ਜੱਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ..
ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute
ਉਹ ਅਫ਼ਸਰ…ਬਾਗ਼ੀ ਫ਼ਰੰਗੀ: ਪਰਮਜੀਤ ਮੀਸ਼ਾ
ਚੰਡੀਗੜ੍ਹ 13 ਅਪ੍ਰੈਲ 2022: ਸੱਚ ਨੂੰ ਜਾਣਨ ਤੇ ਖੋਜਣ ਦੀ ਚਾਹਤ ਮਨੁੱਖ ਦੀ ਸੁਭਾਵਕ ਬਿਰਤੀ ਹੈ। ਸੱਚ ਦੀ ਤਲਾਸ਼ ਨੇ ਹੀ ਮਨੁੱਖੀ ਇਤਿਹਾਸ ਦੇ ਕਈ ਪੁਰਾਤਨ ਤੱਥਾਂ ਨੂੰ ਸ਼ੱਕ ਦੇ ਕਟਹਿਰੇ ਤੱਕ ਪਹੁੰਚਾਇਆ ਹੈ। ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਕਈ ਇਤਿਹਾਸਕ ਪੰਨੇ ਅਜੇ ਵੀ ਨਿਰਪੱਖ ਖੋਜ ਦੀ ਉਡੀਕ ਵਿੱਚ ਹਨ। ਅਜਿਹੇ ਪੰਨਿਆਂ ਵਿੱਚੋਂ ਹੀ ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਜਿੱਥੇ ਇਕ ਦਰਦਨਾਕ ਕਤਲੇਆਮ ਦੀ ਘਟਨਾ ਵਜੋਂ ਸਾਡੀਆਂ ਸਿਮਰਤੀਆਂ ਵਿੱਚ ਮੌਜੂਦ ਹੈ, ਓਥੇ ੧੮੫੭ ਦੇ ਗ਼ਦਰ ਤੋਂ ਬਾਅਦ ਇਕ ਅਜਿਹੀ ਦੂਜੀ ਵੱਡੀ ਬਗ਼ਾਵਤ ਵਜੋਂ ਵੀ ਮਾਨਤਾ ਰੱਖਦਾ ਹੈ, ਜਿਸਨੇ ਹਿੰਦੋਸਤਾਨ ਵਿੱਚੋਂ ਬ੍ਰਿਟਿਸ਼ ਰਾਜ ਦੇ ਖ਼ਾਤਮੇ ਦੀ ਨੀਂਹ ਰੱਖੀ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਆਮ ਲੋਕਾਂ ਦੇ ਦਿਲਾਂ ਵਿਚਲਾ ਰੋਸ ਰੋਹ ਅਤੇ ਨਫ਼ਰਤ ਵਿੱਚ ਤਬਦੀਲ ਹੋਣ ਲੱਗ ਪਿਆ।
ਸੱਚ ਤੱਕ ਪੁੱਜਣ ਦੀ ਸੁਭਾਵਕ ਚਾਹਤ ਨੇ ਹੀ ਮੈਨੂੰ ਇਕ ਅਜਿਹੇ ਸਫ਼ਰ ‘ਤੇ ਚੱਲਣ ਦਾ ਮੌਕਾ ਓਦੋਂ ਪ੍ਰਦਾਨ ਕੀਤਾ ਜਦੋਂ ਮੈ ਪਾਕਿਸਤਾਨੀ ਪੰਜਾਬੀ ਅਦੀਬ ਨੈਣ ਸੁੱਖ ਦੀ ਕਿਤਾਬ ‘ਆਈ ਪੁਰੇ ਦੀ ਵਾਅ’ ਵਿਚਲੀ ਕਹਾਣੀ ‘ਕੰਮ ਵਾਲੀ’ ਪੜ੍ਹਣੀ ਸ਼ੁਰੂ ਕੀਤੀ। ਇਹ ਕਹਾਣੀ ਪਾਕਿਸਤਾਨੀ ਰੇਡੀਓ, ਟੀ.ਵੀ. ਅਤੇ ਫ਼ਿਲਮੀ ਆਰਟਿਸਟ ਆਲੀਆ ਬੇਗਮ ਬਾਰੇ ਸੀ, ਜਿਸਨੇ ਆਪਣੀ ਹਯਾਤੀ ਦਾ ਸਫ਼ਰ ਕੰਮ ਵਾਲੀ ਤੋਂ ਘਰ ਵਾਲੀ ਅਤੇ ਫਿਰ ਘਰ ਵਾਲੀ ਤੋਂ ਕੰਮ ਵਾਲੀ ਤੱਕ ਕਿਵੇਂ ਤੇ ਕਿੰਨੀ ਵਾਰ ਹੰਢਾਇਆ। ਪਰ ਮੇਰਾ ਸਾਰਾ ਧਿਆਨ ਕਹਾਣੀ ਵਿਚਲੇ ਅਣਵੰਡੇ ਹਿੰਦੋਸਤਾਨ ਨਾਲ ਸਬੰਧਿਤ ਉਹਨਾਂ ਤੱਥਾਂ ਵੱਲ ਸੀ, ਜਿਹਨਾਂ ਬਾਰੇ ਭਾਰਤੀ ਇਤਿਹਾਸਕਾਰ ਜਾਂ ਤਾਂ ਅਨਜਾਣ ਸਨ ਜਾਂ ਰਾਜਨੀਤਿਕ ਕਾਰਨਾਂ ਕਰਕੇ ਅੱਜ ਤੱਕ ਚੁੱਪ ਹਨ ।
ਕਹਾਣੀ ਦੀ ਨਾਇਕਾ ਆਲੀਆ ਬੇਗਮ ਦੀ ਵੱਡੀ ਭੈਣ ਬਸ਼ੀਰ ਬੇਗਮ ਲਾਹੌਰ ਦੇ ਇਕ ਆਨਰੇਰੀ ਮੈਜਿਸਟਰੇਟ ਅਸਲਮ ਬੇਗ ਨਾਲ ਵਿਆਹੀ ਹੋਈ ਸੀ। ਤੁਰਕੀ ਪਿਛੋਕੜ ਦਾ ਵਿਖਾਵਾ ਕਰਨ ਵਾਲਾ ਇਹ ਜੱਜ ਲੁਕਵੇਂ ਢੰਗ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਿਆਸੀ ਕੈਦੀਆਂ ਦੀ ਜੇਲ੍ਹ ਵਿੱਚ ਮਦਦ ਕਰਦਾ ਸੀ, ਉਹਨਾਂ ਦੀਆਂ ਜ਼ਮਾਨਤਾਂ ਕਰਵਾਉਂਦਾ ਸੀ ਅਤੇ ਗੰਗਾਧਰ ਦੇ ਨਾਂ ਹੇਠ ਫ਼ਰੰਗੀ ਸਰਕਾਰ ਖ਼ਿਲਾਫ਼ ਤਿੱਖੇ ਲੇਖ ਵੀ ਲਿਖਦਾ ਸੀ। ‘ਮਿਲਾਪ’ ਅਖ਼ਬਾਰ ਦੇ ਦਫ਼ਤਰ ਵਿੱਚੋਂ ਹੀ ਇਸ ਜੱਜ ਦੇ ਖ਼ਿਲਾਫ਼ ਮੁਖ਼ਬਰੀ ਹੋਈ ਅਤੇ ਜਿੰਨੀ ਦੇਰ ਵਿੱਚ ਖ਼ੁਫ਼ੀਆ ਪੁਲਿਸ ਗੰਗਾਧਰ ਨੂੰ ਦਬੋਚਣ ਲਈ ਜੱਜ ਸਾਹਿਬ ਦੀ ਹਵੇਲੀ ‘ਚ ਪਹੁੰਚਦੀ, ਓਨੀ ਦੇਰ ‘ਚ ਅਸਲਮ ਬੇਗ ਆਪਣੀ ਬੀਵੀ ਤੇ ਸਾਲੀ ਸਮੇਤ ਫ਼ਰਾਰ ਹੋ ਗਿਆ।
ਇਹ ਤਿੰਨੋ ਮਫ਼ਰੂਰ ਲੁਕਦੇ- ਛੁਪਦੇ ਲਾਹੌਰੋਂ ਮੁਲਤਾਨ, ਹੈਦਰਾਬਾਦ, ਸਿੰਧ, ਮੀਰਪੁਰ ਖ਼ਾਸ, ਜੋਧਪੁਰ, ਪਾਲਨਪੁਰ, ਹੁੰਦੇ ਹੋਏ ਅਹਿਮਦਾਬਾਦ ਪੁੱਜੇ। ਅਗਲੇ ਸਫ਼ਰ ਲਈ ਭਾੜਾ ਨਾ ਹੋਣ ਕਾਰਨ ਲਾਵਾਰਸਾਂ ਹਾਰ ਸਟੇਸ਼ਨ ‘ਤੇ ਬੈਠਿਆਂ ਨੂੰ ਕੁਲੀ ਅਬਦੁੱਲ ਰਹਿਮਾਨ ਨੇ ਸਹਾਰਾ ਦਿੱਤਾ। ਜੱਜ (ਅਸਲਮ ਬੇਗ) ਤੇ ਕੁਲੀ (ਅਬਦੁੱਲ ਰਹਿਮਾਨ) ਦੀ ਦੁਸ਼ਮਣ-ਦੋਸਤੀ ਓਦੋਂ ਰਿਸ਼ਤੇਦਾਰੀ ਵਿੱਚ ਤਬਦੀਲ ਹੋ ਗਈ, ਜਦੋਂ ਇਹ ਰਾਜ਼ ਖੁੱਲ੍ਹਾ ਕਿ ਅਬਦੁੱਲ ਰਹਿਮਾਨ ਅਸਲ ਵਿੱਚ ਜੇਮਜ਼ ਵਿਲੀਅਮ ਮੈਸੀ ਹੈ। ਬਰਤਾਨਵੀ ਫ਼ੌਜ ਦੀ ਫ਼ਸਟ ਗੈਰੀਸਨ ਬਟਾਲੀਅਨ ਦਾ ਉਹ ਆਇਰਸ਼ ਅਫ਼ਸਰ ਜਿਹੜਾ ਕਿਸੇ ਸਮੇਂ ਅੰਮ੍ਰਿਤਸਰ ਦਾ ਕਮਾਂਡਿੰਗ ਅਫ਼ਸਰ ਸੀ।
ਇਸੇ ਅਫ਼ਸਰ ਨੇ ੧੩ ਅਪ੍ਰੈਲ ੧੯੧੯ ਨੂੰ ਜੱਲ੍ਹਿਆਂ ਵਾਲਾ ਬਾਗ਼ ਵਿਖੇ ਰੌਲਟ ਐਕਟ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਲੋਕਾਂ ਉਪਰ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ। ਇਸ ਨਾਫ਼ਰਮਾਨੀ ਕਾਰਨ ਉਸਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਅਤੇ ਕੈਦ ਹੋਣ ਉਪਰੰਤ ਉਸਨੇ ਫ਼ਰਾਰ ਹੋ ਕੇ, ਭੇਸ ਬਦਲ ਕੇ ਬ੍ਰਿਟਿਸ਼ ਕਾਫ਼ਲਿਆਂ ਨੂੰ ਲੁੱਟਣ ਅਤੇ ਭਾਰਤੀ ਅਜ਼ਾਦੀ ਘੁਲਾਟੀਆਂ ਦੀ ਮਦਦ ਕਰਨ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲਿਆ। ਜਨਰਲ ਡਾਇਰ ਦੇ ਉਸ ਅਣਮਨੁੱਖੀ ਹੁਕਮ ਕਾਰਨ ਵਾਪਰੇ ਦੁਖਾਂਤ ਤੋਂ ੧੦੦ ਸਾਲ ਬਾਅਦ ਅੱਜ ਕੈਪਟਨ ਮੈਸੀ ਦੇ ਸਤਿਕਾਰ ਵਿੱਚ ਮੇਰਾ ਸਿਰ ਇਸ ਲਈ ਝੁਕ ਰਿਹਾ ਹੈ ਕਿ ੧੩ ਅਪ੍ਰੈਲ ੧੯੧੯ ਦੀ ਵਿਸਾਖੀ ਨੂੰ ‘ਖ਼ੂਨੀ ਵਿਸਾਖੀ’ ਬਣਾਉਣ ਵਾਲੇ ਜਨਰਲ ਡਾਇਰ ਨੂੰ ਸ੍ਰ੍ਰੀ ਹਰਿਮੰਦਰ ਸਾਹਿਬ ਤੋਂ (੩੦ ਅਪ੍ਰੈਲ ੧੯੧੯) ਸਿਰੋਪਾ ਦਵਾਉਣ ਵਾਲੇ ਸ. ਅਰੂੜ ਸਿੰਘ ਬਾਰੇ ਤਾਂ ਸਾਡੇ ਕੋਲ ਜਾਣਕਾਰੀ ਮੌਜੂਦ ਹੈ ਪਰ ਉਸ ਕਤਲੇਆਮ ਦਾ ਭਾਗੀਦਾਰ ਬਣਨ ਤੋਂ ਇਨਕਾਰ ਕਰਨ ਵਾਲੇ ਦੀ ਜੁਰਅੱਤ ਸਬੰਧੀ ਇਕ ਅੱਖਰ ਵੀ ਮੌਜੂਦ ਨਹੀਂ।
ਜਦੋਂ ਇਸ ਸਬੰਧੀ ਕੁਝ ਵਧੇਰੇ ਜਾਣਨ ਦੀ ਇੱਛਾ ਅਧੀਨ ਸਬੰਧਿਤ ਸਮੱਗਰੀ ਨੂੰ ਘੋਖਿਆ-ਫਰੋਲਿਆ ਤਾਂ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਬ੍ਰਿਗੇਡੀਅਰ ਜਨਰਲ ਰੇਗੀਨਲਡ ਡਾਇਰ ਨੂੰ ਉਸ ਸਮੇਂ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਨਜ਼ਰਅੰਦਾਜ਼ ਕਰਕੇ ਚੁਣਿਆਂ ਸੀ।
੧੦ ਅਪੈਲ ੧੯੧੯ ਨੂੰ ਡਾ. ਸੈਫ਼ੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀ ਰਿਹਾਈ ਖ਼ਾਤਿਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲਜ਼ ਇਰਵਿੰਗ ਨੂੰ ਮਿਲਣ ਲਈ ਹਾਲ ਬਜ਼ਾਰ ਵੱਲੋਂ ਸਿਵਲ ਲਾਇਨਜ਼ ਵੱਲ ਵਧਦੀ ਭੀੜ ਅਤੇ ਫ਼ੌਜ ਦਰਮਿਆਨ ਝੜਪਾਂ ਹੋਈਆਂ ਤਾਂ ਭੰਨ-ਤੋੜ ਦੀਆਂ ਘਟਵਾਨਾਂ ਕਾਰਨ ਅੰਮ੍ਰਿਤਸਰ ਦਾ ਚਾਰਜ ਸ਼ਾਮ ਨੂੰ ੪ ਵਜੇ ਮੇਜਰ ਮੈਕਡੋਨਲਡ ਨੂੰ ਸੌਂਪਣਾ ਪਿਆ। ਨਿਗੇਲ ਕੋਲਿਟ ਦੀ ਪੁਸਤਕ ‘ਦ ਬੁੱਚਰ ਔਫ਼ ਅੰਮ੍ਰਿਤਸਰ’ ਵਿੱਚ ਦਰਜ ਕੈਪਟਨ ਮੈਸੀ ਦੀ ਲਿਖਤੀ ਸਟੇਟਮੈਂਟ ਅੰਮ੍ਰਿਤਸਰ ਸ਼ਹਿਰ ਲਈ “ਦੀ ਸਿਚੂਏਸ਼ਨ ਵਾਸ ਕੁਆਇਟ” ਸ਼ਬਦਾਂ ਦੀ ਵਰਤੋਂ ਕਰਦੀ ਹੈ, ਜਿਸਦੀ ਤਸਦੀਕ ਮੇਜਰ ਮੈਕਡੋਨਲਡ ਵੀ ਕਰਦਾ ਹੈ। ਪਰ ਓਡਵਾਇਰ ਤਾਂ ਸ਼ਾਇਦ ਕੁਝ ਹੋਰ ਹੀ ਸੋਚ ਰਿਹਾ ਸੀ …
੧੧ ਅਪ੍ਰੈਲ ਨੂੰ ਮੇਜਰ ਮੈਕਡੋਨਲਡ ਤੋਂ ੧੨੪ ਬਲੋਚ ਬਟਾਲੀਅਨ ਦੇ ਕਰਨਲ ਮੌਰਗਨ ਨੂੰ ਚਾਰਜ ਦੇਣਾ ਪੈਂਦਾ ਹੈ ਕਿਉਂਕਿ ਮੈਕਡੋਨਲਡ ਉਹ ਕੁਝ ਕਰਨ ਲਈ ਹਿਚਕਚਾਹਟ ਜ਼ਾਹਰ ਕਰ ਰਿਹਾ ਸੀ, ਜੋ ਸਰਕਾਰ ਚਾਹੁੰਦੀ ਸੀ। ਮੌਰਗਨ ਦੇ ਪਹੁੰਚਣ ਤੋਂ ਪਹਿਲਾਂ ਹੀ ਜਨਰਲ ਡਾਇਰ ੧੬ ਵੀਂ ਡਵੀਯਨ (ਲਾਹੌਰ) ਦੇ ਮੇਜਰ ਜਨਰਲ ਸਰ ਵਿਲੀਅਮ ਬੈਨਿਅਨ ਦਾ ਟੈਲੀਗ੍ਰਾਫ਼ਕ ਆਰਡਰ ਲੈ ਕੇ ਅੰਮ੍ਰਿਤਸਰ ਦਾ ਚਾਰਜ ਸੰਭਾਲ ਲੈਂਦਾ ਹੈ ਅਤੇ ੧੩ ਅਪ੍ਰੈਲ ਵਾਲੇ ਦਿਨ ੫੪ ਵੀਂ ਸਿੱਖ ਰੈਜੀਮੈਂਟ, ਚੋਣਵੇਂ ਨਿਪਾਲੀ, ਗੋਰਖੇ, ਬਲੋਚੀ ਤੇ ਪਠਾਣ ਜਵਾਨਾਂ ਨਾਲ ਜੱਲ੍ਹਿਆਂ ਵਾਲਾ ਬਾਗ ਦੇ ਮੁੱਖ ਰਾਹ ‘ਤੇ ਮੋਰਚਾ ਸੰਭਾਲ ਲੈਂਦਾ ਹੈ।
ਅਸਲ ਵਿੱਚ ਓਡਵਾਇਰ ਡਾਇਰ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ “ਬ੍ਰਿਟਿਸ਼ ਹਕੂਮਤ ਆਪਣੀ ਇੱਛਾ ਅਨੁਸਾਰ ਜਦੋਂ ਚਾਹੇ, ਜਿੱਥੇ ਚਾਹੇ, ਜੋ ਚਾਹੇ ਕਰ ਸਕਦੀ ਹੈ।” ਡਰ ਦੀ ਭਾਵਨਾ ਨੂੰ ਖ਼ੌਫ਼ ਵਿੱਚ ਤਬਦੀਲ ਕਰਨ ਲਈ ਹੀ ਉਸਨੇ ਭੀੜ ਨੂੰ ਖਿੰਡ ਜਾਣ ਦੀ ਵਾਰਨਿੰਗ ਦਿੱਤੇ ਬਗ਼ੈਰ ੩੦੩ ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲ ਵਾਲੇ ੫੦ ਜਵਾਨਾਂ ਨੂੰ ਨਿਸ਼ਾਨਾਂ ਸਾਧ ਕੇ ਗੋਲੀ ਚਲਾਉਣ ਦਾ ਹੁਕਮ ਇਕ ਵਾਰ ਨਹੀਂ, ਬਾਰ ਬਾਰ ਦੁਹਰਾਇਆ। ਉਸ ਮੌਕੇ ੧੦ ਤੋਂ ੧੫ ਮਿੰਟ ਤੱਕ ਚੱਲੀਆਂ ਹੋਲੀਆਂ ਭੀੜ ਨੂੰ ਖਿੰਡਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਸਨ ਸਗੋਂ ਨਿਹੱਥੇ, ਭੱਜਦੇ, ਡਿੱਗਦੇ, ਲੋਕਾਂ ਦਾ ਪਿੱਛਾ ਕਰ ਕਰ ਕੇ ਉਹਨਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ।
ਜੱਲ੍ਹਿਆਂ ਵਾਲਾ ਬਾਗ਼ ਵਿਖੇ ਚਲਾਈ ਗੋਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵਿਸ਼ੇਸ ਤੌਰ ‘ਤੇ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਦਿੱਤੀਆਂ ਸਜ਼ਾਵਾਂ ਦੀ ਛਾਣਬੀਣ ਕਰਨ ਵਾਲੀ ਬਣਾਈ ਗਈ ਹੰਟਰ ਕਮੇਟੀ ਅਨੁਸਾਰ ਜੱਲ੍ਹਿਆਂ ਵਾਲਾ ਬਾਗ਼ ਵਿਖੇ ੧੬੫੦ ਰਾਊਂਡ ਫ਼ਾਇਰ ਕੀਤੇ ਗਏ ਜਿਸ ਕਾਰਨ ੩੭੯ ਬੰਦੇ ਮਰੇ ਅਤੇ ੧੨੦੦ ਜ਼ਖ਼ਮੀ ਹੋਏ। ਗ਼ੈਰ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ, ਕਿਉਂਕਿ ਲੋਕਾਂ ਨੇ ਡਰਦਿਆਂ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੇ ਨਾਂ ਹੀ ਦਰਜ ਨਹੀਂ ਕਰਵਾਏ ਅਤੇ ਸਰਕਾਰ ਨੇ ਜੂਨ ੧੯੧੯ ਤੱਕ ਲੱਗੇ ਮਾਰਸ਼ਲ ਲਾਅ ਦਾ ਫ਼ਾਇਦਾ ਉਠਾਉਂਦਿਆਂ ਕਾਫ਼ੀ ਸਬੂਤ ਖ਼ੁਰਦ-ਪੁਰਦ ਵੀ ਕਰ ਦਿੱਤੇ।
ਸਲਤਨਤ-ਏ-ਬਰਤਾਨੀਆਂ ਦੇ ਜਰਨੈਲਾਂ ਵੱਲੋਂ ਬਰਤਾਨਵੀ ਤਾਜ ਦੀ ਦਹਿਸ਼ਤ ਨੂੰ ਬਣਾਈ ਰੱਖਣ ਲਈ ਕੀਤੀਆਂ ਇਹੋ ਜਿਹੀਆਂ ਕਈ ਘਿਣਾਉਣੀਆਂ ਕੋਸ਼ਿਸ਼ਾਂ ਦਾ ਲੰਮਾ ਇਤਿਹਾਸ ਮੌਜੂਦ ਹੈ। ਫਰਵਰੀ ੧੬੯੨ ਵਿੱਚ ੩੮ ਸਕੌਟਿਸ਼ ਹਾਈਲੈਂਡਰਜ਼ ਨੂੰ ਅਤੇ ਅਕਤੂਬਰ ੧੮੬੫ ਵਿੱਚ ਗਵਰਨਰ ਐਡਵਰਡ ਜ੍ਹੌਨ ਈਅਰ ਦੀ ਕਮਾਂਡ ਹੇਠ ਜਮਾਇਕਾ ਵਿਖੇ ੪੩੯ ਕਾਲੇ ਬਾਗ਼ੀਆਂ ਨੂੰ ਕਤਲ ਕੀਤਾ ਗਿਆ। ਕਰੌਕ ਪਾਰਕ, ਡਬਲਿਨ ਵਿਖੇ ੨੧ ਨਵੰਬਰ ੧੯੨੦ ਨੂੰ ਆਇਰਸ਼ ਫੁੱਟਬਾਲ ਮੈਚ ਵੇਖਦੇ ਨਿਹੱਥੇ ਲੋਕਾਂ ਉਤੇ ਚਲਾਈ ਗੋਲੀ ਵਿੱਚ ੩੨ ਜਣੇ ਮਰੇ, ਜਿਸਨੂੰ ਇਤਿਹਾਸਕਾਰ ‘ਬੱਲਡੀ ਸੰਡੇ’ ਵਜੋਂ ਯਾਦ ਕਰਦੇ ਹਨ।
ਗੁਜ਼ਰੇ ਅਤੀਤ ਦੇ ਕੁਝ ਪੰਨੇ ਮੈਂ ਵੀ ਫ਼ਰੋਲੇ (ਜੋਗਿੰਦਰ ਸ਼ਮਸ਼ੇਰ ਦੀ ਪੁਸਤਕ ੧੯੧੯ ਦਾ ਪੰਜਾਬ) ਤਾਂ ੨੮ ਮਈ ੧੯੧੯ ਨੂੰ ਓਡਵਾਇਰ ਦੀ ਰਿਟਾਇਰਮੈਂਟ ਮੌਕੇ ਮਜੀਠੀਏ ਸਰਦਾਰ ਵੱਲੋਂ ਆਪਣੀ ਵਫ਼ਾਦਾਰੀ ਵਿਖਾਉਣ ਲਈ ਪੜ੍ਹੇ ਸ਼ਬਦ ਲੱਭ ਗਏ: “ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਬੁਰੇ ਇਰਾਦੇ ਵਾਲੇ ਲੋਕਾਂ ਵੱਲੋਂ ਇਸ ਧਰਤੀ ਦੇ ਅਮਨ ਨੂੰ ਤਬਾਹ ਕਰਨ ਲਈ ਸ਼ਰਾਰਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕੁਝ ਥਾਵਾਂ ਤੇ ਅਜਿਹੀਆਂ ਜ਼ਾਲਮਾਨਾਂ ਹਰਕਤਾਂ ਕੀਤੀਆਂ ਗਈਆਂ ਜਿਸ ਨਾਲ ਇਸ ਸੂਬੇ ਦੇ ਪਵਿੱਤਰ ਨਾਮ ਨੂੰ ਧੱਬਾ ਲੱਗਾ। ਪਰ ਹਜ਼ੂਰ (ਮਾਈ ਬਾਪ!) ਨੇ ਹਾਲਾਤ ‘ਤੇ ਸਖ਼ਤੀ ਨਾਲ ਕਾਬੂ ਪਾ ਕੇ ਅਤੇ ਠੀਕ ਤਰੀਕੇ ਅਪਨਾ ਕੇ ਇਸ ਬੁਰਿਆਈ ਦਾ ਖ਼ਾਤਮਾ ਕਰ ਦਿੱਤਾ।”
ਮਜੀਠੀਏ ਸਰਦਾਰ ਤੋਂ ਇਲਾਵਾ ਹੋਰ ੨੭ ਸਿੱਖ, ੨੪ ਮੁਸਲਮਾਨ ਤੇ ੪੨ ਹਿੰਦੂ ਦੀਵਾਨ ਬਹਾਦਰ ਤੇ ਖਾਨ ਬਹਾਦਰਾਂ ਦੇ ਨਾਂ ਵੀ ਮਿਲਦੇ ਹਨ ਜਿਹਨਾਂ ਦੇ ਮੂੰਹੋਂ ਓਡਵਾਇਰ ਦੀ ਉਸਤਤਿ ਲਈ ਕਿਰੇ ਮੋਤੀ ਇਤਿਹਾਸ ਦੀਆਂ ਪੁਸਤਕਾਂ ‘ਚ ਮਹਿਫ਼ੂਜ਼ ਹਨ ਪਰ ਕੈਪਟਨ ਮੈਸੀ ਦੇ ਬ੍ਰਿਟਿਸ਼ ਸਰਕਾਰ ਵਿਰੋਧੀ ਕਾਰਨਾਮਿਆਂ ਨੂੰ ਦਰਸਾਉਣ ਵਾਲਾ ਹਦਾਇਤ ਉੱਲਾ ਦਾ ਲਿਖਿਆ ਕਿੱਸਾ ‘ਬਾਗ਼ੀ ਫ਼ਰੰਗੀ’ ਮੌਜੂਦ ਨਹੀਂ।
‘ਬਾਗ਼ੀ ਫ਼ਰੰਗੀ’ ਕਿੱਸਾ ਕੈਪਟਨ ਮੈਸੀ ਦੀ ਸ਼ਰੀਕੇ-ਹਯਾਤ ਰਹੀ ਆਲੀਆ ਬੇਗਮ ਨੂੰ ਓਦੋਂ ਮਿਲਿਆ ਜਦੋਂ ਉਹ ੧੯੪੭ ਦੀ ਵੰਡ ਤੋਂ ਬਾਅਦ ਭਾਰਤ ਤੋਂ ਲਾਹੌਰ ਪੁੱਜੀ। ਕੈਪਟਨ ਮੈਸੀ ਨਾਲ ਵਿਆਹੀ ਹੋਣ ਕਾਰਨ ਆਲੀਆ ਬੇਗਮ ਨੂੰ ਪਾਕਿਸਤਾਨੀ ਪੰਜਾਬ ਵਿੱਚ ਬਹੁਤ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਜਿਸਦੀ ਤਸਦੀਕ ਆਲੀਆ ਬੇਗਮ ਦਾ ਚੌਥੇ ਸ਼ੌਹਰ ‘ਚੋਂ ਪੈਦਾ ਹੋਇਆ ਪੁੱਤਰ ਮੁਅੱਜ਼ਮ ਸ਼ੇਖ਼ ਵੀ ਕਰਦਾ ਹੈ ਪਰ ਨੈਣ ਸੁੱਖ ਨੂੰ ਆਲੀਆ ਬੇਗਮ ਕੋਲੋਂ ਉਹ ਕਿੱਸਾ ਨਾ ਮਿਲ ਸਕਿਆ।
ਕੈਪਟਨ ਮੈਸੀ ਸਬੰਧੀ ਜਿਹੜੀ ਹੋਰ ਜਾਣਕਾਰੀ ਮਿਲਦੀ ਹੈ, ਉਹਦੀ ਸੱਚਾਈ ਨੂੰ ਤਸਦੀਕ ਕਰਨ ਲਈ ਤੱਥ ਮੌਜੂਦ ਨਹੀਂ ਹਨ। ਬ੍ਰਿਟਿਸ਼ ਨੌਕਰੀ ਤੋਂ ਫ਼ਾਰਗ ਹੋਣ ਉਪਰੰਤ ਉਸਨੇ ਫ਼ਸਟ ਬਹਾਵਲਪੁਰ ਇਨਫ਼ੈਂਟਰੀ ‘ਚ ਨੌਕਰੀ ਕੀਤੀ ਅਤੇ ਕਰਨਲ ਵਜੋਂ ਰਿਟਾਇਰ ਹੋਇਆ। ਕਿਉਂਕਿ ਉਸਨੇ ਇਸਲਾਮ ਧਰਮ ਅਪਨਾ ਲਿਆ ਸੀ, ਇਸ ਲਈ ਉਸਨੂੰ ਤੇ ਬੇਗਮ ਅਬਦੁੱਲ ਰਹਿਮਾਨ ਨੂੰ ਡੇਰਾ ਨਵਾਬ ਸਾਹਿਬ ਦੇ ਆਰਮੀ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਅਤੇ ਉਸਦੀ ਯਾਦ ਵਿੱਚ ਰਾਵਲਪਿੰਡੀ ਵਿਖੇ ਇਕ ਗੇਟ ਵੀ ਉਸਾਰਿਆ ਗਿਆ ਪਰ ਆਲੀਆ ਬੇਗਮ ਨੂੰ ਇੰਟਰਵਿਊ ਕਰ ਚੁੱਕੇ ਨੈਣ ਸੁੱਖ ਅਜਿਹੀ ਸਾਰੀ ਜਾਣਕਾਰੀ ਨੂੰ ਮਹਿਜ਼ ਦੰਤ-ਕਥਾ ਜਿੰਨੀ ਅਹਿਮੀਅਤ ਦੇਂਦੇ ਹਨ ਅਤੇ ਨਾ ਹੀ ਇੰਪੀਰੀਅਲ ਗੈਜ਼ੇਟੀਅਰ ਅਤੇ ਬਹਾਵਲਪੁਰ ਦਾ ਸਰਕਾਰੀ ਗਜ਼ਟ ਇਹਨਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ।
ਜੱਲ੍ਹਿਆਂ ਵਾਲਾ ਬਾਗ਼ ਦੇ ਸਾਕੇ ਦਾ ਇਹ ਅਧੂਰਾ ਪੰਨਾ ਅੱਜ ਵੀ ਉਡੀਕ ਰਿਹਾ ਹੈ ਕੈਪਟਨ ਮੈਸੀ ਬਾਰੇ ਲਿਖੇ ‘ਬਾਗ਼ੀ ਫ਼ਰੰਗੀ’ ਕਿੱਸੇ ਵਿਚਲੇ ਤੱਥਾਂ ਨੂੰ ਜਾਨਣ ਲਈ ਤਾਂ ਜੋ ਦੋਵੇਂ ਬੰਨੇ ਦੇ ਪੰਜਾਬੀ ਉਸ ਫ਼ਰੰਗੀ ਦੋਸਤ ਦੀ ਫ਼ਰੰਗੀ ਸਰਕਾਰ ਨਾਲ ਨਿਭਾਈ ਦੁਸ਼ਮਣੀ ਤੋਂ ਜਾਣੂ ਹੋ ਸਕਣ।
ਰਬਿੰਦਰਨਾਥ ਟੈਗੋਰ ਦੀ ਚਿੱਠੀ
੩੦ ਮਈ ੧੯੧੯ ਨੂੰ ਰਬਿੰਦਰਨਾਥ ਟੈਗੋਰ ਨੇ ਬਰਤਾਨਵੀ ਸਰਕਾਰ ਦੀ ‘ਨਾਈਟਹੁੱਡ’ ਦੀ ਉਪਾਧੀ ਵਾਪਸ ਕਰ ਦਿੱਤੀ ਸੀ।ਇਹ ਜਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਤੋਂ ਬਾਅਦ ਬਰਤਾਨਵੀ ਸਰਕਾਰ ਖ਼ਿਲਾਫ ਰੋਸ ਸੀ ਅਤੇ ਉਪਾਧੀ ਵਾਪਸ ਕਰਦਿਆਂ ਗੁਰੂਦੇਵ ਨੇ ਜੋ ਚਿੱਠੀ ਲਿਖੀ ਸੀ ਉਹ ਇੰਝ ਸੀ- ਹਜ਼ੂਰ !
ਪੰਜਾਬ ਵਿੱਚ ਸਰਕਾਰ ਵੱਲੋਂ ਕੁਝ ਸਥਾਨਕ ਗੜਬੜੀ ਤੇ ਕਾਬੂ ਪਾਉਣ ਲਈ ਚੁੱਕੇ ਗਏ ਸਖਤ ਕਦਮਾਂ ਦੀ ਹੈਵਾਨੀਅਤ ਨੇ ਗਹਿਰੇ ਸਦਮੇ ਨਾਲ ਸਾਡੇ ਮਨਾਂ ‘ਚ ਭਾਰਤ ਵਿੱਚ ਬਰਤਾਨਵੀ ਨਾਗਰਿਕਾਂ ਦੇ ਤੌਰ ‘ਤੇ ਸਾਡੀ ਸਥਿਤੀ ਦੀ ਬੇਬਸੀ ਨੂੰ ਜ਼ਾਹਿਰ ਕੀਤਾ ਹੈ।ਕੁੱਝ ਤਾਜ਼ਾ ਅਤੇ ਦੂਰ ਦੇ ਪ੍ਰਤੱਖ ਅਪਵਾਦਾਂ ਨੂੰ ਛੱਡਕੇ, ਬਦਕਿਸਮਤ ਲੋਕਾਂ ਉੱਪਰ ਥੋਪੀ ਗਈ ਸਜ਼ਾ ਦਾ ਬੇਮੇਲ ਕਹਿਰ ਅਤੇ ਇਸਨੂੰ ਲਾਗੂ ਕਰਨ ਦੇ ਢੰਗ ਨੇ ਸਾਨੂੰ ਯਕੀਨ ਕਰਾ ਦਿੱਤਾ ਹੈ ਕਿ ਸੱਭਿਅਕ ਸਰਕਾਰਾਂ ਦੇ ਇਤਿਹਾਸ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ।ਇਹ ਵੇਖਦਿਆਂ ਕਿ ਨਿਹੱਥੇ, ਬੇਸਹਾਰਾ ਭਾਵ ਸਾਧਨਹੀਣ ਲੋਕਾਂ ਨਾਲ ਅਜਿਹਾ ਵਰਤਾਉ ਇੱਕ ਅਜਿਹੀ ਸ਼ਕਤੀ ਦੁਆਰਾ ਕੀਤਾ ਗਿਆ, ਜਿਸ ਕੋਲ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਲਈ ਭਿਆਨਕ ਕੁਸ਼ਲ ਪ੍ਰਬੰਧ ਹੈ।ਸਾਨੂੰ ਇਹ ਦਾਅਵੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਨਾ ਤਾਂ ਸਿਆਸੀ ਸਿਆਣਪ ਹੈ ਅਤੇ ਨਾ ਹੀ ਸਦਾਚਾਰਕ ਢੰਗ ਦਾ ਨਿਆਂਪੂਰਨ ਵਰਤਾਰਾ ਹੈ।ਪੰਜਾਬ ਵਿੱਚ ਸਾਡੇ ਭਰਾਵਾਂ ਨੇ ਜੋ ਅਪਮਾਨ ਸਹਿਆ ਅਤੇ ਤਸ਼ੱਦਦ ਭੋਗੇ, ਉਸ ਬਾਰੇ ਜ਼ੁਬਾਨਬੰਦੀ ਦੇ ਬਾਵਜੂਦ ਕਨਸੋਆਂ ਭਾਰਤ ਦੇ ਹਰੇਕ ਕੋਨੇ ‘ਚ ਪੁੱਜ ਗਈਆਂ ਅਤੇ ਸਾਡੇ ਲੋਕਾਂ ਦੇ ਦਿਲਾਂ ‘ਚ ਵਿਰੋਧ ਦਾ ਸੰਤਾਪ ਉੱਭਰਿਆ, ਜਿਸਨੂੰ ਹੁਕਮਰਾਨਾਂ ਨੇ ਅੱਖੋਂ ਪਰੋਖੇ ਕੀਤਾ ਹੈ।
ਹੋ ਸਕਦਾ ਹੈ ਉਹਨਾਂ ਨੇ ਇਸ ਕਾਰਜ ਨੂੰ ਵਧੀਆ ਸਬਕ ਸਿਖਾਉਣਾ ਸਮਝ ਕੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਹੋਣ।ਇਸ ਕਠੋਰਤਾ ਦੀ ਬਹੁਤੇ ਐਂਗਲੋ-ਇੰਡੀਅਨ ਅਖ਼ਬਾਰਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ।ਉਨ੍ਹਾਂ ‘ਚੋਂ ਕਈਆਂ ਨੇ ਸਾਡੇ ਦੁੱਖੜਿਆਂ ਦਾ ਮਖੌਲ਼ ਵੀ ਉਡਾਇਆ ਅਤੇ ਅਜਿਹਾ ਕਰਨ ਤੇ ਓਥੇ ਦੀ ਹਕੂਮਤ ਨੇ ਉਹਨਾਂ ‘ਤੇ ਰਤਾ ਰੋਕ ਨਾ ਲਗਾਈ।ਜਿਸ ਹਕੂਮਤ ਦਾ ਦਾਅਵਾ ਹੈ ਕਿ ਉਹ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਦਰਦ ਦੀ ਹਰ ਚੀਕ ਅਤੇ ਨਿਰਣੇ ਪ੍ਰਤੀ ਸੰਵੇਦਨਸ਼ੀਲ ਹੈ।ਇਹ ਜਾਣਦਿਆਂ ਕਿ ਸਾਡੀਆਂ ਅਪੀਲ਼ਾਂ ਵਿਅਰਥ ਰਹੀਆਂ ਹਨ ਅਤੇ ਬਦਲੇ ਦੀ ਲਾਲਸਾ ਨੇ ਸਰਕਾਰ ਨੂੰ ਅੰਨ੍ਹਾ ਬਣਾ ਦਿੱਤਾ ਹੈ, ਉਸਨੇ ਸਾਰੀਆਂ ਰਾਜਨੀਤਿਕ ਸ਼੍ਰੇਸ਼ਟਤਾਵਾਂ ਨੂੰ ਤਾਕ ‘ਤੇ ਰੱਖ ਦਿੱਤਾ ਹੈ।ਜਿਹੜੀ ਸਰਕਾਰ ਬੜੀ ਆਸਾਨੀ ਨਾਲ ਇਸਦੀ ਪਦਾਰਥਕ ਅਤੇ ਨੈਤਿਕ ਪਰੰਪਰਾ ਦੇ ਅਨੁਕੂਲ ਉਦਾਰਚਿਤ ਹੋ ਸਕਦੀ ਸੀ।ਮੈਂ ਆਪਣੇ ਦੇਸ਼ ਲਈ ਘੱਟੋ-ਘੱਟ ਜੋ ਕਰ ਸਕਦਾ ਹਾਂ, ਉਹ ਹੈ ਮੇਰੇ ਲੱਖਾਂ ਦੇਸ਼ਵਾਸੀਆਂ, ਜਿਨਾਂ ਨੂੰ ਦਹਿਸ਼ਤ ਦੇ ਗੂੰਗੇ ਸੰਤਾਪ ਦੀ ਹੈਰਾਨੀ ਵਿੱਚ ਧੱਕ ਦਿੱਤਾ ਗਿਆ ਹੈ, ਦੇ ਰੋਸ ਨੂੰ ਆਵਾਜ਼ ਦਿੰਦਿਆਂ, ਇਸ ਵਿੱਚੋਂ ਨਿਕਲਣ ਵਾਲੇ ਸਿੱਟਿਆਂ ਨੂੰ ਆਪਣੇ ਉੱਪਰ ਲੈ ਲਵਾਂ।ਜਦੋਂ ਸਨਮਾਨ ਚਿੰਨ੍ਹ ਬੇਇਜ਼ਤੀ ਦੇ ਆਪਣੇ ਬੇਢਬੇ ਪ੍ਰਸੰਗ ਵਿੱਚ ਸਾਡੀ ਗੈਰਤ ਨੂੰ ਉਘਾੜਦੇ ਹਨ ਅਤੇ ਮੈਂ ਆਪਣੇ ਵੱਲੋਂ ਇਹਨਾਂ ਸਾਰੇ ਵਿਸ਼ੇਸ਼ ਨਿਆਰੇਪੁਣੇ ਤੋਂ ਮੁਕਤ ਹੋਕੇ ਅਤਪਣੇ ਉਹਨਾਂ ਦੇਸ਼ਵਾਸੀਆਂ ਨਾਲ ਖੜਨਾ ਚਾਹੁੰਦਾ ਹਾਂ ਜਿਹੜੇ ਆਪਣੀ ਤਥਾਕਥਿੱਤ ਤੁੱਛਤਾ ਲਈ ਅਜਿਹੀ ਜ਼ਿੱਲਤ ਝੱਲਣ ਲਈ ਮਜਬੂਰ ਹਨ ਜੋ ਮਨੁੱਖੀ ਪ੍ਰਾਣੀਆਂ ਦੇ ਕਾਬਲ ਨਹੀਂ।
ਇਹੀ ਕਾਰਨ ਹੈ ਜਿਨ੍ਹਾਂ ਨੇ ਮੈਨੂੰ ਦਰਦਮਈ ਢੰਗ ਨਾਲ ਹਜ਼ੂਰ ਨੂੰ ਉਚਿਤ ਸਤਿਕਾਰ ਅਤੇ ਅਫਸੋਸ ਸਮੇਤ, ਇਹ ਕਹਿਣ ਲਈ ਮਜਬੂਰ ਕੀਤਾ ਹੈ ਕਿ ਮੈਨੂੰ “ਨਾਈਟਹੁੱਡ” ਦੀ ਉਪਾਧੀ ਤੋਂ ਮੁਕਤ ਕੀਤਾ ਜਾਵੇ ਜਿਹੜਾ ਮੈਨੂੰ ਹਜ਼ੂਰ ਬਾਦਸ਼ਾਹ ਵੱਲੋਂ ਤੁਹਾਡੇ ਪੂਰਵੀ-ਪਦ ਅਧਿਕਾਰੀ ਹੱਥੋਂ ਪ੍ਰਾਪਤ ਕਰਨ ਦਾ ਮਾਣ ਹਸਿਲ ਹੋਇਆ ਸੀ ਜਿਸਦੀ ਵਿਸ਼ਾਲ ਦਿਲੀ ਦਾ ਮੈਂ ਅੱਜ ਵੀ ਬੇਹੱਦ ਸ਼ਲਾਘਾ ਕਰਦਾ ਹਾਂ।
ਤੁਹਾਡਾ ਖ਼ੈਰਖ਼ਵਾਹ
ਰਬਿੰਦਰਨਾਥ ਟੈਗੋਰ
੧੯੪੭…ਭੁੱਲ ਗਏ ਡਾ. ਕਿਚਲੂ
ਡਾ. ਸੈਫ਼ੂਦੀਨ ਕਿਚਲੂ ਨੂੰ ਉਹਨਾਂ ਦੇ ਯੋਗਦਾਨ ਨੂੰ ੧੯੪੭ ਦੀ ਵੰਡ ‘ਚ ਸ਼ਹਿਰ ਭੁੱਲ ਗਿਆ।ਬਟਵਾਰੇ ‘ਚ ਧਰਤੀ ਦੇ ਦੋ ਟੁਕੜੇ ਹੋਏ।ਹੁਣ ਡਾ. ਕਿਚਲੂ ਨੂੰ ਵੇਖਣ ਵਾਲੀ ਅੱਖ ਮੁਸਲਮਾਨ ਵੇਖਦੀ ਸੀ।ਹੈਵਾਨੀਅਤ ਦਾ ਇਹ ਦੌਰ ਕਹਿੰਦਾ ਸੀ ਕਿਹੜਾ ਕਿਚਲੂ ਤੇ ਕਿਹੜਾ ਦੇਸ਼ ਭਗਤ ? ਜੱਲ੍ਹਿਆਂਵਾਲ਼ੇ ਬਾਗ਼ ਦੇ ਉਹ ਨਾਇਕ ਜਿੰਨ੍ਹਾ ਹਿੰਦੂ- ਮੁਸਲਿਮ ਏਕਤਾ ਦੀ ਗੱਲ ਕੀਤੀ ਅੱਜ ਹੱਲਿਆਂ ਦਾ ਸਾਹਮਣਾ ਕਰ ਰਹੇ ਸੀ।ਉਹਨਾਂ ਸਮਿਆਂ ਦੀ ਫਿਰਕੂ ਹਵਾ ਦੇ ਜਨੂੰਨੀਆਂ ਨੇ ਅੰਮ੍ਰਿਤਸਰ ਕਚਹਿਰੀ ਰੋਡ ‘ਤੇ ਉਹਨਾਂ ਦੀ ਕੋਠੀ ਨੂੰ ਘੇਰਾ ਪਾ ਲਿਆ।ਹਥਿਆਰਬੰਦ ਜਨੂੰਨੀਆਂ ਤੋਂ ਉਸ ਸਮੇਂ ਬਚਾਉਣ ਲਈ ਰਬੱ ਦੇ ਬੰਦੇ ਮੇਘ ਸਿੰਘ, ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲ਼ਵੱਢੀ ਅੱਗੇ ਆਏ।ਉਹਨਾਂ ਡਾਕਟਰ ਕਿਚਲੂ ਅਤੇ ਪਰਿਵਾਰ ਨੂੰ ਹਿਫ਼ਾਜ਼ਤ ਨਾਲ ਦਿੱਲੀ ਪਹੁੰਚਾਇਆ ਜਿੱਥੋਂ ਉਹ ਨਵੇਂ ਦੇਸ਼ ਪਾਕਿਸਤਾਨ ਨੂੰ ਰਵਾਨਾ ਹੋਏ।ਅੰਮ੍ਰਿਤਸਰ ਦੀ ਗਲ਼ੀਆਂ ਦਾ ਇਹ ਦੌਰ ਆਖਰ ਡਾਕਟਰ ਕਿਚਲੂ ਕਿਵੇਂ ਯਾਦ ਕਰਦੇ ਰਹੇ ਹੋਣਗੇ? – ਹਵਾਲਾ-ਇੰਦਰ ਸਿੰਘ ਮੁਰਾਰੀ (੧੮੫੧-੧੯੮੧), ਅਣਫੋਲਿਆ ਵਰਕਾ; ਰਵੀ ਸਾਹਿਤ, ੧੯੬੯