ਅੰਮ੍ਰਿਤਸਰ 03 ਦਸੰਬਰ 2022: ਸਿੱਖਾਂ ਦੇ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਸੰਗਤ ਮੱਥਾ ਟੇਕਣ ਲਈ ਆਉਂਦੀਆਂ ਹਨ | ਉੱਥੇ ਹੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਭਾਰਤ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ (Nityanand Rai) ਮੱਥਾ ਟੇਕਣ ਪਹੁੰਚੇ, ਉਥੇ ਉਨ੍ਹਾਂ ਨੇ ਪਵਿੱਤਰ ਗੁਰਬਾਣੀ ਦਾ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ |
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਅੱਜ ਮੈਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਹਾਂ ਤੇ ਮੇਰੇ ਜੀਵਨ ਦੇ ਇਹ ਮਹੱਤਵਪੂਰਨ ਪਲ ਹਨ | ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਸ੍ਰੀ ਦਰਬਾਰ ਸਾਹਿਬ ਇਸ ਅਸਥਾਨ ਤੇ ਨਮਸਤਕ ਹੋ ਜਾਂਦਾ ਹੈ ਤਾਂ ਉਹ ਪਲ ਉਸ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ |
ਉਨ੍ਹਾਂ ਨੇ ਕਿਹਾ ਕਿ ਪਹਿਲਾ ਵੀ ਦੋ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਨੇ ਕਿਹਾ ਕਿ ਜੋ ਸਾਡੇ ਗੁਰੂ ਸਹਿਬਾਨਾਂ ਨੇ ਬਲੀਦਾਨ ਦਿੱਤਾ ਹੈ ਉਹ ਭਾਰਤ ਲਈ ਬਹੁਤ ਹੀ ਅਨੋਖਾ ਤੇ ਮਹੱਤਵਪੂਰਨ ਸਮਰਪਣ ਹੈ ਅਤੇ ਇਸ ਇਤਿਹਾਸ ਨੂੰ ਹਮੇਸ਼ਾ ਭਾਰਤ ਯਾਦ ਰੱਖਦਾ ਹੈ ਅਤੇ ਭਾਰਤ ਇਸ ਇਤਿਹਾਸ ਨੂੰ ਨਾਲ ਲੈ ਕੇ ਹੀ ਅੱਗੇ ਚੱਲਦਾ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ, ਉਸ ਨੂੰ ਵੀ ਸਾਰਾ ਦੇਸ਼ ਯਾਦ ਰੱਖਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਪੂਰਾ ਦੇਸ਼ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖੇ |
ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਬਟਵਾਰੇ ਕਰਕੇ ਸਾਡੇ ਕੁੱਝ ਗੁਰੂਸਥਾਨ ਪਾਕਿਸਤਾਨ ਵਿੱਚ ਰਹਿ ਗਏ ਜੋ ਕਿ ਸਾਡੇ ਲਈ ਦੁੱਖ ਦੀ ਗੱਲ ਹੈ | ਪਰ ਫਿਰ ਵੀ ਇਸ ਦੁੱਖ ਨੂੰ ਸਮਝਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਇਆ ਜਿੱਥੇ ਕਿ ਹਰ ਨਾਨਕ ਨਾਮ ਲੇਵਾ ਸੰਗਤ ਜਾ ਕੇ ਨਤਮਸਤਕ ਹੋ ਸਕੇ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਗੁਰੂ ਸਹਿਬਾਨਾਂ ਨੇ ਸ਼ਹਾਦਤ ਦਿੱਤੀ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਸਾਡੇ ਦੇਸ਼ ਨੂੰ ਹਮੇਸ਼ਾ ਅੰਮ੍ਰਿਤ ਪ੍ਰਦਾਨ ਕਰੇਗੀ |