ਚੰਡੀਗੜ੍ਹ,14 ਅਪ੍ਰੈਲ 2023: ਆਈ.ਪੀ.ਐੱਲ 2023 ਦਾ ਉਤਸ਼ਾਹ ਆਪਣੇ ਸਿਖਰ ‘ਤੇ ਹੈ। ਪਿਛਲੇ ਕੁਝ ਦਿਨਾਂ ‘ਚ ਕੁਝ ਬਹੁਤ ਹੀ ਦਿਲਚਸਪ ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਆਖਰੀ ਗੇਂਦ ‘ਤੇ ਜਾ ਕੇ ਮੈਚ ਦਾ ਨਤੀਜ਼ਾ ਤੈਅ ਹੋਇਆ ਹੈ। ਆਈਪੀਐਲ ਦੁਨੀਆ ਦੀ ਸਭ ਤੋਂ ਵੱਡੀ ਟੀ-20 ਕ੍ਰਿਕਟ ਲੀਗ ਹੈ। ਇਸ ਟੂਰਨਾਮੈਂਟ ਵਿੱਚ ਨਾ ਸਿਰਫ ਤੁਹਾਡੇ ਕੋਲ ਆਪਣੇ ਆਪ ਨੂੰ ਸਾਬਤ ਕਰਨ ਲਈ ਇੱਕ ਵਿਸ਼ਾਲ ਪਲੇਟਫਾਰਮ ਹੈ, ਸਗੋਂ ਤੁਸੀਂ ਆਪਣੀ ਟੀਮ ਅਤੇ ਪ੍ਰਸ਼ੰਸਕਾਂ ਲਈ ਵੀ ਇੱਕ ਹੀਰੋ ਬਣ ਜਾਂਦੇ ਹੋ ਜਦੋਂ ਤੁਸੀਂ ਕੁਝ ਖਾਸ ਕਰਦੇ ਹੋ। ਮੋਹਿਤ ਸ਼ਰਮਾ (Mohit Sharma) ਨੇ ਵੀ ਕੁਝ ਅਜਿਹਾ ਹੀ ਕੀਤਾ ਹੈ।
ਇਸ ਭਾਰਤੀ ਗੇਂਦਬਾਜ਼ ਨੇ ਵੀਰਵਾਰ ਨੂੰ ਗੁਜਰਾਤ ਟਾਈਟਨਸ ਟੀਮ ਲਈ ਖੇਡਦੇ ਹੋਏ ਪੰਜਾਬ ਕਿੰਗਜ਼ ਦੇ ਖਿਲਾਫ ਦੋ ਵਿਕਟਾਂ ਲਈਆਂ ਅਤੇ’ ਪਲੇਅਰ ਆਫ ਦਿ ਮੈਚ’ ਵੀ ਬਣਿਆ। ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਵੀਰਵਾਰ ਨੂੰ ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਹ ਆਖਰੀ ਓਵਰ ਵਿੱਚ ਆਊਟ ਹੋ ਗਿਆ। ਟੀਮ ਨੂੰ 2 ਗੇਂਦਾਂ ‘ਤੇ 4 ਦੌੜਾਂ ਦੀ ਲੋੜ ਸੀ, ਇੱਥੇ ਰਾਹੁਲ ਨੇ ਚੌਕਾ ਜੜ ਕੇ ਗੁਜਰਾਤ ਨੂੰ ਜਿੱਤ ਦਿਵਾਈ। ਮੋਹਿਤ ਸ਼ਰਮਾ ਨੇ ਪਹਿਲੀ ਪਾਰੀ ‘ਚ 2 ਵਿਕਟਾਂ ਲਈਆਂ।
ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਨੇ 19.5 ਓਵਰਾਂ ‘ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਖਾਸ ਗੱਲ ਇਹ ਸੀ ਕਿ ਮੋਹਿਤ ਸ਼ਰਮਾ (Mohit Sharma) 30 ਮਹੀਨਿਆਂ ਬਾਅਦ IPL ਮੈਚ ਖੇਡ ਰਹੇ ਸਨ। ਇਸ ਦੌਰਾਨ ਉਸ ਨੂੰ ਕੁਝ ਵੀ ਸਹਿਣ ਨਹੀਂ ਕਰਨਾ ਪਿਆ ਹੈ ਪਰ ਮੋਹਿਤ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਜ਼ਬਰਦਸਤ ਵਾਪਸੀ ਕੀਤੀ। ਆਓ ਜਾਣਦੇ ਹਾਂ ਮੋਹਿਤ ਦੀ ਜ਼ਿੰਦਗੀ ‘ਚ ਕਿਹੋ ਜਿਹੇ ਟਵਿਸਟ ਅਤੇ ਮੋੜ ਆਏ।
ਹਰਿਆਣਾ ਦਾ ਮੋਹਿਤ 2012/13 ਰਣਜੀ ਟਰਾਫੀ ਦੌਰਾਨ ਸੁਰਖੀਆਂ ਵਿੱਚ ਆਇਆ ਸੀ। ਉਸ ਸੀਜ਼ਨ ਵਿੱਚ ਉਹ ਅੱਠ ਮੈਚਾਂ ਵਿੱਚ 37 ਵਿਕਟਾਂ ਲੈ ਕੇ ਟੂਰਨਾਮੈਂਟ ਦਾ ਪੰਜਵਾਂ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਚੇਨਈ ਸੁਪਰ ਕਿੰਗਜ਼ ਨੇ ਮੋਹਿਤ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ 2013 ਦੇ ਆਈਪੀਐਲ ਸੀਜ਼ਨ ਲਈ ਸਾਈਨ ਕੀਤਾ। ਚੇਨਈ ਦੇ ਉਸ ਸਮੇਂ ਦੇ ਗੇਂਦਬਾਜ਼ੀ ਕੋਚ ਐਂਡੀ ਬਾਈਚਲ ਨੇ ਇੱਕ ਰੋਜ਼ਾ ਗੇਂਦਬਾਜ਼ੀ ਕੈਂਪ ਤੋਂ ਬਾਅਦ ਮੋਹਿਤ ਨੂੰ ਸ਼ਾਰਟਲਿਸਟ ਕੀਤਾ।
ਮੋਹਿਤ ਨੇ 2013 ਵਿੱਚ ਚੇਨਈ ਸੁਪਰ ਕਿੰਗਜ਼ ਲਈ ਆਈਪੀਐਲ ਦੀ ਸ਼ੁਰੂਆਤ ਕੀਤੀ ਅਤੇ 15 ਮੈਚਾਂ ਵਿੱਚ 20 ਵਿਕਟਾਂ ਲਈਆਂ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਭਾਰਤੀ ਟੀਮ ‘ਚ ਜਗ੍ਹਾ ਮਿਲੀ। ਇਸ ਤੋਂ ਬਾਅਦ ਉਹ ਭਾਰਤ ਲਈ ਜ਼ਿੰਬਾਬਵੇ ਖਿਲਾਫ ਡੈਬਿਊ ਕਰਦੇ ਹੋਏ ਆਪਣੇ ਪਹਿਲੇ ਵਨਡੇ ‘ਚ ਮੈਨ ਆਫ ਦਾ ਮੈਚ ਬਣਿਆ। ਮੋਹਿਤ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਨਾਲ-ਨਾਲ IPL 2014 ‘ਚ ਪਰਪਲ ਕੈਪ ਜੇਤੂ ਵੀ ਹਨ।