ਚੰਡੀਗੜ੍ਹ 17 ਜੂਨ 2022 : ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਨੂੰ ਲੈ ਕੇ ਬਿਹਾਰ (Bihar) ਵਿੱਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਸ਼ਰਾਰਤੀ ਅਨਸਰ ਰੇਲਵੇ ਸਮੇਤ ਜਨਤਕ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਸ਼ੁੱਕਰਵਾਰ ਨੂੰ ਸੂਬੇ ‘ਚ ਕਈ ਟਰੇਨਾਂ ਨੂੰ ਅੱਗ ਲਗਾ ਦਿੱਤੀ ਗਈ। ਸਟੇਸ਼ਨਾਂ ਦੀ ਵੀ ਭੰਨ-ਤੋੜ ਕੀਤੀ ਗਈ ਅਤੇ ਭਾਰੀ ਨੁਕਸਾਨ ਹੋਇਆ।
ਇਸਦੇ ਨਾਲ ਹੀ ਅਗਨੀਪਥ ਯੋਜਨਾ ਨੂੰ ਲੈ ਕੇ ਚੱਲ ਰਹੇ ਵਿਰੋਧ ਕਾਰਨ ਬਿਹਾਰ (Bihar) ਦੇ 12 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਚੈਤਨਯ ਪ੍ਰਸਾਦ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸੂਬੇ ਦੇ ਇੱਕ ਦਰਜਨ ਜ਼ਿਲ੍ਹਿਆਂ ਵਿੱਚ 19 ਜੂਨ ਤੱਕ ਇੰਟਰਨੈੱਟ ਕੰਮ ਨਹੀਂ ਕਰੇਗਾ।
ਆਰਾ, ਕੈਮੂਰ, ਭੋਜਪੁਰ, ਔਰੰਗਾਬਾਦ, ਸਾਰਨ, ਵੈਸ਼ਾਲੀ ਪੱਛਮੀ ਚੰਪਾਰਨ, ਨਵਾਦਾ, ਸਮਸਤੀਪੁਰ, ਲਖੀਸਰਾਏ, ਰੋਹਤਾਸ ਅਤੇ ਬਕਸਰ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਫੇਸਬੁੱਕ, ਵਟਸਐਪ, ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਕਈ ਇੰਟਰਨੈੱਟ ਮੀਡੀਆ ਪਲੇਟਫਾਰਮਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਇੰਟਰਨੈੱਟ ਰਾਹੀਂ ਸੰਦੇਸ਼ਾਂ ਦੇ ਲੈਣ-ਦੇਣ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।