨਦੀਪ ਕੌਰ ਦੀ ਮੌਤ ਨੂੰ ‘ਬਿਮਾਰੀ ਕਾਰਨ ਹੋਈ’ ਦੱਸਿਆ ਗਿਆ ਹੈ ਅਤੇ ਚਰਚਾ ਵਿੱਚ ਆਏ ਪ੍ਰੋ. ਸੁਰਜੀਤ ਦੇ ਵਿਦਿਆਰਥੀਆਂ ਨਾਲ ਵਿਹਾਰ ਨੂੰ ਅਧਿਆਪਕ ਦੇ ਮਿਆਰ ਤੋਂ ਨੀਵਾਂ ਆਖਿਆ ਗਿਆ ਹੈ। ਸ਼ਿਕਾਇਤਾਂ ਵਿੱਚੋਂ ਹਵਾਲੇ ਦਿੰਦੇ ਹੋਏ ਦਰਜ ਕੀਤਾ ਗਿਆ ਹੈ ਕਿ ਇਹ ਇਲਜ਼ਾਮ ‘ਪੰਜਾਬ ਸਿਵਲ ਸਰਵਿਸ ਰੂਲਜ਼’ ਤਹਿਤ ਸੰਜੀਦਾ ਬਣਦੇ ਹਨ। ਇਸ ਵਿਹਾਰ ਦੀ ਅਧਿਆਪਕ ਤੋਂ ਤਵੱਕੋ ਨਹੀਂ ਕੀਤੀ ਜਾਂਦੀ ਅਤੇ ਇਹ ਨੇਮਾਂ ਦੀ ਉਲੰਘਣਾ ਹੈ।

ਇਸ ਰਿਪੋਰਟ ਦੇ ਅਧਾਰ ਉੱਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੇ ਹੁਕਮਾਂ ਤਹਿਤ ਬਣਦੀ ਅਗਲੇਰੀ ਕਾਰਵਾਈ 13 ਅਕਤੂਬਰ ਤੋਂ ਹੀ ਸ਼ੁਰੂ ਹੋ ਗਈ ਹੈ। ਦੋ ਵੱਖ-ਵੱਖ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਗਈਆਂ ਹਨ, ਇੱਕ ਪਾਸੇ ਰਿਪੋਰਟ ਦੇ ਅਧਾਰ ਉੱਤੇ ਬੁਲਾਉਣ ਉਪਰੰਤ ਪ੍ਰੋ. ਸੁਰਜੀਤ ਯੂਨੀਵਰਸਿਟੀ ਦੇ ‘ਪ੍ਰੀਵੈਨਸ਼ਨ ਆਫ ਸੈਕਸੂਅਲ ਹਰਾਸਮੈਂਟ ਆਫ ਵੋਮੈਨ ਐਟ ਵਰਕ ਪਲੇਸ’ ਸੈੱਲ ਸਾਹਮਣੇ 20 ਅਕਤੂਬਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਪੇਸ਼ ਹੋਏ। ਦੂਜੇ ਪਾਸੇ ਪ੍ਰੋ. ਸੁਰਜੀਤ ਨੂੰ ਯੂਨੀਵਰਸਿਟੀ ਵੱਲੋਂ 20 ਅਕਤੂਬਰ ਨੂੰ ਯੂਨੀਵਰਸਿਟੀ ਨਿਯਮਾਂ ਅਧੀਨ ਚਾਰਜਸ਼ੀਟ ਕਰ ਦਿੱਤਾ ਗਿਆ ਹੈ ਅਤੇ ਆਪਣਾ ਪੱਖ ਪੇਸ਼ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ।

ਇਸ ਦੌਰਾਨ ਉਹ ਆਪਣਾ ਜਵਾਬ ਤਿਆਰ ਕਰਨ ਲਈ ਇਸ ਮਾਮਲੇ ਨਾਲ ਜੁੜੇ ਦਸਤਾਵੇਜ ਰਜਿਸਟਰਾਰ ਦੇ ਦਫ਼ਤਰ ਤੋਂ ਦੇਖ ਸਕਦੇ ਹਨ। ਜੇ ਉਹ ਕਿਸੇ ਇਲਜ਼ਾਮ ਤੋਂ ਇਨਕਾਰ ਕਰਦੇ ਹਨ ਤਾਂ ਉਸ ਨੁਕਤੇ ਨੂੰ ਜਾਂਚ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਜਵਾਬ ਆਉਣ ਉਪਰੰਤ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਯੂਨੀਵਰਸਿਟੀ ਇਸ ਸੰਵੇਦਨਸ਼ੀਲ ਮੁੱਦੇ ਉੱਪਰ ਮਾਮਲੇ ਦੀ ਤਹਿ ਤੱਕ ਜਾ ਕੇ, ਸਮੇਂ ਸਿਰ ਬਣਦੀ ਕਾਰਵਾਈ ਕਰਨ ਲਈ ਵਚਨਬੱਧ ਹੈ।

ਇਸ ਘਟਨਾ ਉਪਰੰਤ ਕੁਝ ਅਨਸਰ ਜਿਨ੍ਹਾਂ ਨੇ ਕਨੂੰਨ ਆਪਣੇ ਹੱਥ ਵਿੱਚ ਲਿਆ ਸੀ, ਵੱਲੋਂ ਫਿਰ ਯੂਨੀਵਰਸਿਟੀ (Punjabi University) ਦੇ ਮਹੌਲ ਨੂੰ ਖ਼ਰਾਬ ਕਰਨ ਲਈ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਇਸ ਮਾਮਲੇ ਬਾਰੇ ਪੱਖਪਾਤ ਅਤੇ ਢਿੱਲਮੱਠ ਕਰ ਰਹੀ ਹੈ। ਐਸੇ ਅਨਸਰਾਂ ਵੱਲੋਂ ਯੂਨੀਵਰਸਿਟੀ ਦਾ ਮਾਹੋਲ ਖ਼ਰਾਬ ਕਰਨ ਅਤੇ ਕਨੂੰਨ ਨੂੰ ਹੱਥ ਵਿੱਚ ਲੈਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਯੂਨੀਵਰਸਿਟੀ ਦਾ ਪੜ੍ਹਨ ਪੜ੍ਹਾਉਣ ਅਤੇ ਖੋਜ ਦਾ ਵਧੀਆ ਬਣਿਆ ਮਹੌਲ ਕਾਇਮ ਰਹੇ।

Exit mobile version