ਚੰਡੀਗੜ੍ਹ, 26 ਜਨਵਰੀ 2024: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਨੂੰ ਸਫਲਤਾਪੂਰਵਕ ਤਾਇਨਾਤ ਕੀਤਾ ਹੈ। ਇਸਦਾ ਉਦੇਸ਼ ਸਪੇਸ ਵਿੱਚ ਘੱਟ ਤੀਬਰਤਾ ਵਾਲੇ ਅੰਤਰ-ਗ੍ਰਹਿ ਚੁੰਬਕੀ ਖੇਤਰ ਨੂੰ ਮਾਪਣਾ ਹੈ। ਮੈਗਨੋਮੀਟਰ ਬੂਮ ਛੇ ਮੀਟਰ ਲੰਬਾ ਹੈ। ਇਸ ਨੂੰ 11 ਜਨਵਰੀ ਨੂੰ ਐਲ-1 ਪੁਆਇੰਟ ‘ਤੇ ਹੈਲੋ ਚੈਂਬਰ ਵਿੱਚ ਤਾਇਨਾਤ ਕੀਤਾ ਗਿਆ ਸੀ। ਪੁਲਾੜ ਏਜੰਸੀ ਨੇ ਕਿਹਾ ਕਿ ਆਦਿਤਿਆ ਐੱਲ-1 ਦੇ ਲਾਂਚ ਤੋਂ ਬਾਅਦ ਬੂਮ ਸਥਿਰ ਹਾਲਤ ‘ਚ ਸੀ।
ਇਸਰੋ (ISRO) ਦੇ ਅਨੁਸਾਰ, ਬੂਮ ਦੋ ਅਤਿ-ਆਧੁਨਿਕ ਉੱਚ ਸਟੀਕਤਾ ਫਲੈਕਸਗੇਟ ਮੈਗਨੋਮੀਟਰ ਸੈਂਸਰਾਂ ਨਾਲ ਲੈਸ ਹੈ, ਜੋ ਸਪੇਸ ਵਿੱਚ ਘੱਟ-ਤੀਬਰਤਾ ਵਾਲੇ ਅੰਤਰ-ਗ੍ਰਹਿ ਚੁੰਬਕੀ ਖੇਤਰ ਨੂੰ ਮਾਪਦੇ ਹਨ। ਇਹ ਸੈਂਸਰ ਪੁਲਾੜ ਯਾਨ ਤੋਂ ਤਿੰਨ ਅਤੇ ਛੇ ਮੀਟਰ ਦੀ ਦੂਰੀ ‘ਤੇ ਲਗਾਏ ਗਏ ਹਨ। ਇੰਨੀ ਦੂਰੀ ‘ਤੇ ਇਨ੍ਹਾਂ ਸੈਂਸਰਾਂ ਨੂੰ ਲਗਾਉਣ ਨਾਲ ਪੁਲਾੜ ਯਾਨ ਦੇ ਚੁੰਬਕੀ ਖੇਤਰ ਦਾ ਪ੍ਰਭਾਵ ਘੱਟ ਜਾਂਦਾ ਹੈ।
ਪੁਲਾੜ ਸੰਗਠਨ ਮੁਤਾਬਕ ਇਨ੍ਹਾਂ ਸੈਂਸਰਾਂ ਦੀ ਵਰਤੋਂ ਨਾਲ ਇਸ ਪ੍ਰਭਾਵ ਦਾ ਸਹੀ ਅੰਦਾਜ਼ਾ ਲਗਾਉਣ ‘ਚ ਮੱਦਦ ਮਿਲਦੀ ਹੈ। ਇਹ ਸੈਂਸਰ ਸਿਸਟਮ ਪੁਲਾੜ ਯਾਨ ਦੇ ਚੁੰਬਕੀ ਪ੍ਰਭਾਵ ਨੂੰ ਘਟਾਉਣ ਦੀ ਸਹੂਲਤ ਦਿੰਦਾ ਹੈ। ਏਜੰਸੀ ਨੇ ਕਿਹਾ ਕਿ ਬੂਮ ਕਾਰਬਨ ਫਾਈਬਰ ਨਾਲ ਬਣਿਆ ਹੈ। ਇਹ ਸੈਂਸਰਾਂ ਲਈ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ।