Site icon TheUnmute.com

ਸਿੰਚਾਈ ਵਿਭਾਗ ਦੇ 1000 ਕਰੋੜ ਦੇ ਘੁਟਾਲੇ ਨਾਲੋਂ ਵੀ ਵੱਡਾ ਘੁਟਾਲਾ ਹੈ, ਇਸ ਘੁਟਾਲੇ ਨੂੰ ਵੱਟੇ-ਖਾਤੇ ਪਾਉਂਣ ਦਾ ਘੁਟਾਲਾ, ਜਿਸ ਦੀ ਜਾਂਚ ਵੱਖਰੇ ਤੌਰ ਤੇ ਕਰਨੀ ਬਣਦੀ ਹੈ : ਬੀਰ ਦਵਿੰਦਰ ਸਿੰਘ

ਬੀਰ ਦਵਿੰਦਰ ਸਿੰਘ

ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ’ਤੋਂ ਹੁਣ ਇਹ ਆਸ ਲਾਈਂ ਬੈਠੈ ਹਨ ਕਿ ਹੁਣ ਉਨ੍ਹਾਂ ‘ਕਬੂਤਰਾਂ’ ਦੇ ਖੰਭ ਨੋਚਣ ਦਾ ਸਮਾਂ ਆ ਗਿਆ ਹੈ ਜੋ ਕੈਪਟਨ ਅਤੇ ਬਾਦਲਾਂ ਦੇ ਰਾਜ ਵਿੱਚ ‘ਖੂੰਖਾਰ ਸ਼ਿਕਰਿਆਂ’ ਵਾਂਗ ਆਮ ਲੋਕਾਂ ਦਾ ਮਾਸ ਚੂੰਡਦੇ ਤੇ ਲਹੂ ਪੀਂਦੇ ਰਹੇ ਹਨ |

ਪਟਿਆਲਾ 26 ਮਈ 2022 : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਸਿੰਚਾਈ ਵਿਭਾਗ ਦੇ 1000 ਕਰੋੜ ਦੇ ਘੁਟਾਲੇ ਨਾਲੋਂ ਵੀ ਵੱਡਾ ਘੁਟਾਲਾ ਹੈ, ਵੱਟੇ-ਖਾਤੇ ਪਾਉਂਣ ਦਾ ਘੁਟਾਲਾ। ਜਿਸ ਘੁਟਾਲੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਚੋਣਵੇਂ ਦਲਾਲਾਂ ਵੱਲੋਂ, ਵੱਡੀਆਂ ਰਕਮਾਂ ਵਸੂਲ ਕੇ ਵੱਟੇ-ਖਾਤੇ ਪਾਇਆ ਗਿਆ, ਜਿਸ ਦੀ ਜਾਂਚ ਵੱਖਰੇ ਤੌਰ ਤੇ ਕਰਨੀ ਬਣਦੀ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ’ਤੋਂ ਹੁਣ ਇਹ ਆਸ ਲਾਈਂ ਬੈਠੈ ਹਨ ਕਿ ਹੁਣ ਉਨ੍ਹਾਂ ‘ਕਬੂਤਰਾਂ’ ਦੇ ਖੰਭ ਨੋਚਣ ਦਾ ਸਮਾਂ ਆ ਗਿਆ ਹੈ ਜੋ ਕੈਪਟਨ ਅਤੇ ਬਾਦਲਾਂ ਦੇ ਰਾਜ ਵਿੱਚ ‘ਖੂੰਖਾਰ ਸ਼ਿਕਰਿਆਂ’ ਵਾਂਗ ਆਮ ਲੋਕਾਂ ਦਾ ਮਾਸ ਚੂੰਡਦੇ ਤੇ ਲਹੂ ਪੀਂਦੇ ਰਹੇ ਹਨ।

ਭਰੋਸੇ ਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ ਦਾ ਮਹਿਕਮਾਂ ਅਣਅਧਿਕਾਰਤ ਤੌਰ ਤੇ, ਆਪਣੇ ਇੱਕ ਚਹੇਤੇ ਸਲਾਹਕਾਰ ਦੇ ਸਪੁਰਦ ਕੀਤਾ ਹੋਇਆ ਸੀ। ਇਸ ਮਹਿਕਮੇਂ ਵਿੱਚ, ਕੁੱਝ ਵੀ, ਸਿਆਹ ਜਾਂ ਸਫੈਦ ਕਰਕੇ, ਵੱਡੀਆਂ ਸੌਦੇਬਾਜ਼ੀਆਂ ਕਰਨ ਅਤੇ ਵੱਡੀਆਂ ਰਕਮਾਂ ਵਸੂਲਣ ਦੇ ਸਾਰੇ ਅਧਿਕਾਰ, ਇਸ ‘ਚਹੇਤੇ ਸਲਾਹਕਾਰ’ ਨੂੰ ਦਿੱਤੇ ਹੋਏ ਸਨ। ਕੈਪਟਨ ਦੇ ਰਾਜ ਸਮੇਂ , ਸਰਕਾਰੀ ਭ੍ਰਿਸ਼ਟਾਚਾਰ ਤੇ ਚੌਕਸੀ ਦੀ ਨਜ਼ਰ ਰੱਖਣ ਵਾਲਾ, ‘ਪੰਜਾਬ ਵਿਜੀਲੈਂਸ ਬਿਊਰੋ’, ਹੀ ‘ਪੰਜਾਬ ਕੁਰੱਪਸ਼ਨ ਬਿਊਰੋ’ ਦੇ ਨਾਮ ਨਾਲ ਬਦਨਾਮ ਸੀ ਅਤੇ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਅੱਡਾ ਬਣਿਆ ਹੋਇਆ ਸੀ।

ਜਿਸ ਸਿੰਚਾਈ ਵਿਭਾਗ ਦੇ 1000 ਕਰੋੜ ਦੇ ਘੁਟਾਲੇ ਦਾ ਜ਼ਿਕਰ ਅੱਜ ਬੜੀ ਪ੍ਰਮੁੱਖਤਾ ਨਾਲ ਮੀਡੀਏ ਵਿੱਚ ਹੋ ਰਿਹਾ ਹੈ, ਇਸ ਦੇ ਮੁੱਖ ਮੁਲਜ਼ਮ ਵੱਲੋਂ, ਵੱਡੀਆਂ ਰਕਮਾਂ ਤੇ ਕਮਿਸ਼ਨ ਵਸੂਲਣ ਬਾਰੇ, ਜੋ ਸਨਸਨੀਖੇਜ਼ ਖੁਲਾਸੇ ਕੀਤੇ ਗਏ ਸਨ, ਉਨ੍ਹਾਂ ਸਾਬਕਾ ਵਜ਼ੀਰਾਂ ਤੇ ਨੌਕਰਸ਼ਾਹਾਂ ਦੇ ਨਾਮ, ਉਨ੍ਹਾਂ ਵੱਲੋਂ ਵਸੂਲੀਆਂ ਗਈਆਂ ਰਕਮਾਂ ਸਮੇਤ ਜਿੱਥੇ ਵਿਜੀਲੈਂਸ ਵਿਭਾਗ ਦੀਆਂ ਫਾਈਲ਼ਾਂ ਦੀ ਧੂੜ ਫੱਕ ਰਹੇ ਹਨ। ਓਥੇ ਇਹ ਸਾਰੇ ਬਦਨਾਮ ਨਾਮ, ਸੋਸ਼ਲ ਮੀਡੀਏ ਵਿੱਚ ਸਰਗਰਮੀ ਨਾਲ ਘੁੰਮ ਰਹੇ ਹਨ ਅਤੇ ਲੋਕਾਂ ਦੀ ਨਜ਼ਰ ‘ਚ ਜੱਗ-ਜ਼ਾਹਰ ਹਨ।

ਪਰ ਸਿੰਚਾਈ ਵਿਭਾਗ ਦਾ ਇਹ ਇੱਕ-ਹਜ਼ਾਰ ਕਰੋੜੀ ਘੁਟਾਲਾ, ਵਿਜੀਲੈਂਸ ਵਿਭਾਗ ਨੇ ਇਹਨਾਂ ਲੰਬਾ ਸਮਾਂ ‘ਠੰਡੇ-ਬਸਤੇ’ ਵਿੱਚ ਕਿਉਂ ਪਾਈਂ ਰੱਖਿਆ ਅਤੇ ਕਿਸ ਦੇ ਕਹਿਣ ਤੇ ਪਾਈਂ ਰੱਖਿਆ ਅਤੇ ਇਸ ਮਾਮਲੇ ਨੂੰ ਦਫ਼ਨ ਕਰਨ ਲਈ, ਕਿੰਨੇ ਕੁ ਸੌ ਕਰੋੜ ਦੀ ਧਨ ਰਾਸ਼ੀ ਦਾ ਲੈਣ-ਦੇਣ , ਬਤੌਰ ‘ਸ਼ੁਕਰਾਨਾ ਕਮਿਸ਼ਨ’ ਹੋਇਆ ਹੈ ? ਇਹ ਸਭ ਤੋਂ ਵੱਡਾ ਸਵਾਲ ਹੈ ਤੇ ਵੱਡੀ ਜਾਂਚ ਦਾ ਵਿਸ਼ਾ ਹੈ।

ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਚਹੇਤੇ ਸਲਾਹਕਾਰ ਨੇ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦੇ ਹੋਏ, ਮੰਤਰੀ ਪਦ ਦੇ ਰੁਤਬੇ ਨਾਲ ਨਿਵਾਜਿਆ ਹੋਇਆ ਸੀ ਅਤੇ ਜਿਸਦੇ ਅੱਗੇ ਪਿੱਛੇ, ਸਿਆਹਪੋਸ਼ ਕਮਾਂਡੋਆਂ ਨਾਲ ਲੈਸ, ਸਰਕਾਰੀ ਗੱਡੀਆਂ ਚੱਲਦੀਆਂ ਸਨ, ਇਸ ਸਲਾਹਕਾਰ ਨੇ ਸਾਲ 2017 ਤੋਂ 2022 ਤੱਕ ਜੋ ਵੱਡੀਆਂ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਵਾਸਤੇ ਏਨੀ ਵੱਡੀਆਂ ਦੌਲਤਾਂ ਕਿੱਥੋਂ ਤੇ ਕਿਹੜੇ ਸਾਧਨਾ ਰਾਹੀਂ ਆਈਆਂ ਹਨ ?

ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ, ਰਾਜਸੀ ਭ੍ਰਿਸ਼ਟਾਚਾਰ ਵਿਰੁੱਧ, ਇੱਕ ਮਿਸਾਲੀ ਕਾਰਵਾਈ ਕਰਦੇ ਹੋਏ, ਆਪਣੀ ਹੀ ਵਜਾਰਤ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ, ਸ਼੍ਰੀ ਵਿਜੇ ਸਿੰਗਲਾ ਨੂੰ, ਉਸਦੇ ਭ੍ਰਿਸ਼ਟਾਚਾਰ ਦੀ ਪੁਖਤਾ ਖ਼ਬਰ ਮਿਲਣ ਉੱਤੇ, ਫੌਰੀ ਤੌਰ ਤੇ ਬਰਤਰਫ਼ ਕਰਨ ਅਤੇ ਉਸਦੀ ਗ੍ਰਿਫ਼ਤਾਰੀ ਦੇ ਸਖਤ ਨਿਰਦੇਸ਼ ਦੇਣ ਨਾਲ, ਪੰਜਾਬ ਦੇ ਲੋਕਾਂ ਨੂੰ ਇੱਕ ਆਸ ਤੇ ਉਮੀਦ ਬੱਝ ਗਈ ਹੈ ਕਿ ਹੁਣ ਸਾਬਕਾ ਸਰਕਾਰਾਂ ਦੇ ਤਜਾਰਤੀ-ਭ੍ਰਿਸ਼ਟਾਚਾਰ ਨੂੰ ਬੇਪਰਦ ਕਰਕੇ, ਭ੍ਰਿਸ਼ਟ ਮੰਤਰੀਆਂ, ਸੰਤਰੀਆਂ, ਸਲਾਹਕਾਰਾਂ, ਨੌਕਰਸ਼ਾਹਾਂ ਅਤੇ ਸ਼ਾਹਰਾਹਾਂ ਦੇ ਲੁਟੇਰਿਆਂ ਨੂੰ ਵੀ ਕਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ ।

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ : 9814033362

Exit mobile version