July 2, 2024 7:16 pm
Elon Musk

ਯੂਕਰੇਨ ‘ਚ ਇੰਟਰਨੈੱਟ ਸੇਵਾਵਾਂ ਹੋ ਸਕਦੀਆਂ ਨੇ ਠੱਪ, ਐਲਨ ਮਸਕ ਨੇ ਦਿੱਤੇ ਸੰਕੇਤ

ਚੰਡੀਗੜ੍ਹ 15 ਅਕਤੂਬਰ 2022: ਯੁੱਧ ਤੋਂ ਪ੍ਰਭਾਵਿਤ ਯੂਕਰੇਨ (Ukraine) ਵਿੱਚ ਇੰਟਰਨੈੱਟ ਸੇਵਾਵਾਂ ਠੱਪ ਹੋ ਸਕਦੀਆਂ ਹਨ। ਅਮਰੀਕੀ ਪੁਲਾੜ ਕੰਪਨੀ ਸਪੇਸਐਕਸ ਦੇ ਮਾਲਕ ਐਲਨ ਮਸਕ (Elon Musk) ਨੇ ਯੂਕਰੇਨ ਵਿੱਚ ਆਪਣੀ ਕੰਪਨੀ ਸਟਾਰਲਿੰਕ ਦੀਆਂ ਸੈਟੇਲਾਈਟ ਅਧਾਰਤ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦੇ ਸੰਕੇਤ ਦਿੱਤੇ ਹਨ |

ਐਲਨ ਮਸਕ (Elon Musk) ਨੇ ਕਿਹਾ ਹੈ ਕਿ ਉਹ ਇਸ ਸੇਵਾ ਨੂੰ ਅਣਮਿੱਥੇ ਸਮੇਂ ਲਈ ਜਾਰੀ ਨਹੀਂ ਰੱਖ ਸਕਦੇ । ਉਸਨੇ ਅਮਰੀਕੀ ਸਰਕਾਰ ਨੂੰ ਹੋਰ ਸੇਵਾਵਾਂ ਲਈ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਸਟਾਰਲਿੰਕ ਨੇ ਅਮਰੀਕੀ ਫੌਜ ਨੂੰ ਸੂਚਿਤ ਕੀਤਾ ਹੈ ਕਿ ਉਹ ਹੁਣ ਇੰਟਰਨੈੱਟ ਸੇਵਾਵਾਂ ਨਹੀਂ ਦੇ ਸਕੇਗੀ। ਐਲਨ ਮਸਕ ਨੇ ਵੀ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਸਟਾਰਲਿੰਕ ਨੇ ਰੂਸ ਦੇ ਯੂਕਰੇਨ ‘ਤੇ ਹਮਲੇ ਦੌਰਾਨ ਦੇਸ਼ ਦੀ ਰੁਕੀ ਹੋਈ ਸੰਚਾਰ ਪ੍ਰਣਾਲੀ ਨੂੰ ਬਣਾਈ ਰੱਖਣ ‘ਚ ਅਹਿਮ ਭੂਮਿਕਾ ਨਿਭਾਈ ਹੈ।

ਮਸਕ ਨੇ ਇਸ ਤੋਂ ਅੱਗੇ ਇੰਟਰਨੈੱਟ ਸੇਵਾਵਾਂ ਜਾਰੀ ਰੱਖਣ ਦੀ ਆਪਣੀ ਅਸਮਰੱਥਾ ਬਾਰੇ ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੂੰ ਇੱਕ ਪੱਤਰ ਲਿਖਿਆ ਹੈ। ਮਸਕ ਨੇ ਟਵੀਟ ਕੀਤਾ ਕਿ ਸਪੇਸਐਕਸ ਪੁਰਾਣੇ ਬਿੱਲ ਦੀ ਮੰਗ ਨਹੀਂ ਕਰ ਰਿਹਾ ਹੈ, ਪਰ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਜਾਰੀ ਨਹੀ ਰੱਖ ਸਕਦਾ |

ਦੂਜੇ ਪਾਸੇ ਪੈਂਟਾਗਨ ਦੀ ਡਿਪਟੀ ਪ੍ਰੈੱਸ ਸਕੱਤਰ ਸਬਰੀਨਾ ਸਿੰਘ ਨੇ ਕਿਹਾ ਕਿ ਅਮਰੀਕੀ ਰੱਖਿਆ ਵਿਭਾਗ ਇਸ ਮੁੱਦੇ ‘ਤੇ ਮਸਕ ਦੇ ਸੰਪਰਕ ‘ਚ ਹੈ। ਉਨ੍ਹਾਂ ਕਿਹਾ ਕਿ ਪੈਂਟਾਗਨ ਨੂੰ ਸਪੇਸਐਕਸ ਦੇ ਮੁਖੀ ਤੋਂ ਇੱਕ ਪੱਤਰ ਮਿਲਿਆ ਹੈ। ਪੱਤਰ ਵਿੱਚ ਮਸਕ ਨੇ ਇਹ ਵੀ ਕਿਹਾ ਕਿ ਯੂਕਰੇਨ ਵਿੱਚ ਇੰਟਰਨੈਟ ਸੇਵਾਵਾਂ ‘ਤੇ $ 80 ਮਿਲੀਅਨ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ। ਇਸ ਸਾਲ ਦੇ ਅੰਤ ਤੱਕ, ਇਹ ਖਰਚ $100 ਮਿਲੀਅਨ ਤੱਕ ਪਹੁੰਚ ਸਕਦਾ ਹੈ।