ਚੰਡੀਗੜ੍ਹ, 08 ਸਤੰਬਰ 2023: ਨਵੀਂ ਦਿੱਲੀ ਵਿੱਚ 9 ਤੋਂ 10 ਸਤੰਬਰ ਤੱਕ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜੀ-20 ਮੈਂਬਰਾਂ ਦੇ ਮਹਿਮਾਨਾਂ ਦੇ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਓ ਮੇਲੋਨੀ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਆਪਣੀ ਘਰਵਾਲੀ ਅਕਸ਼ਤਾ ਮੂਰਤੀ ਨਾਲ ਨਵੀਂ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਕੇਂਦਰੀ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕੀਤਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਭਾਰਤ ਦੇ ਜਵਾਈ ਵਜੋਂ ਜੀ-20 ਸੰਮੇਲਨ ਵਿਚ ਸ਼ਾਮਲ ਹੋਣਾ ਸੱਚਮੁੱਚ ਖਾਸ ਹੈ। ਤੁਹਾਨੂੰ ਦੱਸ ਦਈਏ ਕਿ ਰਿਸ਼ੀ ਸੁਨਕ ਅਕਸ਼ਤਾ ਮੂਰਤੀ ਘਰਵਾਲੀ ਇੰਫੋਸਿਸ ਦੇ ਸਹਿ-ਸੰਸਥਾਪਕ ਐੱਨ.ਆਰ ਨਰਾਇਣ ਮੂਰਤੀ ਦੀ ਪੁੱਤਰੀ ਹਨ |
ਇਸਦੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੀ ਆਪਣੀ ਪਤਨੀ ਨਾਲ ਦਿੱਲੀ ਪਹੁੰਚ ਚੁੱਕੇ ਹਨ। ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ 15 ਵਿਸ਼ਵ ਪ੍ਰਤੀਨਿਧੀਆਂ ਨਾਲ ਦੁਵੱਲੀ ਗੱਲਬਾਤ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ‘ਚੋਂ 3 ਦੁਵੱਲੀ ਗੱਲਬਾਤ ਅੱਜ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਵੇਗੀ। ਪ੍ਰਧਾਨ ਮੰਤਰੀ ਅੱਜ ਅਮਰੀਕਾ, ਬੰਗਲਾਦੇਸ਼ ਅਤੇ ਮਾਰੀਸ਼ਸ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਸ਼ਾਮ 6:55 ‘ਤੇ ਭਾਰਤ ਆ ਰਹੇ ਹਨ।