July 7, 2024 1:34 pm
ਜੱਲ੍ਹਿਆਂਵਾਲਾ ਬਾਗ਼

ਜੱਲ੍ਹਿਆਂਵਾਲਾ ਬਾਗ਼ : ਪਿੰਡ ਜੱਲ੍ਹੇ ਦੇ ਜਲ੍ਹਿਆਂਵਾਲਾ ਬਾਗ਼ ਦੀ ਕਹਾਣੀ : ਹਰਪ੍ਰੀਤ ਸਿੰਘ ਕਾਹਲੋਂ

ਜੱਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ..

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਚੰਡੀਗੜ੍ਹ 13 ਅਪ੍ਰੈਲ 2022: ਇਤਿਹਾਸ ਦਾ ਇੱਕ ਜ਼ਿਕਰ ਹੈ ਕਿ ਜਲ੍ਹਿਆਂਵਾਲਾ ਬਾਗ਼ ਪੰਡਿਤ ਜੱਲ੍ਹੇ ਦਾ ਸੀ ਪਰ ਇਤਿਹਾਸ ਦੇ ਸਫ਼ੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਅਤੇ ਬਲਾਕ ਦਾ ਪਿੰਡ ਜੱਲ੍ਹਾ ਅਤੇ ਜੱਲ੍ਹਿਆਂਵਾਲੇ ਬਾਗ਼ ਦਾ ਰਿਸ਼ਤਾ ਖਾਸ ਹੈ। ਫ਼ਤਿਹਗੜ੍ਹ ਸਾਹਿਬ ਤੋਂ ੧੪ ਕਿਲੋਮੀਟਰ ‘ਤੇ ਪੈਂਦਾ ਇਹ ਪਿੰਡ ਸਰਹਿੰਦ-ਭਾਦਸੋਂ ਸੜਕ ‘ਤੇ ਹੈ।

ਇਹ ਪਿੰਡ ਮਹਾਰਾਜਾ ਪਟਿਆਲਾ ਦੇ ਪ੍ਰੋਹਤ ਪੰਡਤ ਜੱਲ੍ਹੇ ਨੇ ਵਸਾਇਆ ਸੀ।੪੫੦ ਸਾਲਾਂ ਪੁਰਾਣੇ ਇਸ ਪਿੰਡ ਦੀ ਜਗੀਰ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ।ਸਰਦਾਰ ਹਿੰਮਤ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਇ ਬੈਂਸ ਜੱਟ ਦਾ ਮੁੰਡਾ ਸੀ ਜਿਹਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ ‘ਤੇ ਕੀਤੀ ਕਾਰਵਾਈ ‘ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ।

ਇਸ ਪਿੰਡ ਤੋਂ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਸਰਦਾਰ ਵੱਜਣ ਲੱਗ ਪਏ।ਇਸ ਪਿੰਡ ‘ਚ ਵੱਸਣ ਵੇਲੇ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ ‘ਚ ਸੇਵਾਵਾਂ ਦੇਣ ਲੱਗ ਪਏ।ਸੰਨ ੧੮੧੨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ ‘ਚ ਸ਼ਾਮਲ ਕਰ ਲਿਆ।ਇਹਨਾਂ ਸੇਵਾਵਾਂ ਬਦਲੇ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ ‘ਤੇ ਪੈਂਦਾ ਹੈ) ਅਤੇ ਅੰਮ੍ਰਿਤਸਰ ਦੇ ਬਾਗ਼ ਵਾਲੀ ਥਾਂ ਇਨਾਮ ਵਜੋਂ ਦਿੱਤੀ।ਇੰਝ ਇਸ ਥਾਂ ‘ਤੇ ਇਹਨਾਂ ਸਰਦਾਰਾਂ ਵੱਲੋਂ ਬਾਗ਼ ਲਵਾਇਆ ਗਿਆ ਜੋ ਜੱਲ੍ਹਿਆਂਵਾਲੇ ਸਰਦਾਰਾਂ ਦਾ ਬਾਗ਼ ਵੱਜਦਾ ਸੀ।

ਸਰਦਾਰ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ ‘ਚ ਵੰਡ ਦਿੱਤੀ ਗਈ। ੧੩ ਅਪ੍ਰੈਲ ੧੯੧੯ ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਸ ਜੱਲ੍ਹਿਆਂਵਾਲੇ ਬਾਗ਼ ਦਾ ਸਿਰਫ ਨਾਮ ਹੀ ਬਾਗ਼ ਸੀ ਪਰ ਇੱਕ ਇਹਨਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇੱਕ ਖ਼ੂਹ ਸੀ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ।

ਪਿੰਡ ਜੱਲ੍ਹੇ ਦੇ ਲੋਕਾਂ ਨੂੰ ਆਪਣੇ ਇਸ ਇਤਿਹਾਸ ਬਾਰੇ ਪੂਰੀ ਤਰ੍ਹਾਂ ਸਾਫ ਸਪੱਸ਼ਟ ਨਹੀਂ ਹੈ।ਪਿੰਡ ਵਾਲਿਆਂ ਮੁਤਾਬਕ ਪਿੰਡ ‘ਚ ਸਰਦਾਰਾਂ ਦੀ ਸਮਾਧਾਂ ਵੀ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਵਿਆਹੇ ਸਨ।ਮਹਾਰਾਜਾ ਰਣਜੀਤ ਦੇ ਵਿਆਹੇ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਜੱਲ੍ਹਿਆਂਵਾਲੇ ਬਾਗ਼ ਦੇ ਸਰਦਾਰ ਇਸ ਪਿੰਡ ਦੇ ਹੀ ਸਨ।ਇਸ ਬਾਰੇ ਬਹੁਤ ਸਾਰੇ ਹਵਾਲੇ ਗਵਾਹੀ ਦਿੰਦੇ ਹਨ।ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (੧੮੯੦) ਮੁਤਾਬਕ ਵੀ ਇਹ ਰਿਕਾਰਡ ਬੋਲਦਾ ਹੈ।

ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼, ਡਾ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਅਤੇ ਪ੍ਰੋ ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (੧੪੬੯-੧੯੭੯) ‘ਚ ਵੀ ਇਹਨਾਂ ਸਰਦਾਰਾਂ ਦਾ ਅਤੇ ਬਾਗ਼ ਦਾ ਇਤਿਹਾਸਕ ਹਵਾਲਾ ਮਿਲਦਾ ਹੈ।ਇਹਨਾਂ ਦਿਨਾਂ ‘ਚ ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ‘ਨਾਜ਼’ ਹੁਣਾਂ ਦੀ ਕਿਤਾਬ ‘ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ, ਕਸਬੇ ਅਤੇ ਪਿੰਡ-ਸੰਖੇਪ ਇਤਿਹਾਸਕ ਜਾਣਕਾਰੀ ‘ਚ ਵੀ ਪਿੰਡ ਜੱਲ੍ਹੇ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਰਿਸ਼ਤੇ ਦੀ ਕਹਾਣੀ ਸਾਹਮਣੇ ਆਉਂਦੀ ਹੈ।

੧੩ ਅਪ੍ਰੈਲ ੧੯੧੯ ਦੇ ਖ਼ੂਨੀ ਸਾਕੇ ਤੋਂ ਬਾਅਦ ਇੱਕ ਯਾਦਗਾਰ ਕਮੇਟੀ ਹੋਂਦ ‘ਚ ਆਈ।ਇਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਮਾਲਵੀਆ ਤੇ ਸਕੱਤਰ ਮੁਕਰਜੀ ਸਨ।ਇਸ ਬਾਗ਼ ਨੂੰ ੧੯੨੩ ‘ਚ ਇਹਦੇ ੩੪ ਮਾਲਕਾਂ ਕੋਲੋਂ ੫ ਲੱਖ ੬੫ ਹਜ਼ਾਰ ਰੁਪਏ ‘ਚ ਖਰੀਦਿਆ ਸੀ।ਹੁਣ ਸਵਾਲ ਵੱਡਾ ਇਹ ਹੈ ਕਿ ੧੦੦ ਸਾਲ ਬਾਅਦ ਇਸ ਬਾਗ਼ ਨੂੰ ਵੇਖਦਿਆਂ ਇਹ ਕਿਤੇ ਸੈਰ ਸਪਾਟਾ ਅਤੇ ਸੈਲਫੀਆਂ ਖਿੱਚਣ ਲਈ ਥਾਂ ਤਾਂ ਨਹੀਂ ਬਣ ਗਈ।ਇਸ ਨੂੰ ਲੈਕੇ ਸਰਕਾਰੀ ਪੱਧਰ ‘ਤੇ ਵੀ ਕੋਈ ਢੁੱਕਵੇਂ ਪ੍ਰੋਗਰਾਮਾਂ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ।ਇਤਿਹਾਸ ਦੇ ਵੱਡੇ ਖ਼ੂਨੀ ਸਾਕੇ ਪ੍ਰਤੀ ਇੰਨੀ ਉਦਾਸੀਨਤਾ ਕਿਉਂ ਹੈ?

੧੦੦ ਸਾਲ-ਇੱਕ ਸਦੀ-ਜਲ੍ਹਿਆਂਵਾਲਾ ਬਾਗ਼-ਸ਼ਹਾਦਤ
(ਜੋ ਤੁਰ ਗਏ ਅਤੇ ਆਪਣੇ ਖ਼ੂਨ ਨਾਲ ਮਿੱਟੀ ਨੂੰ ਸਿੰਝ ਗਏ ਉਹਨਾਂ ਸ਼ਹੀਦਾਂ ਦੇ ਨਾਮ)

ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ
ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ
– ਗ਼ਾਲਿਬ

ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਜੀਹਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ।ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ ‘ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਹਨ।੧੯੧੯ ਦਾ ਅੰਮ੍ਰਿਤਸਰ ਆਪਣੀ ੧੬੦੦੦੦ ਦੀ ਅਬਾਦੀ ਵਾਲਾ ਸ਼ਹਿਰ ਸੀ।ਇਹ ਵੱਡਾ ਸ਼ਹਿਰ ਸੀ ਅਤੇ ਵਪਾਰ ਦਾ ਵੱਡਾ ਕੇਂਦਰ ਸੀ।ਸਿੱਖ, ਮੁਸਲਮਾਨ, ਹਿੰਦੂਆਂ ਦੀ ਅਬਾਦੀ ਸੀ।ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਘਟ ਰਹਿੰਦਾ ਸੀ।ਗੰਗਾ-ਜਮੁਨਾ ਦੀ ਧਰਤੀ ਤੋਂ ਹਿੰਦੂ ਵਪਾਰੀਆਂ ਲਈ ਵੀ ਇਹ ਮੁੱਖ ਕੇਂਦਰ ਸੀ ਅਤੇ ਕਸ਼ਮੀਰੀ ਵਪਾਰੀਆਂ ਦਾ ਇੱਥੇ ਪੂਰੇ ਦਾ ਪੂਰਾ ਵੱਡਾ ਬਜ਼ਾਰ ਸੀ।ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ।ਪਵਿੱਤਰ ਸ਼ਹਿਰ ਅਤੇ ਸਿਜਦੇ ਹੁੰਦੇ ਮਨਾਂ ਦੀ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ।

ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ।ਵਿਸਾਖੀ ਆਉਣ ਵਾਲੀ ਸੀ ਅਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਖੀ ਭੀੜ ਇਕੱਠੀ ਹੋਣ ਲੱਗੀ ਸੀ।ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੀ ਹੁਣ ਘਰਾਂ ਨੂੰ ਨਹੀਂ ਪਰਤਣਗੇ।ਕੋਣ ਜਾਣਦਾ ਸੀ ਕਿ ਕੁਝ ਇੰਝ ਹੋ ਜਾਵੇਗਾ? ੧੩ ਅਪ੍ਰੈਲ, ਕਾਲੀ ਵਿਸਾਖੀ, ਕਾਲਾ ਐਤਵਾਰ ਅਤੇ ਲਹੂ ਨਾਲ ਸਿੰਜਿਆ ਇਤਿਹਾਸ ਜੋ ਅੱਜ ਵੀ ਸਾਨੂੰ ਧੁਰ ਅੰਦਰ ਤੱਕ ਹਿਲਾਉਂਦਾ ਹੈ।ਇਹ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਕਾ ਸੀ।੧੦੦ ਸਾਲ ਬਾਅਦ ਇਹ ਸਮਝਣਾ ਬਣਦਾ ਹੈ ਕਿ ਉਹਨਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ ‘ਚ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਲੈਕੇ ਕੀ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ? ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ।ਉਹਨਾਂ ਦਿਨਾਂ ‘ਚ ਅੰਮ੍ਰਿਤਸਰ ਵਿਸਾਖੀ ਨੂੰ ਇੱਕਠੀਆਂ ਹੋ ਰਹੀਆਂ ਸੰਗਤਾਂ ਵੀ ਸਨ ਅਤੇ ਅਜ਼ਾਦੀ ਦੀ ਭਖ ਰਹੀ ਲੜਾਈ ‘ਚ ਜੁਝਦੇ ਲੋਕ ਵੀ ਸਨ।

ਉਹਨਾਂ ਦਿਨਾਂ ‘ਚ ਪੰਜਾਬ ਦੇ ਹਲਾਤ ਪਹਿਲੀ ਸੰਸਾਰ ਜੰਗ ਨਾਲ ਪ੍ਰਭਾਵਿਤ ਸਨ।ਆਰਥਿਕਤਾ ਅਤੇ ਖੇਤੀਬਾੜੀ, ਲੋਕਾਂ ਦਾ ਸਮਾਜੀ ਜੀਵਨ ਅਤੇ ਕੁਦਰਤੀ ਕਰੋਪੀ ਦਾ ਵੀ ਅਸਰ ਸੀ।ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਅਤੇ ਉਹ ਤੋਂ ਪਹਿਲਾਂ ਪੰਜਾਬ ‘ਚ ਉਹ ਜ਼ਮੀਨ ਕਿਵੇਂ ਤਿਆਰ ਹੋ ਰਹੀ ਸੀ, ਇਸ ਦੇ ਵਿਸਥਾਰ ‘ਚ ਜਾਏ ਬਿਨਾਂ ਅਸੀਂ ੧੦੦ ਸਾਲ ਬਾਅਦ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਸਮਝ ਨਹੀਂ ਸਕਾਂਗੇ।ਇਸ ਦੌਰਾਨ ਇਹ ਜ਼ਰੂਰ ਧਿਆਨ ‘ਚ ਰਹੇ ਕਿ ਅੰਮ੍ਰਿਤਸਰ ਕਦੀ ਵੀ ਫੌਜੀ ਮੱਹਤਤਾ ਵਾਲਾ ਸ਼ਹਿਰ ਨਹੀਂ ਸੀ।ਅੰਗਰੇਜ਼ਾਂ ਦੀ ਵੱਡੀ ਛਾਉਣੀ ਜਲੰਧਰ ਡਿਵੀਜ਼ਨ ‘ਚ ਸੀ ਜਾਂ ਲਾਹੌਰ ਸੀ।ਅੰਮ੍ਰਿਤਸਰ ਸ਼ਹਿਰ ਦੋ ਹਿੱਸਿਆਂ ‘ਚ ਵੰਡਿਆ ਨਗਰ ਸੀ।ਇਹਦੀ ਪੁਰਾਣੀ ਕੰਧ ਦੀ ਘੇਰੇਬੰਦੀ ‘ਚ ਪੁਰਾਤਣ ਸ਼ਹਿਰ ਸੀ।ਜਿਹਦੀਆਂ ਤੰਗ ਗਲੀਆਂ ਅਤੇ ਭੀੜੇ ਬਜ਼ਾਰ ਸਨ।

ਦੂਜਾ ਸ਼ਹਿਰ ਕੰਧ ਤੋਂ ਬਾਹਰ ਦਾ ਬ੍ਰਿਟਿਸ਼ ਛਾਉਣੀ ਸੀ।ਇੱਥੇ ਸਿਰਫ ਨਿੱਕੀ ਕੋਤਵਾਲੀ ਅਤੇ ਨਿੱਕੀ ਬਟਾਲੀਅਨ ਸੀ ਜਿਹਨੂੰ ਗੈਰਸੀਨ ਬਟਾਲੀਅਨ ਕਿਹਾ ਜਾਂਦਾ ਸੀ।ਇਸ ‘ਚ ੧੮੪ ਪੈਦਲ ਫੌਜ ਅਤੇ ੫੫ ਘੋੜਸਵਾਰ ਅਤੇ ਰੋਇਲ ਫੀਲਡ ਆਰਟੀਲਰੀ ਸੀ।ਗੈਰਸਿਨ ਬਟਾਲੀਅਨ ਦੀ ਕਮਾਨ ਕੈਪਟਨ ਮੈਸੀ ਹੱਥ ਸੀ ਅਤੇ ਇਹ ਟੁਕੜੀ ਜਲੰਧਰ ੪੫ ਬ੍ਰਿਗੇਡ ਨੂੰ ਜਵਾਬਦੇਹ ਸੀ।ਖੈਰ ੧੦੦ ਸਾਲ ਬਾਅਦ ਜਲਿਆਂਵਾਲੇ ਬਾਗ ਦਾ ਸਾਕਾ ਇਸ ਦੌਰ ਦੀ ਅਸਹਿਣਸ਼ੀਲਤਾ ਵਿਚਕਾਰ ਦੇਸ਼ ਲਈ ਸ਼ਹਾਦਤ ਪਾਉਣ ਵਾਲੀ ਮਿੱਟੀ ਦੀ ਤਾਸੀਰ ਸਮਝਣ ਦਾ ਵੀ ਸਬੱਬ ਹੈ।ਕਿਉਂ ਕਿ ਜਿਹਨਾਂ ਸਾਡੇ ਲਈ ਸ਼ਹੀਦੀਆਂ ਪਾਈਆਂ ਇਹ ਮਹਿਸੂਸ ਕਰਨ ਦੀ ਵੀ ਲੋੜ ਹੈ ਕਿ ਸਾਕੇ ਤੋਂ ੧੦੦ ਸਾਲ ਬਾਅਦ ਉਹਨਾਂ ਸ਼ਹੀਦਾਂ ਦਾ ਭਾਰਤ ਕਿਹੋ ਜਿਹਾ ਹੈ?