ਚੰਡੀਗੜ੍ਹ 28 ਮਾਰਚ 2022: ਆਈਪੀਐੱਲ (Indian Premier League) ਦਾ 15ਵੇਂ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਦੇਸ਼ ਦੀ ਮਸ਼ਹੂਰ ਟੀ-20 ਲੀਗ ‘ਚ ਹੁਣ ਤੱਕ ਤਿੰਨ ਮੈਚ ਖੇਡੇ ਜਾ ਚੁੱਕੇ ਹਨ ਅਤੇ ਤਿੰਨੋਂ ਹੀ ਰੋਮਾਂਚਕ ਰਹੇ ਹਨ। ਪਰ ਐਤਵਾਰ ਨੂੰ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ ਤੀਜਾ ਮੈਚ ਬੱਲੇਬਾਜ਼ਾਂ ਦੇ ਨਾਂ ਰਿਹਾ। ਇਸ ਦੌਰਾਨ ਦੋਵਾਂ ਪਾਰੀਆਂ ‘ਚ 400 ਤੋਂ ਵੱਧ ਦੌੜਾਂ ਬਣਾਈਆਂ, ਜਿਸ ‘ਚ ਪੰਜਾਬ ਕਿੰਗਜ਼ ਨੇ ਜ਼ਬਰਦਸਤ ਜਿੱਤ ਦਰਜ ਕੀਤੀ।
ਪੰਜਾਬ ਨੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ। ਇਸ ਨਾਲ ਪੰਜਾਬ ਨੇ ਵੀ ਇਕ ਵਿਸ਼ੇਸ਼ ਪ੍ਰਾਪਤੀ ਆਪਣੇ ਨਾਂ ਕਰ ਲਈ। ਪੰਜਾਬ ਕਿੰਗਜ਼ ਹੁਣ ਸਭ ਤੋਂ ਵੱਧ ਵਾਰ 200 ਤੋਂ ਵੱਧ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਬਣ ਗਈ ਹੈ। ਇਸ ਦੌਰਾਨ ਪੰਜਾਬ ਕਿੰਗਜ਼ ਨੇ IPL ਇਤਿਹਾਸ ‘ਚ ਚੌਥੀ ਵਾਰ 200 ਤੋਂ ਵੱਧ ਦਾ ਟੀਚਾ ਸਫਲਤਾਪੂਰਵਕ ਹਾਸਲ ਕੀਤਾ। ਇਸ ਨਾਲ ਉਸ ਨੇ ਚੇਨਈ ਸੁਪਰ ਕਿੰਗਜ਼ ਦਾ ਰਿਕਾਰਡ ਤੋੜ ਦਿੱਤਾ ਹੈ। ਸੀਐਸਕੇ (CSK) ਨੇ ਤਿੰਨ ਵਾਰ 200 ਤੋਂ ਵੱਧ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ।