Jallianwala Bagh

ਜੱਲ੍ਹਿਆਂਵਾਲਾ ਬਾਗ਼ : ਅਜ਼ਾਦੀ ਲਈ ਸੰਘਰਸ਼ ਕਰਦਿਆਂ ਬਰਤਾਨੀਆਂ ਲਈ ਵੱਡੀ ਚੁਣੌਤੀ ਰਿਹਾ ਪੰਜਾਬ

ਜੱਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ..

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਉਹਨਾਂ ਦਿਨਾਂ ਦਾ ਅਫ਼ਸਾਨਾ…ਪੰਜਾਬ 1914-1919

ਚੰਡੀਗੜ੍ਹ 13 ਅਪ੍ਰੈਲ 2022: (ੳ) ਪਹਿਲੀ ਸੰਸਾਰ ਜੰਗ : ਬਾਰੂਦਾਂ ਦੇ ਢੇਰ ‘ਤੇ ਖੜ੍ਹੀ ਦੁਨੀਆਂ ‘ਚ ਬਰਤਾਨਵੀ ਸਰਕਾਰ ਵੱਲੋਂ ਪਹਿਲੀ ਸੰਸਾਰ ਜੰਗ ‘ਚ ਭਾਰਤ ਦੇ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ।ਇਸ ਜੰਗ ਵਿੱਚ ੧੩ ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ।ਇਸ ਤੋਂ ਵੱਡਾ ਉਹਨਾਂ ਪਰਿਵਾਰਾਂ ਲਈ ਜ਼ਖ਼ਮ ਕੀ ਹੋਵੇਗਾ ਕਿ ੭੪੦੦੦ ਫੌਜੀ ਵਾਪਸ ਨਹੀਂ ਆਏ।ਪਹਿਲੀ ਆਲਮੀ ਜੰਗ (੧੯੧੪- ੧੯੧੮) ਲਈ ਪੰਜਾਬੀ ਜੰਗੀ ਸਮਾਨ ਬਣਕੇ ਉਭਰੇ।ਇਹ ਫੌਜੀ ਅਨਪੜ੍ਹ ਸਨ, ਘੱਟ ਪੜ੍ਹੇ ਲਿਖੇ, ਗਰੀਬ ਅਤੇ ਹਾਸ਼ੀਏ ‘ਤੇ ਧੱਕੇ ਬੰਦੇ ਸਨ।ਪੰਜਾਬ ਤੋਂ ਇਲਾਵਾ ਬਰਤਾਨਵੀ ਫੌਜ ‘ਚ ਸ਼ਾਮਲ ਹੋਣ ਵਾਲੇ ਨੇਪਾਲ, ਉੱਤਰ ਪੱਛਮੀ ਫਰੰਟੀਅਰ ਅਤੇ ਸਾਂਝਾ ਪ੍ਰੋਵੀਨੈਂਸ ਦਾ ਖਿੱਤਾ ਸੀ।ਪੰਜਾਬ ਦਾ ਬਰਤਾਨਵੀ ਫੌਜ ‘ਚ ਸ਼ਾਮਲ ਹੋਣ ਦਾ ਹਵਾਲਾ ਖੁਸ਼ੀ ਅਤੇ ਦੁੱਖ ਦੋਵੇਂ ਰੂਪ ‘ਚ ਲੋਕ ਧਾਰਾ ‘ਚ ਵੀ ਮਿਲਦਾ ਹੈ।

Jallianwala Bagh

ਇੱਥੇ ਪਾਵੇਂ ਟੁੱਟੇ ਛਿੱਤਰ ਉੱਥੇ ਮਿਲਦੇ ਬੂਟ ਇੱਥੇ ਖਾਵੇ ਰੁੱਖੀ ਮਿਸੀ, ਉੱਥੇ ਖਾਵੇਂ ਫਰੂਟ ਭਰਤੀ ਹੋਜਾ ਵੇ ਬਾਹਰ ਖੜ੍ਹੇ ਰੰਗਰੂਟ

ਜਾਂ ਇਹ ਬੋਲੀ ਵੀ ਬਹੁਤ ਮਸ਼ਹੂਰ ਸੀ।
ਬਸਰੇ ਦੀ ਲਾਮ ਟੁੱਟਜੇ ਮੈਂ ਰੰਡੀਓ ਸੁਹਾਗਣ ਹੋਵਾਂ

ਜਰਮਨ ਅਤੇ ਇੰਗਲੈਂਡ ਵਿਚਲੀ ਬਸਰੇ ਦੀ ਥਾਂ ‘ਤੇ ਸਭ ਤੋਂ ਲੰਮੀ ਅਤੇ ਲਹੂ ਲੁਹਾਣ ਜੰਗ ਹੋਈ ਸੀ।ਲਾਮ ਫ੍ਰੈਂਚ ਦਾ ਸ਼ਬਦ ਹੈ ਜੋ ਉਰਦੂ ‘ਚ ਆਇਆ।ਇਹਦਾ ਅਰਥ ਜੰਗ ਹੁੰਦਾ ਹੈ।ਇੱਥੋਂ ਪੰਜਾਬ ਦੇ ਲੋਕਾਂ ਦਾ ਸੁਭਾਅ ਵੀ ਸਮਝ ਆਉਂਦਾ ਹੈ।ਲੜਾਕੂ ਸੁਭਾਅ, ਆਰਥਿਕਤਾ ਹਰ ਅਜਿਹੇ ਅਧਾਰ ਪੰਜਾਬ ਦੀ ਸਰਜ਼ਮੀਨ ‘ਤੇ ਸਨ।ਪਹਿਲੀ ਸੰਸਾਰ ਜੰਗ ਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਵੀ ਬੁਰੀ ਤਰ੍ਹਾਂ ਤੋੜਿਆ ਸੀ।ਇਹਨਾਂ ਸਭ ਦੇ ਬਾਵਜੂਦ ਪੰਜਾਬ ਬਰਤਾਨੀਆਂ ਲਈ ਫੌਜੀ ਤਾਕਤ ਦਾ ਮਜ਼ਬੂਤ ਅਧਾਰ ਰਿਹਾ ਹੈ।ਇਸ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਪੰਜਾਬ ਅਜ਼ਾਦੀ ਲਈ ਸੰਘਰਸ਼ ਕਰਦਿਆਂ ਬਰਤਾਨੀਆਂ ਲਈ ਵੱਡੀ ਚਣੌਤੀ ਵੀ ਸਦਾ ਰਿਹਾ ਹੈ।ਪੰਜਾਬ ਦੇ ਬੰਦਿਆਂ ਦਾ ਬਰਤਾਨਵੀ ਫੌਜ ‘ਚ ਕੀ ਅਧਾਰ ਸੀ ਇਹਦਾ ਅਹਿਸਾਸ ਇਸ ਤੋਂ ਵੀ ਸਮਝ ਸਕਦੇ ਹਾਂ ਕਿ ਚਕਵਾਲ ਪੰਜਾਬ ਤੋਂ ੨੬ ਸਾਲਾ ਖੁਦਾਦ ਖ਼ਾਨ (੨੦ ਅਕਤੂਬਰ ੧੮੮੮-੮ ਮਾਰਚ ੧੯੭੧) ਨੂੰ ਪਹਿਲੀ ਸੰਸਾਰ ਜੰਗ ‘ਚ ਵਿਕਟੋਰੀਆ ਕ੍ਰੋਸ ਨਾਲ ਨਵਾਜਿਆ ਗਿਆ ਸੀ।ਖੁਦਾਦ ਖ਼ਾਨ ਨੂੰ ੩੧ ਅਕਤੂਬਰ ੧੯੧੪ ਨੂੰ ਹੈਲੇਬੇਕੇ ਬੇਲਜੀਅਮ ‘ਚ ਜੰਗ ਦੌਰਾਨ ਬਹਾਦਰੀ ਲਈ ਇਹ ਇਨਾਮ ਮਿਲਿਆ ਸੀ।ਪੰਜਾਬ ਦੀ ਬਰਤਾਨਵੀ ਫੌਜ ‘ਚ ਸ਼ਮੂਲੀਅਤ ਨੂੰ ਇਸ ਤੋਂ ਵੀ ਸਮਝ ਸਕਦੇ ਹਾਂ ਕਿ ੧੯੧੬ ‘ਚ (ਹਵਾਲਾ ਸਰ ਮਾਈਕਲ ਓਡਵਾਇਰ, ਇੰਡੀਆ ਐਸ ਆਈ ਨਿਊ ਇਟ, ੧੮੮੫-੧੯੨੫ ) ੧੯੨੦੦੦ ਭਰਤੀਆਂ ‘ਚੋਂ ੧੧੦੦੦੦ ਭਰਤੀ ਇੱਕਲੇ ਪੰਜਾਬ ਤੋਂ ਸੀ।

(ਅ) ਗਦਰ ਲਹਿਰ

ਗਦਰ ਲਹਿਰ (੧੯੧੩-੧੯੧੭-੧੮) ਨੇ ਅਜ਼ਾਦੀ ਦਾ ਸੰਘਰਸ਼ ਭਾਰਤ ਤੋਂ ਬਾਹਰ ਬੜੀ ਮਜ਼ਬੂਤੀ ਨਾਲ ਲੜਿਆ।ਗਦਰ ਪਾਰਟੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ ਦੇ ਵੇਲਿਆਂ ‘ਚ ਹੋਈ ਸੀ।ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ੧੯੧੩ ‘ਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ।ਅਮਰੀਕਾ ਅਤੇ ਕਨੇਡਾ ਗਦਰ ਲਈ ਲੜਾਈ ਦੀ ਜ਼ਮੀਨ ਸੀ।ਪਹਿਲੀ ਸੰਸਾਰ ਜੰਗ ਵੇਲੇ ਗਦਰ ਪਾਰਟੀ ਨੇ ਬਰਤਾਨੀਆ ਦੀ ਭਾਰਤੀ ਫੌਜੀਆਂ ਦੀ ਟੁਕੜੀ ‘ਚ ‘ਪੂਅਰ ਪੇਅ’ (ਮਾੜੀ ਉਜਰਤ) ਦੇ ਪਰਚੇ ਵੰਡੇ।ਇਹ ਪਰਚੇ ਬਰਲਿਨ ‘ਚ ਛਾਪੇ ਗਏ ਅਤੇ ਜਰਮਨ ਜਹਾਜ਼ਾਂ ਨਾਲ ਫਰਾਂਸ ਵਿਖੇ ਜੰਗ ਦੌਰਾਨ ਸੁੱਟੇ ਗਏ।ਇਹਨਾਂ ਪਰਚਿਆਂ ਦਾ ਮਕਸਦ ਦੱਸਣਾ ਸੀ ਕਿ ਬ੍ਰਿਟਿਸ਼ ਹਕੂਮਤ ਫੌਜ ‘ਚ ਤੁਹਾਡੇ ਨਾਲ ਨਸਲ, ਰੰਗ ਅਤੇ ਧਰਮ ਦੇ ਅਧਾਰ ‘ਤੇ ਕਿੰਨਾ ਵਿਤਕਰਾ ਕਰਦੀ ਹੈ।ਗਦਰ ਲਹਿਰ ਨੂੰ ਦਬਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ ਅਤੇ ਗਦਰ ਪਾਰਟੀ ਨਾਲ ਸੰਬਧਿਤ ਦੇਸ਼ ਭਗਤਾਂ ‘ਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਕੇ ਫਾਂਸੀਆਂ ਦਿੱਤੀਆਂ ਗਈਆਂ।ਇੰਝ ਦੀ ਇੱਕ ਦਾਸਤਾਨ ਕਾਮਾਗਾਟਾ ਮਾਰੂ ਜਹਾਜ਼ ਦੀ ਹੈ ਜਿਹੜਾ ਬਜਬਜ ਘਾਟ ਕਲਕੱਤੇ ਉਤਰਣ ‘ਤੇ ਹਕੂਮਤ ਵੱਲੋਂ ਸਜ਼ਾਵਾਂ ਦਾ ਹੱਕਦਾਰ ਬਣਿਆ।

(ੲ): ਸਿਲਕ ਲੈਟਰ ਕੋਨਸਪੀਰੇਸੀ

੧੯੧੬-੧੯੧੭ ‘ਚ ਰਾਜਾ ਮਹਿੰਦਰ ਪ੍ਰਤਾਪ ਕੁੰਵਰ ਅਤੇ ਮੌਲਵੀ ਬਰਕਤਉੱਲਾ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਐਲਾਨ ਦਿੱਤਾ।ਅਬਦੁੱਲਾ ਸਿੰਧੀ ਜੋ ਇਸਲਾਮਿਕ ਦੇਵਬੰਦ ਸਕੂਲ ਤੋਂ ਸਨ ਗ੍ਰਹਿ ਮੰਤਰੀ ਬਣ ਗਏ।ਇਹ ਬਰਤਾਨਵੀ ਸਰਕਾਰ ਖਿਲਾਫ ਜਿਹਾਦ ਸੀ।ਅਬਦੁੱਲਾ ਸਿੰਧੀ ਨਾਲ ਕਾਬੁਲ ਤੋਂ ਵਹਾਬੀ ਮੁਹੰਮਦ ਹਸਨ ਸੀ।ਇਹਨਾਂ ਸਭ ਨੇ ਮਿਲਕੇ ‘ਖ਼ੁਦਾ ਦੀ ਫੌਜ’ ਬਣਾਈ ਅਤੇ ਇਸੇ ਸਿਲਸਿਲੇ ‘ਚ ਰੇਸ਼ਮ ਦੇ ਕਪੜੇ ‘ਤੇ ਫਾਰਸੀ ‘ਚ ਕੌਮ ਦੇ ਨਾਮ ਚਿੱਠੀ ਲਿਖੀ ਗਈ ਤਾਂ ਕਿ ਬਰਤਾਨੀਆਂ ਸਰਕਾਰ ਖਿਲਾਫ ਬਗਾਵਤ ਲਈ ਕ੍ਰਾਂਤੀ ਕੀਤੀ ਜਾ ਸਕੇ।ਇਤਿਹਾਸ ‘ਚ ਇਹਨੂੰ ‘ਸਿਲਕ ਲੈਟਰ ਪਲਾਟ’ ਕਹਿੰਦੇ ਹਨ।ਲਾਹੌਰ, ਦਿੱਲੀ ਅਤੇ ਕਲਕੱਤੇ ਤੋਂ ਸਿਲਕ ਲੈਟਰ ਸਾਜਿਸ਼ ਨਾਲ ਜੁੜੇ ੨੦ ਬਾਗੀਆਂ ਨੂੰ ਫੜ੍ਹਿਆ ਗਿਆ।ਇਹ ਦਿਲਚਸਪ ਹੈ ਕਿ ਅਫਗਾਨਿਸਤਾਨ ਦੇ ਕਾਬੁਲ ‘ਚ ਜਦੋਂ ਇਹ ਲਹਿਰ ਸਰਗਰਮ ਹੋਈ ਉਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਫਗਾਨਿਸਤਾਨ ਦੇ ਸਰਹੱਦ ‘ਚ ਸੇਵਾਵਾਂ ਦੇ ਰਿਹਾ ਸੀ।

(ਸ) ਪੰਜਾਬ ਦੀ ਬਰਬਾਦ ਆਰਥਿਕਤਾ ਅਤੇ ਜ਼ਿੰਦਗੀ

ਪੰਜਾਬ ਦੀ ਆਰਥਿਕਤਾ ਨੇ ਉਸ ਦੌਰ ਅੰਦਰ ਲੋਕਾਂ ਅੰਦਰ ਬਰਤਾਨਵੀ ਸਰਕਾਰ ਲਈ ਚੋਖਾ ਗੁੱਸਾ ਪੈਦਾ ਕੀਤਾ।ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ੧ ਅਪ੍ਰੈਲ ੧੯੧੭ ਨੂੰ ਸੁਪਰ ਟੈਕਸ, ਇਸੇ ਤਾਰੀਖ਼ ਨੂੰ ੧੯੧੮ ‘ਚ ਆਮਦਨ ਟੈਕਸ ਅਤੇ ੧੯੧੯ ‘ਚ ਇਸੇ ਮਹੀਨੇ ਪ੍ਰੋਫਿਟ ਡਿਊਟੀ ਟੈਕਸ ਲਾਇਆ।ਪਹਿਲੀ ਆਲਮੀ ਜੰਗ ਦੇ ਖਰਚਿਆਂ ਲਈ ਇੰਝ ਹਰ ਸਾਲ ਨਵੇਂ ਟੈਕਸ ਨਾਲ ਉਗਰਾਹੀ ਕਰਦਿਆਂ ਭਾਰਤ ਦੇ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਸੀ।ਪੰਜਾਬ ‘ਚ ਇਹਦਾ ਅਸਰ ਇਹ ਸੀ ਕਿ ਲਾਹੌਰ ‘ਚ ਮਹਿੰਗਾਈ ਦਰ ੩੦ ਫੀਸਦੀ ਅਤੇ ਅੰਮ੍ਰਿਤਸਰ ‘ਚ ਇਹੋ ਦਰ ੫੫ ਫੀਸਦੀ ਵਧ ਗਈ।ਇੰਝ ਅੰਮ੍ਰਿਤਸਰ ਦੇ ਕੱਪੜਾ ਵਪਾਰ ਵੱਡੇ ਘਾਟੇ ‘ਚ ਜਾਂਦਾ ਰਿਹਾ।ਇਹੋ ਨਹੀਂ ਉਹਨਾਂ ਸਮਿਆਂ ‘ਚ ਕਣਕ ੪੭ ਫੀਸਦ, ਕਪਾਹ ੩੧੦ ਫੀਸਦੀ, ਖੰਡ ੬੮ ਫੀਸਦੀ, ਅਨਾਜ ੯੩ ਫੀਸਦੀ ਦੀ ਦਰ ਨਾਲ ਮਹਿੰਗੇ ਹੋ ਗਏ।ਸਨਅਤੀ ਖੇਤਰਾਂ ‘ਚ ਘਾਟਾ ਇੱਕ ਪਾਸੇ ਪਰ ਪੰਜਾਬ ਦੇ ਪੇਂਡੂ ਖੇਤਰ ਕਰਜ਼ਿਆਂ ਦੀ ਮਾਰ ਥੱਲੇ ਸਨ।ਬਿਮਾਰੀਆਂ ਜਨਮ ਲੈ ਰਹੀਆਂ ਸਨ।੧੯੧੮ ਦੀ ਪੱਤਝੜ ਤੱਕ ੫੦ ਲੱਖ ਭਾਰਤ ਦੀ ਅਬਾਦੀ ਮੌਸਮੀ ਨਜ਼ਲਾ, ਬੁਖ਼ਾਰ ਤੇ ਅਜਿਹੀਆਂ ਮਹਾਂਮਾਰੀਆਂ ਦੀ ਗ੍ਰਿਫਤ ‘ਚ ਸੀ ਅਤੇ ਇਹਨਾਂ ‘ਚੋਂ ੨੫ ਫੀਸਦੀ ਪੇਂਡੂ ਅਬਾਦੀ ਮੌਤ ਦੇ ਮੂੰਹ ‘ਚ ਚਲੀ ਗਈ ਸੀ।ਉਹਨਾਂ ਸਮਿਆਂ ‘ਚ ਬਰਬਾਦੀ ‘ਤੇ ਕੁਰਤੀ ਕਹਿਰ ਵੀ ਸੀ।ਪਿਛਲੇ ੪੭ ਸਾਲਾਂ ‘ਚ ਪਹਿਲੀ ਵਾਰ ਮੁੱਸਲੇਧਾਰ ਮੀਂਹ ਜ਼ੋਰਾਂ ‘ਤੇ ਸੀ ਅਤੇ ਬਰਬਾਦ ਫਸਲਾਂ ਨੇ ਕਿਸਾਨੀ ਕਰਜ਼ੇ ਹੇਠਾਂ ਕਰ ਦਿੱਤੀ ਸੀ।

(ਹ) ਹੋਮ ਰੂਲ, ਖਿਲਾਫਤ ਅੰਦੋਲਨ

ਹੋਮ ਰੂਲ ਅੰਦੋਲਨ ਦੀ ਸਥਾਪਨਾ ੧੯੧੬ ‘ਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ।ਜਿਸ ਦਾ ਮੁੱਖ ਮਕਸਦ ਭਾਰਤ ‘ਚ ਖੁਦ ਮੁਖਤਿਆਰੀ ਲੈਕੇ ਆਉਣਾ ਸੀ।ਇਸ ਤੋਂ ਇਲਾਵਾ ਇਸ ਔਦੋਲਨ ‘ਚ ਵੱਡੇ ਤੇ ਖਾਸ ਆਗੂ ਐਨੀ ਬੇਸੇਂਟ, ਜੋਸੇਫ ਬਪਟਿਸਟਾ, ਐੱਨ.ਸੀ. ਕੇਲਕਰ ਤੋਂ ਇਲਾਵਾ ਮੁਹੰਮਦ ਅਲੀ ਜਿੱਨਾਹ ਨੇ ਖਾਸ ਭੂਮਿਕਾ ਨਿਭਾਈ। ਦੂਜੇ ਪਾਸੇ ਆਲਮੀ ਜੰਗ ਤੋਂ ਬਾਅਦ ਰਾਸ਼ਟਰੀ ਮੁਸਲਿਮ ਆਗੂਆਂ ਨੇ “ਖਿਲਾਫਤ ਅੰਦੋਲਨ” ਦੀ ਸ਼ੁਰੂਆਤ ਕੀਤੀ।ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਨੂੰ ਖਦੇੜਕੇ ਮੁਸਲਿਮ ਇੱਕਮੁੱਠਤਾ ਨੂੰ ਕਾਇਮ ਕਰਨਾ ਸੀ।

ਕ) ਮਾਰਲੇ-ਮਿੰਟੋ ਸੁਧਾਰ

ਐਡਵਿਨ ਮੋਟੈਂਗਿਊ ੧੯੧੭-੧੮ ਦੇ ਸਿਆਲਾਂ ‘ਚ ਭਾਰਤ ਆਇਆ ਸੀ।ਇਸ ਤੋਂ ਪਹਿਲਾਂ ੨੦ ਅਗਸਤ ੧੯੧੭ ਨੂੰ ਹਾਊਸ ਆਫ ਕਾਮਨ ‘ਚ ਮੋਟੈਂਗਿਊ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਪ੍ਰਬੰਧਕੀ ਢਾਂਚੇ ‘ਚ ਸਾਨੂੰ ਭਾਰਤੀਆਂ ਦੀ ਸ਼ਮੂਲੀਅਤ ‘ਚ ਵਾਧਾ ਕਰਨ ਦੀ ਲੋੜ ਹੈ।ਬ੍ਰਿਟਿਸ਼ ਸਾਮਰਾਜ ਦੇ ਲਿਹਾਜ ਤੋਂ ਇਹ ਚੰਗਾ ਹੋਵੇਗਾ ਕਿ ਭਾਰਤ ‘ਚ ਭਾਰਤੀਆਂ ਦੀ ਖੁਦਮੁਖਤਾਰੀ ਵਾਲਾ ਸ਼ਾਸ਼ਨ ਪ੍ਰਬੰਧ ਹੋਵੇ ਅਤੇ ਇੱਕ ਜ਼ਿੰਮੇਵਾਰ ਸਰਕਾਰ ਦਾ ਅਧਾਰ ਬੱਝੇ।ਇਹ ਸੰਬੋਧਨ ਭਾਰਤ ਅੰਦਰ ਉਦਾਰਵਾਦੀ ਭਾਵਨਾ ਵਾਲਾ ਸੀ।ਅਪ੍ਰੈਲ ੧੯੧੮ ਨੂੰ ਮੋਟੈਂਗਿਊ ਅਤੇ ਭਾਰਤ ਦੇ ਵਾਇਸਰਾਏ ਲੋਰਡ ਚੇਮਸਫੋਰਡ ਨੇ ਇਸ ਨੂੰ ਪੇਸ਼ ਕੀਤਾ।ਇਤਿਹਾਸ ‘ਚ ਇਹਨੂੰ ਮਾਰਲੇ ਮਿੰਟੋ ਸੁਧਾਰ ਕਹਿੰਦੇ ਹਨ।ਇਹਨਾਂ ਸੁਧਾਰਾਂ ‘ਚ ਸੱਤਾ ਪ੍ਰਬੰਧਨ ਨੂੰ ਨਵੇਂ ਢੰਗ ਨਾਲ ਉਲੀਕਣ ਦੀ ਗੱਲ ਸੀ।ਰਿਪੋਰਟ ਮੁਤਾਬਕ ਸਥਾਨਕ ਪ੍ਰਬੰਧ, ਸਿਹਤ ਅਤੇ ਸਿੱਖਿਆ ‘ਚ ਭਾਰਤੀਆਂ ਦੀ ਹਿੱਸੇਦਾਰੀ ‘ਚ ਵਾਧਾ ਕਰਨਾ ਸੀ ਅਤੇ ‘ਸੁਰੱਖਿਆ ਅਤੇ ਪੁਲਿਸ’ ਗਵਰਨਰ ਅਧੀਨ ਰੱਖਣ ਦੀ ਪੇਸ਼ਕਸ਼ ਸੀ।ਇਸ ਸੁਧਾਰ ‘ਚ ਇੰਡੀਅਨ ਸਿਵਲ ਸਰਵਿਸ ‘ਚ ਭਾਰਤੀਆਂ ਦੀ ਸ਼ਮੂਲੀਅਤ ਵਧਾਉਣ ਦੀ ਵੀ ਗੱਲ ਸੀ।ਇਸ ਸੁਧਾਰ ਦਾ ਵਿਰੋਧ ਬਰਤਾਨਵੀਆਂ ‘ਚ ਵੀ ਸੀ ਅਤੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਇਸ ਸੁਧਾਰ ਦਾ ਤਿੱਖਾ ਵਿਰੋਧ ਕੀਤਾ ਸੀ।

(ਖ) ਰੋਲਟ ਐਕਟ ਅਤੇ ਸੱਤਿਆਗ੍ਰਹਿ

ਇੱਕ ਪਾਸੇ ਖੁਦਮੁਖਤਾਰੀ ਦੀ ਭਾਵਨਾ ਵਾਲੀ ਹੋਮ ਰੂਲ ਲਹਿਰ ਸੀ।ਦੂਜੇ ਪਾਸੇ ਮਾਰਲੇ ਮਿੰਟੋ ਸੁਧਾਰ ਸੀ ਪਰ ਇਹਨਾਂ ਦੇ ਉਲਟ ਇੱਕ ਰੋਲਟ ਐਕਟ ਆਉਣ ਦੀ ਤਿਆਰੀ ‘ਚ ਸੀ।ਇਸ ਐਕਟ ਨੇ ਮਾਰਲੇ ਮਿੰਟੋ ਸੁਧਾਰ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਯਾਦ ਰੱਖਿਆ ਜਾਵੇ ਕਿ (ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਇਨ ਇੰਡੀਆ, ਸਰ ਵਰਨੇ ਲੋਵੇਟ, ਲੰਡਨ ਜੋਨ ਮੁਰੇ ੧੯੨੧ ਮੁਤਾਬਕ) ੨੨ ਮਈ ੧੯੧੯ ਨੂੰ ਇੰਗਲੈਂਡ ਪਾਰਲੀਮੈਂਟ ‘ਚ ਖੁਦ ਉਧਾਰਵਾਦੀ ਵਿਚਾਰ ਰੱਖਣ ਵਾਲੇ ਮੋਂਟੈਗਿਊ ਨੇ ਵੀ ਇਸ ਦੀ ਹਮਾਇਤ ਕੀਤੀ ਸੀ ਕਿ ਜੇ ਰੋਲਟ ਐਕਟ ਦੀ ਲੋੜ ਹੈ ਤਾਂ ਸਾਨੂੰ ਬਿਨਾਂ ਦੇਰੀ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਹੈ।ਇਸ ਤੋਂ ਇਹ ਅਹਿਸਾਸ ਵੀ ਹੁੰਦਾ ਹੈ ਕਿ ਮੋਟ ਫੋਰਡ ਸੁਧਾਰ ਦੀ ਭਾਵਨਾ ਭਾਰਤ ਦਾ ਵਿਕਾਸ ਨਹੀਂ ਸੀ ਸਗੋਂ ਬਰਤਾਨਵੀ ਹਿੱਤਾਂ ਦੀ ਰਾਖੀ ਕਰਨਾ ਹੀ ਸੀ।

ਜਸਟਿਸ ਸਿਡਨੀ ਆਰਥਰ ਟੇਲਰ ਰੋਲਟ ਨੇ ਭਾਰਤ ‘ਚ ਸੁਰੱਖਿਆ ਦੇ ਖਤਰਿਆਂ ਨੂੰ ਲੈਕੇ ਪੁੰਨਛਾਣ ਕੀਤੀ ਅਤੇ ਰਿਪੋਰਟ ਤਿਆਰ ਕੀਤੀ।ਰੋਲਟ ਕਮਿਸ਼ਨ ਨੇ ਇਹ ਚਾਹਿਆ ਕਿ ਵਾਇਸਰਾਏ ਉਹਨਾਂ ਖੇਤਰਾਂ ਨੂੰ ਇਸ ਤੋਂ ਮੁਕਤ ਨਹੀਂ ਕਰ ਸਕਦੇ ਜਿਹੜੇ ਬਰਤਾਨਵੀ ਸਾਮਰਾਜ ਲਈ ਅਤਿ ਦਾ ਖਤਰਾ ਹਨ।ਇੰਝ ਸੈਕਰੇਟਰੀ ਆਫ ਹੋਮ ਸਰ ਵਿਲੀਅਮ ਵਿਨਸੈਂਟ ਦੀ ਦੇਖਰੇਖ ‘ਚ ਰੋਲਟ ਰਿਪੋਰਟ ਪੇਸ਼ ਕੀਤੀ ਗਈ ਜਿਹਨੂੰ ਅਸੀਂ ਰੋਲਟ ਐਕਟ ਵਜੋਂ ਜਾਣਦੇ ਹਾਂ।

ਨਾ ਦਲੀਲ-ਨਾ ਵਕੀਲ-ਨਾ ਅਪੀਲ

ਇਸ ਐਕਟ ਦਾ ਵਿਰੋਧ ਪੂਰੇ ਭਾਰਤ ‘ਚ ਵੱਡੇ ਪੱਧਰ ‘ਤੇ ਹੋਇਆ।ਇਸ ਤਹਿਤ ਪੁਲਿਸ ਦੋ ਜਾਂ ਦੋ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੀ ਸੀ।ਇੰਝ ਸ਼ੱਕ ਦੇ ਬਿਨਾਹ ‘ਤੇ ਬਿਨਾਂ ਕਿਸੇ ਚੇਤਾਵਨੀ, ਵਾਰੰਟ ਗ੍ਰਿਫਤਾਰੀ ਸੀ।ਇਹੋ ਨਹੀਂ ਵਿਆਹ ਸਮਾਗਮਾਂ ਅਤੇ ਸ਼ਮਸ਼ਾਨ ਘਾਟ ‘ਚ ਸਸਕਾਰ ਵੇਲੇ ਪੰਜ ਰੁਪਏ ਟੈਕਸ ਵੀ ਲਗਾਇਆ ਗਿਆ।ਇਹ ਕਾਨੂੰਨ ਕਿਸੇ ਨੂੰ ਵੀ ਬਰਤਾਨਵੀ ਸਾਮਰਾਜ ‘ਤੇ ਖਤਰਾ ਦੱਸਦਿਆਂ ਕਤਲ ਕਰ ਸਕਦਾ ਸੀ।ਕਾਨੂੰਨ ਦੀ ਅਜਿਹੀ ਭਾਵਨਾ ਨੂੰ ਉਹਨਾਂ ਸਮਿਆਂ ‘ਚ ‘ਕਾਲਾ ਕਾਨੂੰਨ’ ਕਿਹਾ ਗਿਆ।

ਇਸ ਕਾਨੂੰਨ ਖਿਲਾਫ ੩੦ ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਸੰਗ ਸੱਤਿਆਗ੍ਰਹਿ ਦਾ ਸੱਦਾ ਦਿਤਾ ਗਿਆ।ਮਹਾਤਮਾ ਗਾਂਧੀ ਦੀ ਅਵਾਜ਼ ‘ਤੇ ਲੋਕਾਂ ਨੇ ਇਸ ਹੜਤਾਲ ਨੂੰ ਭਰਵਾ ਹੁੰਗਾਰਾ ਦਿੱਤਾ।੩੦ ਮਾਰਚ ਦੇ ਇਸੇ ਸੱਦੇ ਨੂੰ ੬ ਅਪ੍ਰੈਲ ਦੀ ਤਾਰੀਖ਼ ‘ਚ ਬਦਲਿਆ ਗਿਆ।ਇਸ ਸੱਤਿਆਗ੍ਰਹਿ ਦੇ ਵਿਚਾਰ ‘ਚ ਪੇਸ਼ ਕੀਤਾ ਗਿਆ ਸੀ ਕਿ ੧੦ ਮਾਰਚ ੧੯੧੯ ਦੇ ਇਸ ਕਾਲੇ ਰੋਲਟ ਕਾਨੂੰਨ ਨੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕੋਝਾ ਮਜ਼ਾਕ ਉਡਾਇਆ ਹੈ ਅਤੇ ਇਹ ਕਾਨੂੰਨ ਬੁਨਿਆਦੀ ਅਧਿਕਾਰਾਂ ਦੇ ਤਹੱਈਏ ਨੂੰ ਉਜਾੜਦਾ ਹੈ।ਸੱਤਿਆਗ੍ਰਹਿ ਦੀ ਇਸ ਸਹੁੰ ‘ਚ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਦਾ ਸੱਦਾ ਦਿੰਦੇ ਹੋਏ ਅਹਿੰਸਾਤਮਕ ਅੰਦੋਲਣ ਦੀ ਨੀਂਹ ਰੱਖੀ ਅਤੇ ਸੱਚ ਦੇ ਮਾਰਗ ‘ਤੇ ਚਲਦਿਆਂ ਅਜ਼ਾਦੀ ਦਾ ਪਹਿਲਾਂ ਵੱਡਾ ਅਹਿੰਸਾ ਭਰਪੂਰ ਅੰਦੋਲਣ ਵਿੱਢਿਆ।

ਦਸਤਕ-ਮਹਾਤਮਾ ਗਾਂਧੀ ਅਤੇ ਜਨਰਲ ਰਿਜੀਨਾਲਡ ਡਾਇਰ

ਰੋਲਟ ਐਕਟ ਨੇ ਜਿਹੜੀ ਜ਼ਮੀਨ ਤਿਆਰ ਕੀਤੀ ਸੀ ਇਹ ਭਾਰਤ ਦੇ ਅਜ਼ਾਦੀ ਸੰਘਰਸ਼ ਨੂੰ ਵੱਡੀ ਕ੍ਰਾਂਤੀ ਵੱਲ ਲੈਕੇ ਜਾ ਰਹੀ ਸੀ।ਪਹਿਲਾਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਿਲਕ ਲੈਟਰ ਕੋਂਸਪੀਰੇਸੀ ਵੇਲੇ ਡਾਇਰ ਅਫਗਾਨਿਸਤਾਨ ਦੇ ਸਰਹੱਦ ‘ਚ ਸੀ।ਕਹਿੰਦੇ ਹਨ ਕਿ ਉਹ ਐਬਟਾਬਾਦ ‘ਚ ਬਹੁਤੀ ਦੇਰ ਨਾ ਰਹਿ ਸਕਿਆ।੨੯ ਮਾਰਚ ੧੯੧੭ ਨੂੰ ਡਾਇਰ ਗਸ਼ਤ ਦੌਰਾਨ ਘੋੜੇ ਤੋਂ ਡਿੱਗਣ ਕਰਕੇ ਜ਼ਖ਼ਮੀ ਹੋ ਗਿਆ।ਇਸ ਤੋਂ ਬਾਅਦ ਠੀਕ ਹੋਣ ਮਗਰੋਂ ਜਨਰਲ ਡਾਇਰ ਐਬਟਾਬਾਦ ਤੋਂ ਜਲੰਧਰ ਆਕੇ ਹਾਜ਼ਰ ਹੁੰਦਾ ਹੈ।

ਇਹ ਦੌਰ ਉਹ ਵੀ ਸੀ ਕਿ ੧੯੧੫ ‘ਚ ਦੱਖਣੀ ਅਫਰੀਕਾ ਤੋਂ ਮੋਹਨ ਦਾਸ ਕਰਮ ਚੰਦ ਗਾਂਧੀ ਭਾਰਤ ਆਉਂਦੇ ਹਨ।ਬਾਲ ਗੰਗਾਧਰ ਤਿਲਕ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ।ਉਹਨਾਂ ਦੀ ਸਲਾਹ ਨਾਲ ਉਹ ਪੂਰੇ ਭਾਰਤ ‘ਚ ਘੁੰਮਦੇ ਹਨ।ਇਸ ਤੋਂ ਬਾਅਦ ਰੋਲਟ ਐਕਟ ਦੇ ਨਾਲੋਂ ਨਾਲ ਇਸ ਕਾਨੂੰਨ ਦੇ ਵਿਰੋਧ ‘ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ੧੯੧੯ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵੱਡੀ ਹਾਜ਼ਰੀ ਸੀ।
ਇਹਨਾਂ ਹਲਾਤ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਉਸ ਦੌਰ ‘ਚ ਇੱਕ ਲੜਾਈ ਉਹ ਸੀ ਜੋ ਅਜ਼ਾਦੀ ਲਈ ਮਘ ਰਹੀ ਸੀ।ਦੂਜਾ ਪੰਜਾਬੀ ਜੀਵਨ ਸੀ ਜੋ ਆਪਣੀ ਬਰਬਾਦ ਆਰਥਿਕਤਾ ਅਤੇ ਕੁਦਰਤੀ ਕਰੋਪੀ ਨਾਲ ਜੂਝਦਾ ਅੰਦਰੋ ਅੰਦਰ ਸੁਲਗ ਰਿਹਾ ਸੀ।ਬਰਤਾਨਵੀ ਹਕੂਮਤ ਲਈ ਓਪਰੋਕਤ ਲਹਿਰਾਂ ਵੱਡੀ ਸਿਰਦਰਦੀ ਬਣੀਆਂ ਸਨ।ਪੰਜਾਬ ਉਹਨਾਂ ਲਈ ਉਹ ਜੁਝਾਰੂ ਧਰਤੀ ਸੀ ਜੋ ਉਹਨਾਂ ਨੂੰ ਮੋੜ ਮੋੜ ‘ਤੇ ਵੰਗਾਰਦੀ ਸੀ।ਇਹ ਆਮਦ ਰੋਲਟ ਐਕਟ ਦੀ ਵੀ ਸੀ ਅਤੇ ੧੯੧੫ ‘ਚ ਦੱਖਣੀ ਅਫਰੀਕਾ ਤੋਂ ਆਏ ਮਹਾਮਤਾ ਗਾਂਧੀ ਦੀ ਪਹਿਲੀ ਵੱਡੀ ਦਸਤਕ ਦੀ ਵੀ ਸੀ।ਅੰਮ੍ਰਿਤਸਰ ‘ਚ ਉਹਨਾਂ ੧੩ ਦਿਨਾਂ ਨੇ ਅੰਗਰੇਜ਼ ਸਰਕਾਰ ਨੂੰ ਵੱਡੇ ਖੌਫ ਨਾਲ ਭਰ ਦਿੱਤਾ ਸੀ।ਉਹਨਾਂ ਨੂੰ ਲੱਗਦਾ ਸੀ ਕਿ ਕੋਈ ਵੱਡੀ ਕ੍ਰਾਂਤੀ ਜਨਮ ਲੈ ਰਹੀ ਹੈ ਜੋ ਉਹਨਾਂ ਨੂੰ ਤਹਿਸ ਨਹਿਸ ਕਰ ਦੇਵੇਗੀ।

ਉਹ ੧੩ ਦਿਨ…

 

੩੦ ਮਾਰਚ ੧੯੧੯

ਮਹਾਤਮਾ ਗਾਂਧੀ ਦੀ ਅਗਵਾਈ ‘ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ਦੀ ਨੀਂਹ ੨੪ ਫਰਵਰੀ ੧੯੧੯ ਨੂੰ ਰੱਖੀ ਗਈ।੨ ਮਾਰਚ ਨੂੰ ਅੰਦੋਲਣ ਦਾ ਮੈਨੀਫੈਸਟੋ ਪੇਸ਼ ਕੀਤਾ ਗਿਆ ਜੋ ਉਹਨਾਂ ਦਿਨਾਂ ‘ਚ ਅਖ਼ਬਾਰਾਂ ‘ਚ ਵੀ ਪ੍ਰਕਾਸ਼ਿਤ ਹੋਇਆ।ਇਸੇ ਲੜੀ ‘ਚ ੩੦ ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿਤਾ ਗਿਆ।ਇਸ ਦੌਰਾਨ ਸਾਰੇ ਕੰਮ, ਹਰ ਦੁਕਾਨ, ਦਫਤਰ ਬੰਦ ਕਰਨ ਨੂੰ ਕਿਹਾ ਗਿਆ।ਪਰ ਇਹ ਹੜਤਾਲ ੬ ਅਪ੍ਰੈਲ ਨੂੰ ਬਦਲ ਦਿੱਤੀ ਗਈ।੬ ਅਪ੍ਰੈਲ ਤਾਰੀਖ਼ ਬਦਲਣ ਦੀ ਖ਼ਬਰ ਸਭ ਤੱਕ ਨਾ ਪਹੁੰਚੀ ਅਤੇ ਬਹੁਤ ਸਾਰੀਆਂ ਥਾਵਾਂ ‘ਤੇ ਹੜਤਾਲ ੩੦ ਮਾਰਚ ਨੂੰ ਹੋਈ।ਇਹ ਬਹੁਤ ਸ਼ਾਂਤਮਈ ਹੜਤਾਲ ਸੀ ਪਰ ਦਿੱਲੀ ਵਿੱਚ ਰੇਲਵੇ ਸਟੇਸ਼ਨ ‘ਤੇ ਹਿੰਸਾ ਹੋਈ।ਅੰਮ੍ਰਿਤਸਰ ‘ਚ ਇਸ ਵੇਲੇ ੨੫ ਤੋਂ ੩੦ ਹਜ਼ਾਰ ਦਾ ਇੱਕਠ ਹੋ ਗਿਆ।

੨ ਅਪ੍ਰੈਲ ੧੯੧੯

ਇਸ ਦਿਨ ਪਿਛਲੇ ਦੋ ਦਿਨਾਂ ਤੋਂ ਵੀ ਵੱਧ ਇੱਕਠ ਹੋਇਆ।ਜੱਲ੍ਹਿਆਂਵਾਲ਼ੇ ਬਾਗ਼ ‘ਚ ਇਸ ਇੱਕਠ ਨੂੰ ਸਵਾਮੀ ਸੱਤਿਆ ਦਿਓ ਨੇ ਸੰਬੋਧਿਤ ਕੀਤਾ ਅਤੇ ਨਾ ਮਿਲਵਰਤਨ ਸੱਤਿਆਗ੍ਰਹਿ ਅੰਦੋਲਨ ਬਾਰੇ ਰੌਲੇਟ ਕਾਨੂੰਨ ਦੇ ਵਿਰੋਧ ‘ਚ ਲੋਕਾਂ ਅੱਗੇ ਆਪਣੀ ਗੱਲ ਵਿਸਥਾਰ ਨਾਲ ਰੱਖੀ।

੬ ਅਪ੍ਰੈਲ ੧੯੧੯

ਜਿਵੇਂ ਕਿ ਪਹਿਲਾਂ ਹੀ ਤੈਅ ਹੋਇਆ ਸੀ ਕਿ ੬ ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਹੋਵੇਗੀ।ਇਸ ਨੂੰ ਲੈਕੇ ਡੀ.ਸੀ. ਮਾਈਲਜ਼ ਇਰਵਿੰਗ ਨੇ ੫ ਅਪ੍ਰੈਲ ਨੂੰ ਬੈਠਕ ਸੱਦੀ ਤਾਂਕਿ ਅੰਮ੍ਰਿਤਸਰ ‘ਚ ਕਿਸੇ ਤਰ੍ਹਾਂ ਵੀ ਹੜਤਾਲ ਨੂੰ ਹੁੰਗਾਰਾ ਨਾ ਮਿਲੇ।ਇਸ ਹੜਤਾਲ ਦੀ ਅਗਵਾਈ ਸਥਾਨਕ ਆਗੂ ਡਾ.ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੇ ਕੀਤੀ।੬ ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਨੂੰ ਭਰਵਾ ਹੁੰਗਾਰਾ ਮਿਲਿਆ ਸੀ।ਮੁੰਬਈ ਦੇ ਚੌਪਾਟੀ ‘ਚ ਮਹਾਤਮਾ ਗਾਂਧੀ ਨੇ ੧ ਲੱਖ ਲੋਕਾਂ ਦੇ ਇੱਕਠ ਨੂੰ ਸੰਬੋਧਣ ਕੀਤਾ।ਇਸ ਤੋਂ ਅਗਲੇ ਦਿਨ ਰੌਲੇਟ ਐਕਟ ਨੂੰ ਟਿੱਚ ਜਾਣਦਿਆਂ ਬਿਨਾਂ ਮਨਜ਼ੂਰੀ ਤੋਂ ‘ਸੱਤਿਆਗ੍ਰਹਿ’ ਅਖ਼ਬਾਰ ਵੀ ਕੱਢਿਆ।

੯ ਅਪ੍ਰੈਲ ੧੯੧੯

ਇਹ ਦਿਨ ਸ਼੍ਰੀ ਰਾਮ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਰਪਿਤ ‘ਰਾਮ ਨੌਮੀ’ ਸੀ।ਇਹ ਅੰਗਰੇਜ਼ਾਂ ਲਈ ਬਿਲਕੁਲ ਅਣਸੁਖਾਂਵੀ ਗੱਲ ਹੋ ਨਿਭੜੀ।ਹਿੰਦੂ-ਮੁਸਲਮਾਨ ਏਕਤਾ ਦੀ ਸ਼ਾਂਤਮਈ ਕਤਾਰਾਂ ਅੰਮ੍ਰਿਤਸਰ ਦੀ ਗਲ਼ੀਆਂ ‘ਚ ਤੁਰ ਰਹੀਆਂ ਸਨ।ਇੱਕ ਦੂਜੇ ਨੂੰ ਸਾਂਝੇ ਘੜੇ ‘ਚ ਪਾਣੀ ਪਿਆਇਆ ਜਾ ਰਿਹਾ ਸੀ ਅਤੇ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲੱਗ ਰਹੇ ਸਨ।

ਡਾ. ਹਾਫ਼ਿਜ਼ ਮੁੰਹਮਦ ਬਸ਼ੀਰ ਦੀ ਅਗਵਾਈ ‘ਚ ਕਿਚਲੂ ਸੱਤਿਆਪਾਲ ਕੀ ਜੈ, ਗਾਂਧੀ ਕੀ ਜੈ ਅਤੇ ਹਿੰਦੂ-ਮੁਸਲਿਮ ਕੀ ਜੈ ਦੇ ਨਾਅਰੇ ਲੱਗ ਰਹੇ ਸਨ।ਇਸ ਦੌਰਾਨ ਅੰਗਰੇਜ਼ ਸਰਕਾਰ ਲਈ ਦੁਚਿੱਤੀ ਇਹ ਵੀ ਸੀ ਕਿ ਇਹ ਹੜਤਾਲ ਸ਼ਾਂਤਮਈ ਸੀ ਅਤੇ ਨਾਲੋਂ ਨਾਲ ਇੱਕ ਬੈਂਡ ਬਰਤਾਨਵੀਆਂ ਦਾ ਗੀਤ ‘ਗੋਡ ਸੇਵ ਦੀ ਕਿੰਗ’ ਪੂਰੇ ਆਦਰ ਸਤਕਾਰ ਨਾਲ ਗਾ ਰਿਹਾ ਸੀ।ਇਹ ਪੂਰਾ ਪਰਤਾਰਾ ਬਰਤਾਨੀਆਂ ਦੇ ਫੁੱਟ ਪਾਓ ਅਤੇ ਰਾਜ ਕਰੋ ਦੇ ਨਾਅਰੇ ਦਾ ਮਜ਼ਾਕ ਉਡਾ ਰਿਹਾ ਸੀ।ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ ਅਤੇ ਹਰਿਆਣੇ ਦੇ ਪਲਵਰ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਵਾਪਸ ਮੋੜ ਦਿੱਤਾ ਗਿਆ।

ਉਹਨਾਂ ਦਿਨਾਂ ‘ਚ ਅਫਵਾਹਾਂ ਦਾ ਵੀ ਬਹੁਤ ਜ਼ੋਰ ਸੀ।ਇੱਕ ਅਫ਼ਵਾਹ ਸੀ ਕਿ ੧੬ ਅਪ੍ਰੈਲ ਨੂੰ ਗਾਂਧੀ ਜੀ ਦੇ ਆਉਣ ‘ਤੇ ਬਰਤਾਨਵੀ ਸਰਕਾਰ ਨੇ ਵੱਡੀ ਕਾਰਵਾਈ ਕਰਨੀ ਹੈ ਜਿਸ ‘ਚ ਸਾਰਿਆਂ ਨੇ ਮਾਰਿਆ ਜਾਣਾ ਹੈ।

੧੦ ਅਪ੍ਰੈਲ ੧੯੧੯ : ੯ ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਡਾ.ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ।੧੦ ਅਪ੍ਰੈਲ ਸਵੇਰੇ ੧੧ ਵਜੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਤੋਂ ਬਾਹਰ ਧਰਮਸ਼ਾਲਾ ‘ਚ ਨਜ਼ਰਬੰਦ ਕਰਨ ਲਈ ਰਵਾਨਾ ਕਰ ਦਿੱਤਾ।ਇਹ ਖ਼ਬਰ ਸ਼ਹਿਰ ‘ਚ ਫੈਲ ਗਈ ਅਤੇ ਅੰਦੋਲਣ ਲਈ ਜੁਟੀ ਭੀੜ ਨੇ ਹਿੰਸਕ ਰੂਪ ਲੈ ਲਿਆ।ਇੱਕ ਘਟਨਾ ਰੇਲਵੇ ਸਟੇਸ਼ਨ ‘ਤੇ ਵਾਪਰੀ।ਲੋਕਾਂ ਦੀ ਭੀੜ ਭੰਡਾਰੀ ਪੁੱਲ ‘ਤੇ ਸੀ ਜੀਹਨੂੰ ਪੁਲਿਸ ਨੇ ਰੋਕਣ ਦੀ ਕੌਸ਼ਿਸ਼ ਕੀਤਾ।ਇਸ ਧੱਕਾ ਮੁੱਕੀ ‘ਚ ਵੱਧ ਰਹੀ ਭੀੜ ਡੀ.ਸੀ. ਦਫਤਰ ਨੂੰ ਘੇਰਨ ਦੀ ਤਿਆਰੀ ‘ਚ ਸੀ।ਇਸ ਦੌਰਾਨ ਗੋਲੀਬਾਰੀ ‘ਚ ੨੦ ਜਣੇ ਮਾਰੇ ਗਏ।ਹਾਲ ਬਾਜ਼ਾਰ ਵਿਖੇ ਤਿੰਨ ਬੈਂਕ, ੩ ਡਾਕਘਰ ਅਤੇ ਇੱਕ ਚਰਚ ‘ਤੇ ਵੀ ਹਮਲਾ ਹੋ ਗਿਆ।ਨੈਸ਼ਨਲ ਬੈਂਕ ਸਟੀਵਰਟ ਅਤੇ ਸਕੋਟ ਦਾ ਸੀ ਅਤੇ ਅਲਾਂਈਸ ਬੈਂਕ ‘ਚ ਥੋਮਸਨ ਸੀ।ਰੋਸ ਅਤੇ ਥੌਮਸਨ ਨੂੰ ਬੈਂਕ ਦੇ ਆਪਣੇ ਭਾਰਤੀ ਕਲਰਕਾਂ ਨੇ ਕਿਸੇ ਤਰ੍ਹਾਂ ਬਚਾ ਲਿਆ।ਇਸੇ ਦੌਰਾਨ ੫ ਯੂਰੂਪੀਆਂ ਨੂੰ ਵੀ ਮਾਰਿਆ ਗਿਆ।ਸ਼ਹਿਰ ਦੇ ਦੂਜੇ ਹਿੱਸੇ ਰੇਲਵੇ ਸਟੇਸ਼ਨ ‘ਤੇ ਅੱਗ ਲਾ ਦਿੱਤੀ ਗਈ।ਇਸ ਦੌਰਾਨ ੨ ਵਜੇ ਦੁਪਹਿਰ ਕੈਪਟਨ ਕਰੈਂਪਟਨ ਆਪਣੀ ੧ ਗੋਰਖਾ ਬਟਾਲੀਅਨ ਦੇ ੨੬੦ ਫੌਜੀਆਂ ਨਾਲ ਪੇਸ਼ਾਵਰ ਜਾ ਰਿਹਾ ਸੀ।ਸਟੇਸ਼ਨ ਦੇ ਹਲਾਤ ਵੇਖ ਉਹਨਾਂ ਉੱਥੇ ਮੋਰਚਾ ਸਾਂਭ ਲਿਆ।ਇਸ ਦੌਰਾਨ ਭੀੜ ਵੱਲੋਂ ਡਾਗਾਂ ਮਾਰਕੇ ਗਾਰਡ ਰਬਿਨਸਨ ਦਾ ਕਤਲ ਕਰ ਦਿੱਤਾ ਅਤੇ ਸਟੇਸ਼ਨ ਮਾਸਟਰ ਬੈਨੇਟ ਜ਼ਖ਼ਮੀ ਹੋ ਗਿਆ।ਸਟੇਸ਼ਨ ‘ਤੇ ਹੋਈ ਇਸੇ ਹਿੰਸਾ ੧੦ ਭਾਰਤੀ ਮਾਰੇ ਗਏ ਅਤੇ ੩੦ ਤੋਂ ਵਧੇਰੇ ਜ਼ਖ਼ਮੀ ਹੋ ਗਏ।ਅੰਮ੍ਰਿਤਸਰ ਦੀ ਅੰਦਰੂਨ ਕੰਧ ਦੇ ਪੁਰਾਣੇ ਸ਼ਹਿਰ ‘ਚ ਜਨਾਨਾ ਹਸਪਤਾਲ ਦੀ ਡਾਕਟਰ ਈਸਡਨ ‘ਤੇ ਹਮਲਾ ਹੋਇਆ ਪਰ ਮੌਕੇ ‘ਤੇ ਬਚਾ ਲਿਆ ਗਿਆ।ਦੂਜੇ ਪਾਸੇ ਕੁੜੀਆਂ ਦੇ ਮਿਸ਼ਨ ਡੇ ਸਕੂਲ ਦੀ ਸੁਪਰੀਟੈਡਿੰਟ ਮਾਰਸੀਲਾ ਸ਼ੇਅਰਵੁੱਡ ਵੀ ਹਿੰਸਕ ਭੀੜ ਦਾ ਸ਼ਿਕਾਰ ਹੋਈ।ਸ਼ੇਅਰਵੁੱਡ ਨਾਲ ਇਹ ਘਟਨਾ ਕੂਚਾ ਕੌੜੀਆਂਵਾਲ਼ਾ ‘ਚ ਵਾਪਰੀ।੧੦ ਅਪ੍ਰੈਲ ਦੇ ਇਸ ਦਿਨ ਦੀਆਂ ਹਿੰਸਕ ਘਟਨਾਵਾਂ ਨੇ ਅੰਮ੍ਰਿਤਸਰ ਦਾ ਮਾਹੌਲ ਕਾਫੀ ਨਾਜ਼ੁਕ ਕਰ ਦਿੱਤਾ ਸੀ।

੧੧ ਅਪ੍ਰੈਲ ੧੯੧੯

ਪਿਛਲੇ ਦਿਨ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਲਾਤ ਨਾਜ਼ੁਕ ਤਾਂ ਸਨ ਹੀ ਪਰ ਅਫ਼ਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ।ਇੱਕ ਅਫ਼ਵਾਹ ਸੀ ਕਿ ਅੰਮ੍ਰਿਤਸਰ ‘ਤੇ ਹਵਾਈ ਜਹਾਜ਼ਾਂ ਨਾਲ ਬੰਬ ਧਮਾਕੇ ਕੀਤੇ ਜਾਣਗੇ।ਹੁਣ ਤੱਕ ਹਿੰਸਾ ਦੌਰਾਨ ਮਾਰੇ ਗਿਆਂ ਨੂੰ ਸਸਕਾਰ ਅਤੇ ਦਫਨਾਉਣ ਲਈ ੨ ਵਜੇ ਤੱਕ ਦਾ ਸਮਾਂ ਦਿੱਤਾ।ਡੀ.ਸੀ. ਦਾ ਹੁਕਮ ਸੀ ਕਿ ਸਸਕਾਰ ਅਤੇ ਜਨਾਜ਼ੇ ਦੌਰਾਨ ਬਹੁਤੀ ਭੀੜ ਨਹੀਂ ਹੋ ਸਕਦੀ।ਸਾਰੀਆਂ ਲਾਸ਼ਾਂ ਨੂੰ ਅੰਤਿਮ ਕਿਰਿਆ ਲਈ ਸੁਲਤਾਨਵਿੰਡ ਦੇ ਇਲਾਕੇ ‘ਚ ਪਹੁੰਚਾਇਆ ਗਿਆ। ਏ.ਜੇ.ਡਬਲਿਊ ਕਿਚਨ ਕਮਿਸ਼ਨਰ ਲਾਹੌਰ ਡਿਵੀਜਨ ਨੂੰ ਸਾਰੇ ਹਲਾਤ ਦਾ ਚਾਰਜ ਦਿੱਤਾ ਗਿਆ।ਬਾਕੀ ਕਾਰਵਾਈ ਫੌਜ ਹਵਾਲੇ ਕਰ ਦਿੱਤੀ ਅਤੇ ਜਲੰਧਰ ਤੋਂ ਜਨਰਲ ਡਾਇਰ ਆਪਣੀ ੪੫ ਵੀਂ ਬ੍ਰਿਗੇਡ ਨਾਲ ਰਾਤ ੯ ਵਜੇ ਅੰਮ੍ਰਿਤਸਰ ਆ ਗਿਆ।ਜਨਰਲ ਡਾਇਰ ਨੇ ਇੱਥੇ ਰਾਮ ਬਾਗ਼ ‘ਚ ਆਪਣਾ ਫੌਜੀ ਕੈਂਪ ਸਥਾਪਿਤ ਕਰ ਲਿਆ।

੧੨ ਅਪ੍ਰੈਲ ੧੯੧੯

ਜਨਰਲ ਡਾਇਰ ਨੇ ਪੂਰੇ ਸ਼ਹਿਰ ਦੀ ਗਸ਼ਤ ਕੀਤੀ।ਇਸ ਦੌਰਾਨ ਡਾਇਰ ਨਾਲ ੪੦੦ ਫੌਜੀ ਅਤੇ ੨ ਕਾਰਾਂ ਸਨ।ਦੂਜੇ ਪਾਸੇ ਅੰਦੋਲਨਕਾਰੀਆਂ ਵੱਲੋਂ ਹਿੰਦੂ ਸਭਾ ਸਕੂਲ ‘ਚ ਜੱਲ੍ਹਿਆਂਵਾਲ਼ੇ ਬਾਗ਼ ‘ਚ ਇੱਕਠ ਕਰਨ ਦਾ ਸੱਦਾ ਦਿੱਤਾ ਗਿਆ।

ਕਾਲਾ ਐਤਵਾਰ ੧੩ ਅਪ੍ਰੈਲ ੧੯੧੯

ਐਤਵਾਰ ਨੂੰ ਹਲਾਤ ਬਹੁਤ ਨਾਜ਼ੁਕ ਸਨ।੧੦ ਅਪ੍ਰੈਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਵਿਸਾਖੀ ਮੌਕੇ ਇਕੱਠੀਆਂ ਹੋ ਰਹੀਆਂ ਸਨ।ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਿੰਸਕ ਹਲਾਤ ਅਤੇ ਸੱਤਿਆਗ੍ਰਹਿ ਅੰਦੋਲਣ ਦਾ ਜਮਘਟ ਸੀ।ਉਹਨਾਂ ਦਿਨਾਂ ਦੇ ਸ਼ਹਿਰ ਦੇ ਹਲਾਤ ਕੀ ਸਨ ਇਸ ਦਾ ਜ਼ਿਕਰ ਉੱਪਰ ਕਰ ਚੁੱਕੇ ਹਾਂ। ਸਵੇਰੇ ਜਨਰਲ ਡਾਇਰ ਅਤੇ ਮਾਈਲਜ਼ ਇਰਵਿੰਗ ਨੇ ਸ਼ਹਿਰ ‘ਚ ਗਸ਼ਤ ਕੀਤੀ ਅਤੇ ਪੰਜਾਬੀ-ਉਰਦੂ ‘ਚ ਹੋਕਾ ਦਿੱਤਾ ਕਿ ਸ਼ਹਿਰ ‘ਚ ਇੱਕਠ ਨਾ ਕੀਤਾ ਜਾਵੇ, ਇੰਝ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ।ਇਹ ਹੋਕਾ ਜੱਲ੍ਹਿਆਂਵਾਲ਼ਾ ਬਾਗ਼ ਤੋਂ ਦੂਰ ੧੯ ਹੋਰਨਾਂ ਥਾਵਾਂ ‘ਤੇ ਦਿੱਤਾ ਗਿਆ ਸੀ।ਖ਼ਾਲਸੇ ਦੇ ਜਨਮ ਦਿਨ ਨੂੰ ਮਨਾਉਂਦੀਆਂ ਸੰਗਤਾਂ ਵਿਹਲ ‘ਚ ਬਾਗ਼ ਵਾਲੀ ਥਾਂ ‘ਤੇ ਆਰਾਮ ਕਰਨ ਲਈ ਬੈਠੀਆਂ ਸਨ।ਦੂਜੇ ਪਾਸੇ ਸੱਤਿਆਗ੍ਰਹਿ ਦੇ ਹੱਕ ‘ਚ ਰੌਲੇਟ ਐਕਟ ਦੇ ਵਿਰੋਧ ‘ਚ ਵੀ ਇੱਥੇ ਲੋਕ ਇੱਕਠੇ ਹੋਣ ਲੱਗੇ।ਇੱਕਠ ‘ਚ ਅੰਦੋਲਣਕਾਰੀ ਵੀ ਸਨ, ਦੂਰ ਦੁਰਾਡਿਓਂ ਆਏ ਲੋਕ ਵੀ ਅਤੇ ਇਹਨਾਂ ਲੋਕਾਂ ‘ਚ ਬੱਚੇ, ਜਨਾਨੀਆਂ, ਬਜ਼ੁਰਗ ਹਰ ਕੋਈ ਸੀ।

ਦੁਪਹਿਰ ੧.੩੦ ਵਜੇ ਜਨਰਲ ਡਾਇਰ ਨੂੰ ਖ਼ਬਰ ਪਹੁੰਚੀ ਕਿ ਬਾਗ਼ ‘ਚ ਇੱਕਠ ਹੋ ਰਿਹਾ ਹੈ ਅਤੇ ਇਹਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।ਉਸ ਦਿਨ ਸ਼ਾਮ ੫ ਵਜੇ ਤੱਕ ੧੫੦੦੦-੨੦੦੦੦ ਲੋਕਾਂ ਦਾ ਵੱਡਾ ਇੱਕਠ ਜਲ੍ਹਿਆਂਵਾਲ਼ੇ ਬਾਗ਼ ‘ਚ ਸੀ।ਉਸ ਸਮੇਂ ਸਟੇਜ ਤੋਂ ਵੱਖ ਵੱਖ ਬੁਲਾਰੇ ਲੋਕਾਂ ਨੂੰ ਰੌਲੇਟ ਐਕਟ ਦੇ ਵਿਰੋਧ ‘ਚ ਸੰਬੋਧਿਤ ਹੋ ਰਹੇ ਸਨ।ਬ੍ਰਿਜ ਬੈਕਾਲ ਆਪਣੀ ‘ਫਰਿਆਦ’ ਕਵਿਤਾ ਸੁਣਾਕੇ ਮੰਚ ਤੋਂ ਹੇਠਾਂ ਆਇਆ ਸੀ ਅਤੇ ‘ਵਕਤ’ ਸਮਾਚਾਰ ਦਾ ਸੰਪਾਦਕ ਦੁਰਗਾ ਦਾਸ ਵੈਦ ਸਟੇਜ ਤੋਂ ਸੰਬੋਧਣ ਹੋਣ ਆ ਗਿਆ ਸੀ।ਜਨਰਲ ਡਾਇਰ ਨੇ ਬਿਨਾਂ ਚੇਤਾਵਨੀ ਤੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ।੧੦ ਮਿੰਟ ‘ਚ ੧੫੦੦੦ ਨਿੱਹਥੇ ਲੋਕਾਂ ਦੀ ਕੁਰਲਾਹਟ ਨਾਲ ਧਰਤੀ ਥਰਥਰਾ ਗਈ।ਕਹਿੰਦੇ ਹਨ ਕਿ ਡਾਇਰ ਨੇ ੧੬੫੦ ਰੌਂਦ ਚਲਾਏ ਜਿਹਨਾਂ ‘ਚੋਂ ੩੦੩ ਗੋਲ਼ੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ ‘ਤੇ ਮੌਜੂਦ ਹਨ।ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ਼ ਦੇ ਖ਼ੂਹ ‘ਚ ਛਾਲਾਂ ਮਾਰੀਆਂ।ਇਸ ਵਹਿਸ਼ਤ ਭਰੀ ਕਾਰਵਾਈ ‘ਚ ੪੦੦ ਤੋਂ ੨੦੦੦ ਬੰਦਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਅਜੇ ਤੱਕ ਕੋਈ ਵੀ ਪੁਖ਼ਤਾ ਗਿਣਤੀ ਸਾਹਮਣੇ ਨਹੀਂ ਆਈ।ਇਸ ਦੌਰਾਨ ਫੌਜ ਅਤੇ ਲੋਕਾਂ ‘ਚ ੪੦ ਗਜ਼ ਦਾ ਫਾਸਲਾ ਸੀ।ਡਾਇਰ ਦੀ ਇਸ ਕਾਰਵਾਈ ‘ਚ ੫੪ ਸਿੱਖ ਰੈਜੀਮੈਂਟ, ੨੯ ਗੋਰਖਾ ਅਤੇ ਸਿੰਧੀ, ਬਲੋਚੀ ਪਠਾਣਾਂ ਦੀ ੫੯ ਸਿੰਧ ਰਾਈਫਲ ਨੇ ਹਿੱਸਾ ਲਿਆ।

੧੪ ਅਪ੍ਰੈਲ ਨੂੰ ਜਨਰਲ ਡਾਇਰ ਦਾ ਸੰਬੋਧਨ

“ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਇੱਕ ਸਿਪਾਹੀ ‘ਤੇ ਫੌਜੀ ਹਾਂ।ਜੇਕਰ ਤੁਸੀ ਅਮਨ ਚਾਹੁੰਦੇ ਹੋ ਤਾਂ ਮੇਰੇ ਹੁਕਮ ਮੰਨੋ ਅਤੇ ਸਾਰੇ ਆਪਣੀਆਂ ਦੁਕਾਨਾਂ ਖੋਲ੍ਹੋ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ।ਮੇਰੇ ਲਈ ਫਰਾਂਸ ਦਾ ਜੰਗ-ਏ-ਮੈਦਾਨ ਅਤੇ ਅੰਮ੍ਰਿਤਸਰ ਇੱਕੋ ਬਰਾਬਰ ਹੈ।ਮੈਂ ਇੱਕ ਫੌਜੀ ਹੋਣ ਦੇ ਨਾਤੇ ਸਿੱਧਾ- ਸਾਧਾ ਚੱਲਾਂਗਾ।ਨਾ ਮੈਂ ਸੱਜੇ ਜਾਵਾਂਗਾ…ਨਾ ਹੀ ਖੱਬੇ …ਦੁਕਾਨਾਂ ਤਾਕਤ ਨਾਲ ਅਤੇ ਬੰਦੂਕਾਂ ਨਾਲ ਖੁਲਵਾ ਲਈਆਂ ਜਾਣਗੀਆਂ।ਤੁਸੀਂ ਸਰਕਾਰ ਦਾ ਵਿਰੋਧ ਕਰਦੇ ਹੋ ਅਤੇ ਬੰਗਾਲ ਦੇਸ਼-ਧ੍ਰੋਹ ਦੀ ਗੱਲ ਕਰਦਾ ਹੋ।ਮੈਂ ਇਹਨਾਂ ਸਭ ਦੀ ਰਿਪੋਰਟ ਕਰਾਂਗਾ।ਮੈਨੂੰ ਫੌਜ ‘ਚ ਆਪਣੀਆਂ ਸੇਵਾਵਾਂ ਨਿਭਾਉਂਦੇ ਤੀਹ ਵਰ੍ਹੇ ਹੋ ਚੱਲੇ ਹਨ।ਮੈਂ ਸਮਝਦਾ ਹਾਂ ਕਿ ਭਾਰਤੀ ਫੌਜੀ ਅਤੇ ਸਿੱਖ ਬਹੁਤ ਚੰਗੇ ਹੁੰਦੇ ਹਨ।ਜੇਕਰ ਤੁਹਾਨੂੰ ਕੋਈ ਬਦਮਾਸ਼ ਤੰਗ ਕਰਦਾ ਹੈ ਤਾਂ ਇਸਦੀ ਖਬਰ ਮੈਨੂੰ ਦਿਉ ਮੈਂ ਉਸ ‘ਤੇ ਗੋਲੀ ਚਲਾ ਦਿਆਂਗਾ। ਇਸ ਲਈ ਮੇਰਾ ਹੁਕਮ ਮੰਨੋ ਅਤੇ ਆਪਣੀਆਂ ਦੁਕਾਨਾਂ ਖੋਲ੍ਹੋ।ਜੇ ਤੁਸੀਂ ਜੰਗ ਚਾਹੁੰਦੇ ਹੋ ਤਾਂ ਬੋਲ ਦਿਉ।ਤੁਸੀਂ ਬ੍ਰਿਟਿਸ਼ ਲੋਕਾਂ ਨੂੰ ਮਾਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਜਿਸਦਾ ਬਦਲਾ ਤੁਹਾਡੇ ਤੋਂ ਅਤੇ ਤੁਹਾਡੇ ਬੱਚਿਆਂ ਤੋਂ ਲਿਆ ਜਾਵੇਗਾ।”

੧੫ ਅਪ੍ਰੈਲ ਮਾਰਸ਼ਲ ਲਾਅ

੧੩ ਅਪ੍ਰੈਲ ਦੀ ਘਟਨਾ ਤੋਂ ਬਾਅਦ ਰਾਤ ੮ ਵਜੇ ਤੋਂ ਸਵੇਰੇ ੬ ਵਜੇ ਤੱਕ ਕਰਫਿਊ ਲਾ ਦਿੱਤਾ ਗਿਆ।ਇਸ ਤੋਂ ਬਾਅਦ ਜਨਰਲ ਡਾਇਰ ਨੇ ਫਿਰ ਸ਼ਹਿਰ ਨੂੰ ਸੰਬੋਧਿਤ ਕੀਤਾ।ਹੁਣ ਸ਼ਹਿਰ ‘ਚ ਮਾਰਸ਼ਲ ਲਾਅ ਲਾਗੂ ਸੀ।ਪ੍ਰੈਸ ਨੂੰ ਪੂਰੀ ਤਰ੍ਹਾਂ ਜਬਤ ਕਰ ਲਿਆ ਗਿਆ।ਅੰਮ੍ਰਿਤਸਰ ਦੀਆਂ ਤਮਾਮ ਖ਼ਬਰਾਂ ਦੇਸ਼ ਦੁਨੀਆਂ ਦੇ ਦੂਜੇ ਹਿੱਸੇ ਬਹੁਤ ਦੇਰ ਨਾਲ ਪਹੁੰਚੀਆਂ।ਬਾਗ਼ ‘ਚ ਜ਼ਖ਼ਮੀਆਂ ਦੀ ਹਾਲਤ ਬਹੁਤ ਨਾਜ਼ੁਕ ਸੀ।ਉਹਨਾਂ ਨੂੰ ਮੁੱਢਲੀ ਡਾਕਟਰੀ ਜਾਂਚ ਦੀ ਕੋਈ ਸਹੂਲਤ ਜਾਂ ਬੰਦੋਬਸਤ ਨਹੀਂ ਸੀ।ਕੂਚਾ ਕੌੜਿਆਂਵਾਲ਼ੇ ਜਿੱਥੇ ਸ਼ੀਅਰਵੁੱਡ ਨਾਲ ਹਾਦਸਾ ਹੋਇਆ ਸੀ ‘ਚ ਅੰਗਰੇਜ਼ਾਂ ਨੇ ਅਜਬ ਦਸਤੂਰ ਚਲਾਇਆ।ਇਸ ਗਲੀ ‘ਚੋਂ ਸਭ ਨੂੰ ਲੰਮੇ ਪੈਕੇ ਘਿਸਰਕੇ ਤੁਰਨਾ ਪੈਂਦਾ ਸੀ।ਅਜਿਹਾ ਕਰਨ ‘ਤੇ ਕੜਿੱਕੀ ਨਾਲ ਬੰਨ੍ਹ ਨੰਗਾ ਕਰ ਕੌੜੇ ਮਾਰੇ ਜਾਂਦੇ ਸਨ।ਇਸ ਸਾਕੇ ‘ਚ ਬੀਬੀ ਅਤਰ ਕੌਰ ਅਤੇ ਰਤਨਾ ਦੇਵੀ ਦਾ ਜ਼ਿਕਰ ਉੱਚੇਚਾ ਆਉਂਦਾ ਹੈ।ਬੀਬੀ ਅਤਰ ਕੌਰ ਆਪਣੇ ਛੇ ਮਹੀਨੇ ਦੇ ਗਰਭ ਨਾਲ ਸੀ ਅਤੇ ਆਪਣੇ ਪਤੀ ਭਾਗ ਮੱਲ ਭਾਟੀਆ ਦੀ ਲੋਥ ਨੂੰ ਆਪ ਆਪਣੇ ਮੋਢੇ ‘ਤੇ ਢੋਇਆ।ਇਸ ਦੌਰਾਨ ਉਹਨੇ ਹੋਰਨਾਂ ਜ਼ਖ਼ਮੀਆਂ ਦੀ ਮਦਦ ਵੀ ਕੀਤੀ।ਮਾਰਸ਼ਲ ਲਾਅ ਹੋਣ ਕਰਕੇ ਕੋਈ ਇੱਕ ਦੂਜੇ ਦੀ ਮਦਦ ਨੂੰ ਅੱਗੇ ਨਹੀਂ ਸੀ ਵੱਧ ਰਿਹਾ।ਇਸ ਖ਼ੂਨੀ ਵਿਸਾਖੀ ਨੂੰ ਰਤਨਾ ਦੇਵੀ ਦੇ ਪਤੀ ਦਾ ਵੀ ਕਤਲ ਹੋਇਆ।ਰਤਨਾ ਦੇਵੀ ਸਾਰੀ ਰਾਤ ਆਪਣੇ ਪਤੀ ਦੀ ਲੋਥ ਲਈ ਪਹਿਰਾ ਦਿੰਦੀ ਰਹੀ।ਬਾਗ਼ ‘ਚ ਲਾਸ਼ਾਂ ਦੇ ਢੇਰ ਸਨ ਅਤੇ ਅਵਾਰਾ ਕੁੱਤਿਆਂ ਦੀ ਹੇੜ ਲਾਸ਼ਾਂ ਨੂੰ ਸੁੰਘਦੀ ਫਿਰਦੀ ਸੀ।ਰਤਨਾ ਦੇਵੀ ਸਾਰੀ ਰਾਤ ਜਾਗਦੀ ਰਹੀ ਤਾਂ ਕਿ ਉਹਦੇ ਘਰਵਾਲੇ ਦੀ ਲਾਸ਼ ਨੂੰ ਕੋਈ ਜਾਨਵਰ ਮੂੰਹ ਨਾ ਮਾਰੇ।ਸਵੇਰ ਹੁੰਦਿਆਂ ਰਤਨਾ ਦੇਵੀ ਆਪਣੇ ਘਰਵਾਲੇ ਦੀ ਲੋਥ ਚੁੱਕਕੇ ਘਰਾਂ ਨੂੰ ਪਰਤ ਰਹੀ ਸੀ।ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦਿਨਾਂ ‘ਚ ਕਿੰਨੇ ਪਰਿਵਾਰਾਂ ਦੇ ਜਨਾਜੇ ਅਜਾਈਂ ਉੱਠ ਗਏ।ਇਹ ਸਾਕਾ ੧੦੦ ਸਾਲ ਬਾਅਦ ਵੀ ਮਨੁੱਖਤਾ ਦੇ ਘਾਣ ਵਾਲਾ ਵੱਡਾ ਜ਼ਖ਼ਮ ਹੈ।

ਅਖ਼ੀਰ…

੧੩ ਅਪ੍ਰੈਲ ਦੀ ਘਟਨਾ ਤੋਂ ਬਾਅਦ ਬਰਤਾਨਵੀ ਭਾਰਤ ਸਰਕਾਰ ਨੇ ਅਗਲੇ ਸਾਲ ਪੂਰੇ ਘਟਨਾਕ੍ਰਮ ਦੀ ਨਿਸ਼ਾਨਦੇਹੀ ਕੀਤੀ ਅਤੇ ਮ੍ਰਿਤਕ ਪਰਿਵਾਰ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਗਿਆ।ਕਈ ਪਰਿਵਾਰਾਂ ਨੇ ਇਹ ਮੁਆਵਜ਼ਾ ਲੈਣ ਤੋਂ ਮਨ੍ਹਾਂ ਕਰ ਦਿੱਤਾ।ਇਸ ਤੋਂ ਇਲਾਵਾ ਕਾਂਗਰਸ ਨੇ ਇਸ ਸਾਕੇ ਬਾਰੇ ਆਪਣੀ ਰਿਪੋਰਟ ਤਿਆਰ ਕੀਤੀ।ਇਤਿਹਾਸ ‘ਚ ਇਹ ਵੀ ਜ਼ਿਕਰ ਹੈ ਕਿ ਕਾਂਗਰਸ ਦਾ ਵੱਡਾ ਇਜਲਾਸ ਦਸੰਬਰ ੧੯੧੮ ਨੂੰ ਤੈਅ ਹੋ ਗਿਆ ਸੀ ਕਿ ਅਗਲੇ ਸਾਲ ਇਸੇ ਮਹੀਨੇ ੧੯੧੯ ‘ਚ ਸੰਮੇਲਨ ਅੰਮ੍ਰਿਤਸਰ ਹੋਵੇਗਾ।ਇਸ ਸੰਮੇਲਨ ‘ਚ ਕਾਂਗਰਸ ਨੇ ਜਲ੍ਹਿਆਂਵਾਲ਼ਾ ਬਾਗ਼ ਬਾਰੇ ਕੁਝ ਨਹੀਂ ਬੋਲਿਆ ਅਤੇ ਨਾ ਹੀ ਡਾਇਰ ਦੀ ਕਾਰਵਾਈ ਨੂੰ ਨਿੰਦਿਆ।

ਕਹਿੰਦੇ ਹਨ ਦਰਬਾਰ ਸਾਹਿਬ ਵਿਖੇ ਜਥੇਦਾਰ ਅਰੂੜ ਸਿੰਘ ਨੇ ਡਾਇਰ ਨੂੰ ਸਨਮਾਨਿਤ ਵੀ ਕੀਤਾ।ਅਰੂੜ ਸਿੰਘ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ।ਇਸ ਲਈ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀਆਂ ਤੋਂ ਮਾਫੀ ਵੀ ਮੰਗੀ ਸੀ।ਇਸ ਘਟਨਾ ਬਾਰੇ ਬਰਤਾਨੀਆ ਦੇ ਪ੍ਰਧਾਨਮੰਤਰੀ ਡੇਵਿਡ ਕੈਮਰੂਨ ਨੇ ੨੦੧੩ ‘ਚ ਜਲ੍ਹਿਆਂਵਾਲ਼ੇ ਬਾਗ਼ ‘ਚ ਬੋਲਦਿਆਂ ਕਿਹਾ ਸੀ ਕਿ ਇਹ ਬਰਤਾਨਵੀ ਇਤਿਹਾਸ ਦਾ ਸ਼ਰਮਨਾਕ ਕਿੱਸਾ ਹੈ।ਕਹਿੰਦੇ ਹਨ ਕਿ ਉਹਨਾਂ ਸਮਿਆਂ ‘ਚ ਇੰਗਲੈਂਡ ਦੇ ਪ੍ਰਧਾਨਮੰਤਰੀ ਵਿਨਸੈਂਟ ਚਰਚਿਲ ਨੇ ਡਾਇਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਸੀ। ਇਸ ਪੂਰੀ ਘਟਨਾ ‘ਚ ਸਾਰੀ ਨਫ਼ਰਤ ਡਾਇਰ ਨੂੰ ਲੈਕੇ ਤਾਂ ਹੈ ਪਰ ਹੰਸ ਰਾਜ ਇਤਿਹਾਸ ਦੇ ਅਣਫੋਲੇ ਵਰਕਿਆਂ ‘ਚ ਜ਼ਿਕਰ ਕਿਉਂ ਨਾ ਬਣਿਆ? ਹੰਸ ਰਾਜ ਸ਼ਹਿਰ ‘ਚ ਸੱਤਿਆਗ੍ਰਹਿ ਦਾ ਜੁਆਇੰਟ ਸਕੱਤਰ ਅਤੇ ਹਿੰਦੂ ਸਭਾ ਸਕੂਲ ‘ਚ ਹੋਈ ਬੈਠਕ ਦਾ ਪ੍ਰਬੰਧਕ ਸੀ।ਜ਼ਿਕਰ ਹੈ ਕਿ ਸਾਕੇ ਵਾਲੇ ਦਿਨ ਹੰਸ ਰਾਜ ਚਿੱਟਾ ਰੁਮਾਲ ਸੁੱਟਕੇ ਸਟੇਜ ਤੋਂ ਇਸ਼ਾਰਾ ਕਰ ਉਤਰਿਆ ਸੀ।ਇਹ ਬਾਅਦ ‘ਚ ਅੰਗਰੇਜ਼ ਸਰਕਾਰ ਦਾ ਗਵਾਹ ਬਣਿਆ ਅਤੇ ਅੰਗਰੇਜ਼ਾਂ ਨੇ ਹੰਸ ਰਾਜ ਨੂੰ ਇਸ ਲਈ ਦੇਸ਼ ਤੋਂ ਬਾਹਰ ਮਹਿਫੂਜ਼ ਥਾਂ ‘ਤੇ ਭੇਜ ਦਿੱਤਾ ਸੀ।

ਮਾਰਚ ੧੯੨੦ ‘ਚ ਜਨਰਲ ਡਾਇਰ ਨੂੰ ਜਲੰਧਰ ਤੋਂ ਵਾਪਸ ਬੁਲਾ ਲਿਆ ਸੀ।੧੯੧੯ ਸਾਕੇ ਤੋਂ ਬਾਅਦ ਹੰਟਰ ਕਮੇਟੀ ਬਣਾਈ ਗਈ।ਵਿਲੀਅਮ ਹੰਟਰ ਇਸ ਕਮੇਟੀ ਦੇ ਚੇਅਰਮੈਨ ਸਨ।ਇਹ ਰਿਪੋਰਟ ੪੬ ਦਿਨਾਂ ‘ਚ ਤਿਆਰ ਕੀਤੀ ਗਈ।ਉਹਨਾਂ ਸਾਲਾਂ ‘ਚ ਭਾਰਤ ਦੇ ਵੱਖ ਵੱਖ ਥਾਵਾਂ ‘ਚੋਂ ਅੰਮ੍ਰਿਤਸਰ, ਲਾਹੌਰ, ਗੁਜਰਾਤ, ਰਾਵਲਪਿੰਡੀ ਅਤੇ ਗੁਜਰਾਂਵਾਲਾ ਵੀ ਹਿੰਸਕ ਘਟਨਾਵਾਂ ਹੋਈ।ਕਮੇਟੀ ਨੇ ਇਹਨਾਂ ਥਾਵਾਂ ‘ਤੇ ਜਾਕੇ ਰਿਪੋਰਟ ਤਿਆਰ ਕੀਤੀ।ਹੰਟਰ ਕਮੇਟੀ ਦੀ ਰਿਪੋਰਟ ਇਨਸਾਫ ਦੇ ਨਾਮ ‘ਤੇ ਘੱਟਾ ਹੀ ਸੀ।ਹੰਟਰ ਕਮੇਟੀ ਨੇ ਡਾਇਰ ਦੀ ਕਾਰਵਾਈ ਨੂੰ ਅਣਮਨੁੱਖੀ ਕਿਹਾ ਪਰ ਕਿਸੇ ਵੀ ਤਰ੍ਹਾਂ ਸਾਫ ਐਕਸ਼ਨ ਦੀ ਕੋਈ ਸਿਫਾਰਸ਼ ਨਹੀਂ ਕੀਤੀ।ਹੰਟਰ ਕਮੇਟੀ ਸਾਹਮਣੇ ਡਾਇਰ ਨੇ ਆਪਣੇ ਆਪ ਨੂੰ ਸਹੀ ਦੱਸਿਆ।ਇੰਗਲੈਂਡ ਦਾ ਹਾਊਸ ਆਫ ਕਾਮਨ ਬਹੁਮਤ ਤੋਂ ਡਾਇਰ ਦੇ ਹੱਕ ‘ਚ ਹੀ ਭੁਗਤਿਆ।

Scroll to Top