Site icon TheUnmute.com

ਪੰਜਾਬ ‘ਚ ਆਈ.ਟੀ. ਅਤੇ ਸਟਾਰਟਅੱਪ ਸੈਕਟਰ ਲਈ ਢੁੱਕਵਾਂ ਮਾਹੌਲ ਮੌਜੂਦ: ਮੀਤ ਹੇਅਰ

Startup Sector

ਚੰਡੀਗੜ੍ਹ/ਐਸ.ਏ.ਐਸ.ਨਗਰ, 24 ਫਰਵਰੀ 2023: ਪੰਜਾਬ ਦੇ ਉਦਯੋਗਾਂ ਨਾਲ ਭਾਈਵਾਲੀ ਕਰਨ ਅਤੇ ਇਸ ਖੇਤਰ ਵਿੱਚ ਵਿਕਾਸ ਸਬੰਧੀ ਸੂਬੇ ਦੀਆਂ ਵਿਆਪਕ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਹੋਰਨਾਂ ਆਈ.ਟੀ. ਕਾਰੋਬਾਰਾਂ ਨੂੰ ਸੱਦਾ ਦਿੰਦਿਆਂ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਰੇ ਨਿਵੇਸ਼ਕਾਂ ਦਾ ਪੰਜਾਬ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਸੂਬੇ ਵਿੱਚ ਆਈ.ਟੀ. ਅਤੇ ਸਟਾਰਟਅੱਪ ਸੈਕਟਰ (Startup Sector) ਦੀ ਪ੍ਰਗਤੀ ਲਈ ਢੁਕਵਾਂ ਮਾਹੌਲ ਉਪਲੱਬਧ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੁਣ ਬਹੁਤ ਮੌਕੇ ਸਿਰਜੇ ਜਾ ਰਹੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਨੂੰ ਉਦਯੋਗਿਕ ਹੱਬ ਵਜੋਂ ਬਦਲ ਕੇ ਆਰਥਿਕ ਵਿਕਾਸ ਦੀਆਂ ਨਵੀਆਂ ਬੁਲੰਦਿਆਂ ‘ਤੇ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਅਤੇ ਉਹ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੀਤੀਗਤ ਫੈਸਲਿਆਂ ਵਿੱਚ ਵਿਚਾਰ ਰੱਖਣ ਲਈ ਉਦਯੋਗਾਂ ਨੂੰ ਬਰਾਬਰ ਦਾ ਸਥਾਨ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ।ਪੰਜਾਬੀ ਉੱਦਮੀ ਕੁੱਲ ਦੁਨੀਆ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾ ਰਹੇ ਹਨ, ਹਾਲ ਹੀ ਵਿੱਚ ਅਜੈ ਬੰਗਾ ਦੇ ਵਿਸ਼ਵ ਬੈਂਕ ਦੇ ਮੁਖੀ ਬਣਨ ਨਾਲ ਪੰਜਾਬ ਦਾ ਨਾਮ ਹੋਰ ਰੌਸ਼ਨ ਹੋਇਆ ਹੈ।

ਸੈਸ਼ਨ ਚ ਕੁੰਜੀਵਤ ਭਾਸ਼ਣ ਦਿੰਦਿਆਂ ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਲਗਭਗ 35,000 ਆਈ.ਟੀ. ਪੇਸ਼ੇਵਰਾਂ ਵਾਲੀਆਂ 150 ਤੋਂ ਵੱਧ ਰਜਿਸਟਰਡ ਆਈ.ਟੀ. ਇਕਾਈਆਂ ਕਾਰਜਸ਼ੀਲ ਹਨ। ਅੱਜ ਦੇ ਸਮਾਗਮ ਦੀ ਮੇਜ਼ਬਾਨੀ ਕਰਨ ਵਾਲਾ ਮੁਹਾਲੀ ਸ਼ਹਿਰ ਤੇਜ਼ੀ ਨਾਲ ਆਈ.ਟੀ. ਹੱਬ ਵਜੋਂ ਵਿਕਸਤ ਹੋ ਰਿਹਾ ਹੈ। ਇਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਇੱਕ ਮਹੱਤਵਪੂਰਨ ਸਥਾਨ ‘ਤੇ ਸਥਿਤ ਹੈ।

ਲਗਭਗ 1700 ਏਕੜ ਦੇ ਫੈਲੇ ਪ੍ਰਾਜੈਕਟਾਂ ਅਤੇ ਸੰਚਾਲਨ ਦੇ ਵੱਖ-ਵੱਖ ਪੜਾਵਾਂ ਅਧੀਨ 60 ਤੋਂ ਵੱਧ ਆਈਟੀ ਕੰਪਨੀਆਂ ਨਾਲ ਇਹ ਆਈ.ਟੀ. ਸਿਟੀ ਵੱਖ-ਵੱਖ ਬੇਮਿਸਾਲ ਮੌਕੇ ਪ੍ਰਦਾਨ ਕਰਦੀ ਹੈ।ਇਸ ਦੇ ਨਾਲ ਹੀ ਕੁਆਰਕ ਸਿਟੀ 10 ਲੱਖ ਵਰਗ ਫੁੱਟ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਇਹ 70 ਤੋਂ ਵੱਧ ਆਈ.ਟੀ./ਆਈ.ਟੀਜ਼ ਕੰਪਨੀਆਂ ਵਾਲੀ ਇੱਕ ਨੋਟੀਫਾਈਡ ਆਈ.ਟੀ. ਸਪੈਸ਼ਲ ਈਕੋਨੋਮਿਕ ਜ਼ੋਨ ਹੈ।

ਪੰਜਾਬ ਉੱਤਰੀ ਭਾਰਤ ਦਾ ਈ.ਐਸ.ਡੀ.ਐਮ. ਹੱਬ ਵੀ ਹੈ, ਜਿਸ ਵਿੱਚ ਮੋਹਾਲੀ ਵਿਖੇ ਭਾਰਤ ਦੀ ਇੱਕੋ ਇੱਕ ਐਪਲੀਕੇਸ਼ਨ ਸਪੈਸਿਫਿਕ ਇੰਟੀਗ੍ਰੇਟਿਡ ਸਰਕਟ (ਏ.ਐਸ.ਆਈ.ਸੀ.) ਉਤਪਾਦਨ ਇਕਾਈ ਸਥਿਤ ਹੈ। ਮੀਤ ਹੇਅਰ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਚ 800 ਤੋਂ ਵੱਧ ਸਟਾਰਟਅੱਪ ਦੇ ਨਾਲ ਨਾਲ 20 ਤੋਂ ਵੱਧ ਸਰਕਾਰੀ ਫੰਡਿਡ ਅਤੇ ਪ੍ਰਾਈਵੇਟ ਇਨਕਿਊਬੇਟਰ ਅਤੇ ਐਕਸਲੇਟਰ ਮੌਜੂਦ ਹਨ।

ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ ਨੇ ਸੂਬੇ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਜੋ ਉਦਯੋਗਾਂ ਦੀ ਸਥਾਪਨਾ ਅਤੇ ਕਾਰੋਬਾਰ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਕੇ.ਪੀ.ਐਮ.ਜੀ. ਦੇ ਬਰੀਜੇਂਦਰ ਕੁਮਾਰ ਨੇ ਸ਼ੁਰੂਆਤੀ ਟਿੱਪਣੀਆਂ ਕੀਤੀਆਂ ਅਤੇ ਚਰਚਾ ਦੌਰਾਨ ਸੰਚਾਲਕ ਦੀ ਭੂਮਿਕਾ ਨਿਭਾਈ।

ਨੈੱਟ ਸਲਿਊਸ਼ਨਜ਼ ਦੇ ਸੰਸਥਾਪਕ ਅਤੇ ਸੀ.ਈ.ਓ. ਸਮੀਰ ਜੈਨ ਨੇ ਮੌਜੂਦਾ ਅਤੇ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹੁਨਰਾਂ ਨੂੰ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਨੂੰ ਡਿਜੀਟਲ ਮਾਰਕੀਟਿੰਗ ਹੁਨਰ ਦੀ ਸਿਖਲਾਈ ਦੇਣ ‘ਤੇ ਧਿਆਨ ਦੇਣਾ ਚਾਹੀਦਾ ਹੈ।

ਸੀ.ਡੀ.ਆਈ.ਐਲ. ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਸੀ.ਓ.ਓ. ਪੰਕਜ ਗੁਲਾਟੀ ਨੇ ਕਿਹਾ ਕਿ ਕੋਵਿਡ ਦੇ ਸਮੇਂ ਨੇ ਸੈਮੀਕੰਡਕਟਰ ਉਦਯੋਗ ਨੂੰ ਦੇਸ਼ ਵਿੱਚ ਸਭ ਤੋਂ ਅੱਗੇ ਲਿਆਂਦਾ ਹੈ ਜਦੋਂ ਕਿ ਮੋਹਾਲੀ ਵਿੱਚ ਇਹ 1980 ਤੋਂ ਸਥਾਪਿਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕੰਪੋਨੈਂਟ ਨਿਰਮਾਤਾਵਾਂ ਨੂੰ ਕਾਰੋਬਾਰ ਲਈ ਸਭ ਤੋਂ ਵਧੀਆ ਮਾਹੌਲ ਦੀ ਪੇਸ਼ਕਸ਼ ਕੀਤੀ ਹੈ।

ਟੈਲੀ ਪਰਫਾਰਮੈਂਸ ਦੇ ਸੀਈਓ ਅਨੀਸ਼ ਮੁੱਕਰ ਨੇ ਕਿਹਾ ਕਿ ਅੰਬਾਲਾ ਉਨ੍ਹਾਂ ਦਾ ਜੱਦੀ ਸ਼ਹਿਰ ਹੈ ਅਤੇ ਉਨ੍ਹਾਂ ਦਾ ਇਸ ਖੇਤਰ ਨਾਲ ਪੁਰਾਣਾ ਨਾਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਕਲਾਊਡ ਕੈਂਪਸ ਮਾਡਲ ਵਿਅਕਤੀ ਨੂੰ ਕਿਤੋਂ ਵੀ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਾਹਕਾਂ ਦੇ ਤਜ਼ਰਬੇ, ਵਿਸ਼ਲੇਸ਼ਣ ਅਤੇ ਤਕਨਾਲੋਜੀ ਵਿੱਚ ਪ੍ਰਤਿਭਾ ਦੇ ਵਿਸ਼ਾਲ ਪੂਲ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜੋ ਹੁਣ ਵਿਸ਼ਵ ਦੇ ਪ੍ਰਮੁੱਖ ਉਦਯੋਗਾਂ ਲਈ ਲਾਜ਼ਮੀ ਹਨ।

ਐਗਨੈਕਸਟ ਦੇ ਸੰਸਥਾਪਕ ਤਰਨਜੀਤ ਸਿੰਘ ਨੇ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕੀਤੀ ਜਿੱਥੇ ਪੰਜਾਬ ਦੇ ਕਿਸਾਨ ਅਤੇ ਖੇਤੀ ਕਾਰੋਬਾਰ ਤਕਨਾਲੋਜੀ ਦੀ ਸਰਬੋਤਮ ਵਰਤੋਂ ਨਾਲ ਬਿਹਤਰ ਢੰਗ ਨਾਲ ਵਪਾਰ ਕਰਨ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਬਜਾਏ ਵੱਧੋ- ਵੱਧ ਸਮਰਥਨ ਮੁੱਲ ਦੀ ਲੋੜ ਹੈ ਅਤੇ ਇਹ ਏ.ਆਈ. ਅਧਾਰਤ ਹੱਲਾਂ ਦੀ ਵਰਤੋਂ ਕਰਕੇ ਗਲੋਬਲ ਵੈਲਯੂ ਚੇਨ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਤਾ ਦੁਆਰਾ ਸੰਭਵ ਹੋ ਸਕਦਾ ਹੈ।

Exit mobile version