July 2, 2024 4:20 pm
ਸ੍ਰੀ ਦਰਬਾਰ ਸਾਹਿਬ

ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ’ਤੇ ਸਰਕਾਰ ਵੱਲੋਂ ਜੀਐਸਟੀ ਲਗਾਉਣਾ ਮੰਦਭਾਗਾ: ਕੁਲਵਿੰਦਰ ਸਿੰਘ ਰਮਦਾਸ

ਅੰਮ੍ਰਿਤਸਰ 01 ਅਗਸਤ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ਨੂੰ ਭਾਰਤ ਸਰਕਾਰ ਵੱਲੋਂ ਜੀਐਸਟੀ ਦੇ ਘੇਰੇ ਵਿਚ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਫੈਸਲਾ ਬੇਹੱਦ ਨਿੰਦਣਯੋਗ ਹੈ ਅਤੇ ਸੰਗਤ ਵਿਰੋਧੀ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁਨੀਆਂ ਭਰ ਤੋਂ ਰੋਜ਼ਾਨਾ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ, ਜਿਨ੍ਹਾਂ ਦੇ ਠਹਿਰਣ ਲਈ ਸੰਸਥਾ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸਰਾਵਾਂ ’ਤੇ ਜੀਐਸਟੀ ਲਗਾ ਕੇ ਸੰਗਤ ’ਤੇ ਵਾਧੂ ਬੋਝ ਪਾ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਵੱਲੋਂ ਚੜ੍ਹਾਈ ਜਾਂਦੀ ਭੇਟਾ ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅਤੇ ਸੰਗਤਾਂ ਦੀ ਸਹੂਲਤ ਲਈ ਵਰਤਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਕੁਦਰਤੀ ਆਫ਼ਤਾਂ ਦੌਰਾਨ ਵੀ ਲੋਕ ਭਲਾਈ ਲਈ ਸੇਵਾਵਾਂ ਵਿਚ ਮੋਹਰੀ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ਵਿਚ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਤਿਆਰ ਕੀਤੀਆਂ ਸਰਾਵਾਂ ਵਪਾਰਕ ਨਹੀਂ ਹਨ, ਇਸ ਲਈ ਇਸ ’ਤੇ ਕਿਸੇ ਕਿਸਮ ਦਾ ਟੈਕਸ ਸਰਕਾਰੀ ਸਰਾਸਰ ਧੱਕਾ ਹੈ।

ਜਿਕਰਯੋਗ ਹੈ ਕਿ ਕੇਂਦਰ ਸਰਕਾਰ ਦੀ ਨਵੀਂ GST ਨੀਤੀ ‘ਚ ਹੁਣ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ‘ਚ ਬਣੀਆਂ ਲਗਜ਼ਰੀ ਸਰਾਂਵਾਂ ‘ਤੇ ਵੀ ਟੈਕਸ ਦੇਣਾ ਪਵੇਗਾ। ਕੇਂਦਰ ਸਰਕਾਰ ਨੇ ਲਗਜ਼ਰੀ ਸਰਾਂਵਾਂ ‘ਤੇ 12 ਫੀਸਦੀ ਟੈਕਸ ਸਲੈਬ ਜੋੜ ਦਿੱਤਾ ਹੈ।