Site icon TheUnmute.com

Nobel Prize: ਜਾਪਾਨ ਦੀ ਨਿਹੋ ਹਿੰਦਾਕਯੋ ਸੰਸਥਾ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

Nobel Peace Prize

ਚੰਡੀਗੜ੍ਹ, 11 ਅਕਤੂਬਰ 2024: ਜਾਪਾਨੀ ਸੰਸਥਾ ਨਿਹੋ ਹਿੰਦਾਕਯੋ (Nihon Hidankyo) ਨੂੰ ਸਾਲ 2024 ਲਈ ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਨਾਲ ਨਵਾਜਿਆ ਗਿਆ ਹੈ | ਸੰਸਥਾ ਨਿਹੋ ਹਿੰਦਕਿਓ ਨੂੰ ਇਹ ਨੋਬਲ ਪੁਰਸਕਾਰ ਪ੍ਰਮਾਣੂ ਹਥਿਆਰਾਂ ਵਿਰੁੱਧ ਮੁਹਿੰਮ ਚਲਾਉਣ ਲਈ ਦਿੱਤਾ ਗਿਆ ਹੈ। ਇਸ ਸੰਸਥਾ ਦਾ ਮੰਨਣਾ ਹੈ ਕਿ ਦੁਨੀਆ ‘ਚ ਪਰਮਾਣੂ ਹਥਿਆਰਾਂ ਦੀ ਵਰਤੋਂ ਦੁਬਾਰਾ ਕਦੇ ਨਹੀਂ ਹੋਣੀ ਚਾਹੀਦੀ।

ਇਹ ਸੰਸਥਾ ਉਨ੍ਹਾਂ ਲੋਕਾਂ ਦੁਆਰਾ ਚਲਾਈ ਜਾਂਦੀ ਹੈ ਜੋ ਦੂਜੇ ਵਿਸ਼ਵ ਯੁੱਧ ‘ਚ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਹੋਏ ਪਰਮਾਣੂ ਹਮਲਿਆਂ ‘ਚ ਬਚ ਗਏ ਸਨ। ਇਨ੍ਹਾਂ ਨੂੰ ਜਾਪਾਨੀ ਭਾਸ਼ਾ ‘ਚ ਹਿਬਾਕੁਸ਼ਾ ਕਿਹਾ ਜਾਂਦਾ ਹੈ। ਹਿਬਾਕੁਸ਼ਾ ਨੇ ਨਿਹੋ ਹਿੰਦਾਕਯੋ ਸੰਸਥਾ ਰਾਹੀਂ ਦੁਨੀਆ ਭਰ ‘ਚ ਆਪਣੇ ਦੁੱਖ ਅਤੇ ਭਿਆਨਕ ਯਾਦਾਂ ਸਾਂਝੀਆਂ ਕੀਤੀਆਂ।

ਨਿਹੋ ਹਿੰਦਾਕਯੋ ਨੂੰ ਇਸ ਸਾਲ ਦਾ ਸ਼ਾਂਤੀ ਪੁਰਸਕਾਰ (Nobel Peace Prize) ਦਿੰਦੇ ਹੋਏ ਨਾਰਵੇ ਦੀ ਨੋਬਲ ਕਮੇਟੀ ਨੇ ਕਿਹਾ ਕਿ ਇੱਕ ਦਿਨ ਪਰਮਾਣੂ ਹਮਲੇ ਦਾ ਸ਼ਿਕਾਰ ਹੋਏ ਇਹ ਲੋਕ ਸਾਡੇ ‘ਚ ਨਹੀਂ ਰਹਿਣਗੇ ਪਰ ਜਾਪਾਨ ਦੀ ਨਵੀਂ ਪੀੜ੍ਹੀ ਦੁਨੀਆ ਨਾਲ ਆਪਣੀਆਂ ਯਾਦਾਂ ਅਤੇ ਤਜ਼ਰਬੇ ਸਾਂਝੇ ਕਰਦੀ ਰਹੇਗੀ। ਇਹ ਨਵੀਂ ਪੀੜ੍ਹੀ ਨੂੰ ਯਾਦ ਦਿਵਾਉਂਦਾ ਰਹੇਗਾ ਕਿ ਦੁਨੀਆ ਲਈ ਪ੍ਰਮਾਣੂ ਹਥਿਆਰ ਕਿੰਨੇ ਖਤਰਨਾਕ ਹਨ। ਇਨ੍ਹਾਂ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ। ਨਾਰਵੇਜਿਅਨ ਨੋਬਲ ਕਮੇਟੀ ਨੇ ਇਸ ਸਾਲ ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਕੁੱਲ 286 ਉਮੀਦਵਾਰਾਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ‘ਚੋਂ 89 ਸੰਸਥਾਵਾਂ ਹਨ।

Exit mobile version