ਕੋਟਕਪੂਰਾ 08 ਨਵੰਬਰ 2022 (ਦੀਪਕ ਗਰਗ ): ਸਮਾਜਿਕ ਕੁਰੀਤੀਆਂ ਵਿੱਚ ਨਸ਼ੇ ਦੀ ਬੁਰਾਈ ਨੂੰ ਵਰਤਮਾਨ ਸਮੇਂ ਵਿੱਚ ਸਭ ਤੋਂ ਵੱਡੀ ਕੁਰੀਤੀ ਦੇ ਤੌਰ ’ਤੇ ਮੰਨਿਆ ਅਤੇ ਵਿਚਾਰਿਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਸੰਸਥਾ ਜੈਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਵਲੋਂ ਕੁਰਾਹੇ ਪਏ ਨਸ਼ੇੜੀ ਨੌਜਵਾਨਾ ਨੂੰ ਮੁੱਖ ਧਾਰਾ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲੇ ਪ੍ਰਸੰਸਾਯੋਗ ਹਨ।
ਜੈਕਾਰਾ ਮੂਵਮੈਂਟ ਦਾ 13 ਨਵੰਬਰ ਦਿਨ ਐਤਵਾਰ ਨੂੰ 100 ਨਸ਼ਾ ਰਹਿਤ ਪਰਿਵਾਰਾਂ ਦੇ ਸਨਮਾਨ ਸਮਾਗਮ ਵਾਲਾ ਫਲੈਕਸ ਰਿਲੀਜ਼ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਨਸ਼ੇ ਦੀ ਬੁਰਾਈ ਮੁੱਖ ਏਜੰਡੇ ’ਤੇ ਹੈ।
ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ 13 ਨਵੰਬਰ ਨੂੰ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ 100 ਨਸ਼ਾ ਰਹਿਤ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਸਮਾਰੋਹ ਮੌਕੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਬਲਤੇਜ ਸਿੰਘ ਪੰਨੂੰ ਮੀਡੀਆ ਡਾਇਰੈਕਟਰ ਮੁੱਖ ਮੰਤਰੀ ਪੰਜਾਬ, ਡਾ ਰੂਹੀ ਦੁੱਗ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਰਾਜਪਾਲ ਸਿੰਘ ਸੰਧੂ ਐਸਐਸਪੀ ਫਰੀਦਕੋਟ ਵਲੋਂ ‘‘ਕੰਚਨ ਕਾਇਆ ਐਵਾਰਡ’’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜੈਕਾਰਾ ਮੂਵਮੈਂਟ ਦਾ ਨਸ਼ੇ ਦੀ ਬੁਰਾਈ ਦੇ ਖਾਤਮੇ ਲਈ ਇਹ ਸਿਲਸਿਲਾ ਭਵਿੱਖ ਵਿੱਚ ਜਾਰੀ ਰਹੇਗਾ। ਸਪੀਕਰ ਸੰਧਵਾਂ ਨੇ ਜੈਕਾਰਾ ਮੂਵਮੈਂਟ ਦੇ ਪ੍ਰਬੰਧਕਾਂ ਨੂੰ ਸਰਕਾਰ ਵਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿਵਾਇਆ।