ਚੰਡੀਗੜ੍ਹ , 23 ਜੂਨ, 2023: ਭਾਜਪਾ ਖ਼ਿਲਾਫ਼ ਮੋਰਚਾਬੰਦੀ ਨੂੰ ਲੈ ਕੇ ਅੱਜ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋ ਰਹੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਇਹ ਮੀਟਿੰਗ ਸੱਦੀ ਹੈ। ਇਸ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਿਰੋਧੀ ਪਾਰਟੀਆਂ ਦੇ ਸਾਰੇ ਵੱਡੇ ਆਗੂ ਹਿੱਸਾ ਲੈ ਰਹੇ ਹਨ। ਇਸ ਮੀਟਿੰਗ ਨੂੰ ਲੈ ਕੇ ਭਾਜਪਾ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ (Amit Shah) ਕਿਹਾ ਕਿ ਵਿਰੋਧੀ ਧਿਰ ਦੀ ਮੀਟਿੰਗ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਇਕੱਲੀ ਭਾਜਪਾ ਨੂੰ ਨਹੀਂ ਹਰਾ ਸਕਦੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ( Amit Shah) ਨੇ ਵਿਰੋਧੀ ਧਿਰ ਦੀ ਬੈਠਕ ‘ਤੇ ਕਿਹਾ ਕਿ ਅੱਜ ਪਟਨਾ ‘ਚ ਫੋਟੋ ਸੈਸ਼ਨ ਚੱਲ ਰਿਹਾ ਹੈ। ਉਹ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀ ਧਿਰ ਦੇ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿੰਨੇ ਵੀ ਇਕੱਠੇ ਹੋਵੋ, ਤੁਹਾਡੀ ਏਕਤਾ ਸੰਭਵ ਨਹੀਂ ਹੈ। ਜੇ ਏਕਤਾ ਹੋ ਜਾਵੇ ਤਾਂ ਵੀ ਕੋਈ ਫਾਇਦਾ ਨਹੀਂ। ਸਾਲ 2024 ‘ਚ ਮੋਦੀ 300 ਤੋਂ ਵੱਧ ਸੀਟਾਂ ਨਾਲ ਮੁੜ ਪ੍ਰਧਾਨ ਮੰਤਰੀ ਬਣਨਗੇ।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਕੁਝ ਅਜਿਹੇ ਆਗੂ ਕਾਂਗਰਸ ਦੀ ਛਤਰ-ਛਾਇਆ ਹੇਠ ਇਕੱਠੇ ਹੋ ਰਹੇ ਹਨ, ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਲੋਕਤੰਤਰ ਦਾ ਕਤਲ ਦੇਖਿਆ ਸੀ।