Site icon TheUnmute.com

Jal Bus: ਜਲ ਬੱਸ ਪਿਛਲੀਆਂ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਨਤੀਜਾ, ਇਸਦੀ ਜਾਂਚ ਜਾਰੀ: ਤਰੁਨਪ੍ਰੀਤ ਸਿੰਘ ਸੌਂਦ

Jal Bus

ਚੰਡੀਗੜ੍ਹ, 21 ਜਨਵਰੀ 2025: ਪੰਜਾਬ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਪੱਸ਼ਟ ਕੀਤਾ ਹੈ ਕਿ ਇਸ ਵੇਲੇ ਪਾਣੀ ਵਾਲੀ ਬੱਸ (Jal Bus) ਚਲਾਉਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ‘ਚ ਰਿਪੋਰਟਾਂ ਆਈਆਂ ਸਨ ਕਿ ਪੰਜਾਬ ਸਰਕਾਰ ਰਣਜੀਤ ਸਾਗਰ ਝੀਲ ਦੇ ਹਰੀਕੇ ਵਿਖੇ ਖੜੀ ਪਾਣੀ ਵਾਲੀ ਬੱਸ ਨੂੰ ਮੁੜ ਚਾਲੂ ਕਰਨ ਦੇ ਯਤਨ ਕਰ ਰਹੀ ਹੈ। ਸੌਂਦ ਨੇ ਕਿਹਾ ਕਿ ਇਹ ਰਿਪੋਰਟਾਂ ਬੇਬੁਨਿਆਦ ਅਤੇ ਗਲਤ ਹਨ | ਮੰਤਰੀ ਨੇ ਇਸਦਾ ਖੰਡਨ ਕਰਦਿਆਂ
ਸਪੱਸ਼ਟ ਕੀਤਾ ਕਿ ਅਜਿਹੀਆਂ ਸਾਰੀਆਂ ਖ਼ਬਰਾਂ ਅਫਵਾਹਾਂ ਤੋਂ ਇਲਾਵਾ ਕੁਝ ਵੀ ਨਹੀਂ ਹਨ।

ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਪ੍ਰੋਜੈਕਟ ‘ਤੇ 8.63 ਕਰੋੜ ਰੁਪਏ ਖਰਚ ਕਰਨਾ ਇੱਕ ਗਲਤ ਫੈਸਲਾ ਸੀ, ਅਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ‘ਤੇ ਇਸ ਬੇਲੋੜੇ ਵਿੱਤੀ ਬੋਝ ਦੀ ਵੀ ਆਲੋਚਨਾ ਕੀਤੀ। ਮੰਤਰੀ ਸੌਂਦ ਨੇ ਕਿਹਾ ਕਿ ਪਾਣੀ ਵਾਲੀ ਬੱਸ ਭ੍ਰਿਸ਼ਟਾਚਾਰ ਦਾ ਪ੍ਰਤੀਕ ਰਹੀ ਹੈ ਅਤੇ ਮੌਜੂਦਾ ਸਰਕਾਰ ਇਸਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਹੁਣ ਚੱਲਣ ਦੇ ਪੂਰੀ ਤਰ੍ਹਾਂ ਅਯੋਗ ਹੈ ਅਤੇ ਜੇਕਰ ਇਸਨੂੰ ਚਲਾਇਆ ਗਿਆ ਤਾਂ ਵੱਡੇ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਜਿਹਾ ਕੋਈ ਵੀ ਫੈਸਲਾ ਨਹੀਂ ਲਵੇਗੀ ਜਿਸ ਨਾਲ ਜਨਤਾ ਦੀ ਜਾਨ-ਮਾਲ ਨੂੰ ਖ਼ਤਰਾ ਹੋਵੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿੱਚ ਮੀਡੀਆ ‘ਚ ਆ ਰਹੀਆਂ ਕਿਸੇ ਵੀ ਖ਼ਬਰ ‘ਤੇ ਵਿਸ਼ਵਾਸ ਨਾ ਕਰਨ ਕਿਉਂਕਿ ਸਰਕਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਹੈ।

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਪਾਣੀ ਵਾਲੀ ਬੱਸ (Jal Bus) ਪਹਿਲਾਂ ਵੀ ਘਾਟੇ ਵਾਲਾ ਸੌਦਾ ਸਾਬਤ ਹੋਈ ਹੈ ਕਿਉਂਕਿ ਇਸ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਜਦੋਂ ਕਿ ਆਮਦਨ ਨਾਮਾਤਰ ਸੀ। ਉਨ੍ਹਾਂ ਦੁਹਰਾਇਆ ਕਿ ਇਹ ਪਾਣੀ ਵਾਲੀ ਬੱਸ ਪੂਰੀ ਤਰ੍ਹਾਂ ਬੇਕਾਰ ਹੋ ਗਈ ਹੈ ਅਤੇ ਭਵਿੱਖ ‘ਚ ਇਸ ਦੇ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੰਤਰੀ ਨੇ ਕਿਹਾ ਕਿ “ਸੁਪਰ ਫੇਲ” ਪ੍ਰੋਜੈਕਟ ਪਿਛਲੀਆਂ ਸਰਕਾਰਾਂ ਦੁਆਰਾ ਲਏ ਗਏ ਗਲਤ ਫੈਸਲਿਆਂ ਦਾ ਨਤੀਜਾ ਸੀ, ਜਿਸ ਕਾਰਨ ਜਨਤਕ ਪੈਸੇ ਦੀ ਬਰਬਾਦੀ ਹੋਈ। ਇਹ ਪੈਸਾ ਲੋਕ ਭਲਾਈ ਸਕੀਮਾਂ ‘ਚ ਵਰਤਿਆ ਜਾ ਸਕਦਾ ਸੀ।

Read More: ਤਰੁਨਪ੍ਰੀਤ ਸਿੰਘ ਸੌਂਦ ਨੇ ਸਨਅਤਕਾਰਾਂ ਨੂੰ ਇਨ੍ਹਾਂ ਮੰਗਾਂ ‘ਤੇ ਦਿੱਤਾ ਪੂਰਨ ਸਹਿਯੋਗ ਦਾ ਭਰੋਸਾ

Exit mobile version