ਚੰਡੀਗੜ੍ਹ 17 ਅਕਤੂਬਰ 2022: ਇਸਾਈ ਭਾਈਚਾਰੇ (Christian community) ਵੱਲੋਂ ਅੱਜ ਜਲੰਧਰ ਵਿਖੇ ਨੈਸ਼ਨਲ ਹਾਈਵੇ ‘ਤੇ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਈਸਾਈ ਭਾਈਚਾਰੇ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਈਸਾਈ ਭਾਈਚਾਰੇ ਨੇ ਜਲੰਧਰ ਪੀ.ਏ.ਪੀ ਚੌਕ ਜਾਮ ਕਰ ਦਿੱਤਾ ਹੈ। ਈਸਾਈ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ ਐੱਫ. ਆਈ.ਆਰ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ |
ਅੰਮ੍ਰਿਤਪਾਲ ਸਿੰਘ (Amritpal Singh) ਵਲੋਂ ਬੀਤੇ ਕੁਝ ਦਿਨ ਪਹਿਲਾ ਇਸਾਈ ਭਾਈਚਾਰੇ ਦੇ ਖਿਲਾਫ ਟਿੱਪਣੀਆਂ ਕਰਨ ਦੇ ਰੋਸ ਵਜੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਸਦੇ ਮੱਦੇਨਜਰ ਅੱਜ ਸਵੇਰ ਤੋਂ ਸ਼ੁਰੂ ਹੋਇਆ ਧਰਨਾ ਜਾਰੀ ਹੈ।
ਇਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਧਰਨੇ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਬੀਤੀ ਦੇਰ ਰਾਤ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਈਸਾਈ ਭਾਈਚਾਰੇ ਨੇ ਪੀਏਪੀ ਸ਼ੂਟਿੰਗ ਰੇਂਜ ਵੱਲ ਰੋਸ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਸੀ।