Iqbal Singh Lalpura

ਘੱਟ ਗਿਣਤੀਆਂ ਸਬੰਧੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਦਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ: ਇਕਬਾਲ ਸਿੰਘ ਲਾਲਪੁਰਾ

ਰੂਪਨਗਰ 02 ਦਸੰਬਰ 2022: ਘੱਟ ਗਿਣਤੀਆਂ ਸਬੰਧੀ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਤੇ ਲੋਕਾਂ ਨੂੰ ਸਕੀਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਹ ਗੱਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਆਖੀ।

ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੇ ਕਿਹਾ ਕਿ ਸਰਕਾਰ ਤੱਕ ਸਕੀਮਾਂ ਸਬੰਧੀ ਲੋਕਾਂ ਦੀ ਪ੍ਰਤੀਕਿਰਿਆ ਪੁੱਜਦੀ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼ਮਸ਼ਾਨਘਾਟਾਂ ਜਾ ਕਬਰਸਤਾਨਾਂ ਬਾਬਤ ਜਿਹੜੀਆਂ ਵੀ ਦਿੱਕਤਾਂ ਹਨ, ਉਹ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਵੱਖੋ ਵੱਖੋ ਭਾਈਚਾਰਿਆਂ ਦੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਮੁਸ਼ਕਲਾਂ ਧਿਆਨ ਵਿੱਚ ਲਿਆਂਦੀਆਂ।

ਲਾਲਪੁਰਾ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਲਾਭ ਦੇਣ ਸਬੰਧੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਉਹ ਹਰ ਹਾਲ ਦੂਰ ਕਰਨਗੇ। ਅਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਸਬੰਧੀ ਜਿਹੜੀਆਂ ਦਿੱਕਤਾਂ ਦਰਪੇਸ਼ ਹਨ, ਉਹ ਦੂਰ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਰਕਾਰ ਨੇ ਇਹ ਤੈਅ ਕਰ ਦਿੱਤਾ ਹੈ ਕਿ ਕਿਸੇ ਵੀ ਪੇਪਰ ਵਿਚ ਕਿਸੇ ਵਲੋਂ ਵੀ ਕੜਾ ਤੇ ਕਿਰਪਾਨ ਉਤਾਰਨ ਨੂੰ ਨਹੀਂ ਕਿਹਾ ਜਾਵੇਗਾ। ਫ਼ਿਲਮਾਂ ਸਬੰਧੀ ਬੋਰਡ ਵਿਚ ਹਰ ਧਰਮ ਦੇ ਨੁਮਾਇੰਦੇ ਸ਼ਾਮਲ ਕਰਨ ਲਈ ਸਰਕਾਰ ਨੇ ਕਹਿ ਦਿੱਤਾ ਹੈ।

ਲਾਲਪੁਰਾ ਨੇ ਦੱਸਿਆ ਕਿ ਇਹ ਰੂਪਨਗਰ ਇਤਿਹਾਸਕ ਨਗਰ ਹੈ ਤੇ ਇਹ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦੀ ਕੀਤੀ ਜਾਵੇ। ਇਸ ਬਾਬਤ ਜੇਕਰ ਕੋਈ ਫੰਡ ਚਾਹੀਦੇ ਹਨ ਉਹ ਦਿੱਤੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰੀਤੀ ਯਾਦਵ ਨੇ ਭਰੋਸਾ ਦਿੱਤਾ ਕਿ ਜੇਹੜੀਆਂ ਵੀ ਹਦਾਇਤਾਂ ਸ. ਲਾਲਪੁਰਾ ਨੇ ਦਿੱਤੀਆਂ ਹਨ ਉਹ ਹਰ ਹਾਲ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕ ਐਸ ਸੋਨੀ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Scroll to Top