International Women’s Day 2025: ਦੁਨੀਆ ਭਰ ‘ਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ (International Women’s Day) ਮਨਾਇਆ ਜਾਂਦਾ ਹੈ | ਅਮਰੀਕਾ ‘ਚ 1909 ‘ਚ ਇੱਕ ਰੈਲੀ ਦੇ ਤੌਰ ‘ਤੇ ਔਰਤਾਂ ਵੱਲੋਂ ਇਕੱਠ ਕੀਤਾ ਗਿਆ ਸੀ, ਜਿਸ ਵਿੱਚ ਵੋਟ ਪਾਉਣ ਦਾ ਅਧਿਕਾਰ, ਕੰਮ ਕਰਨ ਦੇ ਘੰਟੇ ਨਿਸ਼ਚਿਤ ਕਰਨ ਅਤੇ ਬਿਹਤਰ ਤਨਖ਼ਾਹ ਦੀ ਮੰਗ ਸਬੰਧੀ ਵਿਸ਼ੇ ਚੁੱਕੇ ਗਏ ਸਨ।
ਵਿਸ਼ਵ ਮਹਿਲਾ ਦਿਵਸ ਨੂੰ ਅਧਿਕਾਰਿਕ ਤੌਰ ‘ਤੇ ਮਾਨਤਾ
1975 ‘ਚ ਯੂਨਾਈਟਡ ਨੇਸ਼ਨ ਨੇ ਵਿਸ਼ਵ ਮਹਿਲਾ ਦਿਵਸ ਨੂੰ ਅਧਿਕਾਰਿਕ ਤੌਰ ਤੇ ਮਾਨਤਾ ਦਿੱਤੀ ਸੀ, ਉਦੋਂ ਤੋਂ ਹੀ ਹਰ ਸਾਲ ਇਹ ਦਿਵਸ ਔਰਤਾਂ ਦੇ ਅਧਿਕਾਰਾਂ ਪ੍ਰਤੀ, ਉਹਨਾਂ ਦੀ ਸਮੱਸਿਆਵਾਂ ਅਤੇ ਉਨਾਂ ਦੇ ਯੋਗਦਾਨ ਵਜੋਂ ਮਨਾਇਆ ਜਾਂਦਾ ਹੈ।
ਕਿਸੇ ਵੀ ਸਮਾਜ ਜਾਂ ਦੇਸ਼ ਦੀ ਤਰੱਕੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕੇ ਉਸ ਸਮਾਜ ‘ਚ ਔਰਤਾਂ ਦੀ ਹਿੱਸੇਦਾਰੀ ਕਿੰਨੀ ਹੈ ਅਤੇ ਉਨਾਂ ਦਾ ਸਿੱਖਿਆ ਦਾ ਪੱਧਰ ਕਿੰਨਾ ਹੈ। ਇਕ ਪੜ੍ਹੀ ਲਿਖੀ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਔਰਤ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਪਾਲਣ-ਪੋਸ਼ਣ ਵਧੀਆ ਢੰਗ ਨਾਲ ਕਰ ਸਕਦੀ ਹੈ। ਭਾਰਤ ‘ਚ ਔਰਤਾਂ ਦੀ ਸਾਖਰਤਾ ਦਰ 2011 ‘ਚ 58 ਫੀਸਦੀ ਸੀ ਜੋ ਕੇ 2023 ਵੱਧ ਕੇ 70.4 ਪ੍ਰਤੀਸ਼ਤ ਹੋ ਗਈ ਹੈ।
ਕੇਰਲ ਸੂਬੇ ‘ਚ ਔਰਤਾਂ ਦੀ ਸਾਖਰਤਾ ਦਰ 92 ਪ੍ਰਤੀਸ਼ਤ ਹੈ ਅਤੇ ਸਭ ਤੋਂ ਘੱਟ ਬਿਹਾਰ ਸੂਬੇ ‘ਚ 73.9 ਫੀਸਦੀ ਹੈ । ਸਾਖਰਤਾ ਦਾ ਇਹ ਫਰਕ ਓਥੋਂ ਦੀਆ ਔਰਤਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਹਾਲਾਤ ਬਾਰੇ ਵੀ ਦੱਸਦਾ ਹੈ। ਜਿਆਦਾ ਸਾਖਰਤਾ ਵਾਲੇ ਦੇਸ਼ਾਂ ਦੀਆਂ ਔਰਤਾਂ ਵਧੇਰੇ ਖੁਸ਼ਹਾਲ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਹੁੰਦੀਆਂ ਹਨ ।
ਪਰਿਵਾਰ ਦੀ ਕਮਾਈ ‘ਚ ਔਰਤਾਂ ਦਾ ਯੋਗਦਾਨ
ਪਰਿਵਾਰ ਦੀ ਕਮਾਈ ‘ਚ ਪੁਰਸ਼ਾਂ ਦਾ ਯੋਗਦਾਨ 82 ਫੀਸਦੀ ਅਤੇ ਔਰਤਾਂ ਦਾ ਯੋਗਦਾਨ 18 ਫੀਸਦੀ ਹੈ | ਸ਼ੁਰੂ ਤੋਂ ਹੀ ਸਾਡਾ ਸਮਾਜਿਕ ਤਾਣਾ-ਬਾਣਾ ਇਸ ਤਰ੍ਹਾਂ ਦਾ ਹੈ ਕੇ ਔਰਤਾਂ ਘਰ ਨੂੰ ਸੰਭਾਲਣਗੀਆਂ ਅਤੇ ਪੁਰਸ਼ ਬਾਹਰੋਂ ਪੈਸਾ ਕਮਾ ਕੇ ਲਿਆਵੇਗਾ, ਪਰ ਇਹ ਰਿਵਾਜ ਸਮੇਂ ਨਾਲ ਬਦਲ ਰਿਹਾ ਹੈ |
ਜਦੋਂ ਤੋਂ ਔਰਤਾਂ ਨੂੰ ਸਿੱਖਿਆ ‘ਚ ਬਰਾਬਰੀ ਦਾ ਅਧਿਕਾਰ ਮਿਲਣ ਲੱਗਿਆ ਹੈ, ਉਦੋਂ ਤੋਂ ਉਨਾਂ ਨੇ ਪੁਰਸ਼ਾਂ ਤੋਂ ਵੀ ਵੱਧ ਆਪਣੀ ਕਾਬਲੀਅਤ ਦਿਖਾਈ ਅਤੇ ਘਰ ਪਰਿਵਾਰ ਦੇ ਨਾਲ ਨਾਲ ਬਾਹਰੋਂ ਵੀ ਰੁਜ਼ਗਾਰ ‘ਚ ਪੁਰਸ਼ਾਂ ਦੇ ਬਰਾਬਰ ਕੰਮ ਕਰ ਕੇ ਦਿਖਾਇਆ। ਔਰਤ ਨੂੰ ਸ਼ੁਰੂ ਤੋਂ ਹੀ ਸ਼ਰੀਰਿਕ ਤੌਰ ਤੇ ਕਮਜ਼ੋਰ ਅਤੇ ਪੁਰਸ਼ਾਂ ਤੋਂ ਕਮਜ਼ੋਰ ਮੰਨਿਆ ਗਿਆ। ਪੁਰਸ਼ ਪ੍ਰਧਾਨ ਸਮਾਜ ‘ਚ ਔਰਤਾਂ ਨੂੰ ਸਿਰਫ ਬੱਚੇ ਪੈਦਾ ਕਰਨ ਉਨਾਂ ਦਾ ਪਾਲਣ-ਪੋਸ਼ਣ ਅਤੇ ਘਰ ਸੰਭਾਲਣ ਤੱਕ ਹੀ ਸੀਮਿਤ ਰੱਖਿਆ ਗਿਆ ਹੈ ਪਰ ਜਦੋਂ ਤੋਂ ਔਰਤਾਂ ਨੂੰ ਪੜ੍ਹਨ ‘ਚ ਬਰਾਬਰੀ ਦੇ ਮੌਕੇ ਮਿਲੇ ਹਨ ਅਤੇ ਘਰ ਤੋਂ ਬਾਹਰ ਜਾ ਕੇ ਕੰਮ ਕਾਜ ਕਰਨ ਦੀ ਆਜ਼ਾਦੀ ਮਿਲੀ ਹੈ ਤਾਂ ਉਨਾਂ ਨੇ ਇਹ ਸਾਬਤ ਕੀਤਾ ਹੈ ਕਿ ਉਹ ਪੁਰਸ਼ਾਂ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ।
ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਵੀ ਬੇਸ਼ਕ ਸਾਡਾ ਸੰਵਿਧਾਨ ਔਰਤਾਂ ਅਤੇ ਪੁਰਸ਼ਾਂ ਨੂੰ ਬਰਾਬਰੀ ਦਾ ਮੌਲਿਕ ਅਧਿਕਾਰ ਦਿੰਦਾ ਹੈ ਅਤੇ ਸੁਪਰੀਮ ਕੋਰਟ ਵੀ ਸਮਾਨ ਕੰਮ ਸਮਾਨ ਵੇਤਨ ਦੀ ਵਕਾਲਤ ਕਰਦਾ ਹੈ ਪਰ ਔਰਤਾਂ ਨੂੰ ਖਾਸ ਕਰ ਪ੍ਰਾਈਵੇਟ ਸੈਕਟਰ ‘ਚ ਪੁਰਸ਼ਾਂ ਦੇ ਮੁਕਾਬਲੇ 60 ਤੋਂ 73 ਪ੍ਰਤੀਸ਼ਤ ਘੱਟ ਮਜ਼ਦੂਰੀ ਮਿਲਦੀ ਹੈ ਕਿਉਂਕਿ ਸ਼ੁਰੂ ਤੋਂ ਹੀ ਔਰਤਾਂ ਦੇ ਕੰਮ ਦੀ ਘੱਟ ਕਦਰ ਹੁੰਦੀ ਆਈ ਹੈ ਅਤੇ ਔਰਤ ਨੂੰ ਸ਼ਾਰੀਰਿਕ ਤੌਰ ਤੇ ਪੁਰਸ਼ਾਂ ਦੇ ਮੁਕਾਬਲੇ ਕਮਜ਼ੋਰ ਹੀ ਮੰਨਿਆ ਜਾਂਦਾ ਰਿਹਾ ਹੈ, ਖਾਸ ਕਰ ਫੈਕਟਰੀ ਜਾਂ ਦਿਹਾੜੀ ਮਜ਼ਦੂਰੀ ‘ਚ। ਲਿੰਗ ਅਨੁਪਾਤ ‘ਚ ਅਸਮਾਨਤਾ, ਔਰਤਾਂ ਦੀ ਉੱਚ ਸਿੱਖਿਆ ‘ਚ ਘਾਟ, ਪਰਿਵਾਰ ਵੱਲੋਂ ਘਰ ਤੋਂ ਦੂਰ ਕੰਮ ਕਾਰ ਤੇ ਨਾ ਜਾਣ ਦੇਣਾ, ਸ਼ਾਰੀਰਿਕ ਪੱਖੋਂ ਕਮਜ਼ੋਰ ਮੰਨਣਾ ਆਦਿ ਕਾਰਨ ਹਨ ਕਿ ਔਰਤਾਂ ਨੂੰ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ।
ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ
32 ਫੀਸਦੀ ਵਿਆਹੀ ਔਰਤਾਂ ਕਦੇ ਨਾ ਕਦੇ ਘਰੇਲੂ ਹਿੰਸਾ ਦਾ ਸ਼ਿਕਾਰ ਜਰੂਰ ਹੋਈਆਂ ਹਨ, ਫਿਰ ਉਹ ਤਸੱਦਤ ਚਾਹੇ ਸਰੀਰਕ, ਮਾਨਸਿਕ ਜਾਂ ਸਮਾਜਿਕ ਹੋਵੇ। ਭਾਰਤ ‘ਚ ਸਭ ਤੋਂ ਵੱਧ 59 ਫੀਸਦੀ ਘਰੇਲੂ ਹਿੰਸਾ ਬਿਹਾਰ ਦੀਆਂ ਔਰਤਾਂ ਨਾਲ ਹੁੰਦੀ ਹੈ ਅਤੇ ਸਭ ਤੋਂ ਘੱਟ ਕੇਰਲ ‘ਚ 9.9 ਫੀਸਦੀ ਹੁੰਦੀ ਹੈ। ਘਰੇਲੂ ਹਿੰਸਾ ਜਿਆਦਾ ਹੋਣ ਦੇ ਕਾਰਨਾਂ ‘ਚੋਂ ਗਰੀਬੀ, ਆਰਥਿਕ ਅਸਮਾਨਤਾ ,ਸ਼ਰਾਬ ਜਾਂ ਡਰੱਗਸ, ਰਿਸ਼ਤਿਆਂ ‘ਚ ਅਸਥਿਰਤਾ, ਪੁਰਸ਼ ਪ੍ਰਧਾਨ ਸੋਚ, ਔਰਤਾਂ ਉੱਤੇ ਜਿਆਦਾ ਹੱਕ ਜਤਾਉਣਾ, ਮੁੰਡਿਆਂ ਨੂੰ ਜਿਆਦਾ ਤਰਹੀਜ ਦੇਣੀ, ਉੱਚ ਸਿੱਖਿਆ ਦੀ ਘਾਟ ਅਤੇ ਆਪਣੇ ਹੱਕਾਂ ਤੋਂ ਜਾਗਰੂਕ ਨਾ ਹੋਣਾ ਹਨ ।
ਘਰੇਲੂ ਹਿੰਸਾ ਰੋਕਣ ਲਈ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਜਰੂਰਤ ਹੈ, ਮੇਰੀ ਤਾਂ ਕਿਸਮਤ ‘ਚ ਇਹੀ ਲਿਖਿਆ ਹੈ ਅਤੇ ਇਸ ਨੂੰ ਬਦਲ ਨਹੀਂ ਸਕਦੇ ਵਾਲੀ ਸੋਚ ਤੋਂ ਉਭਰਨ ਦੀ ਜਰੂਰਤ ਹੈ। ਚੰਗੇ ਰਿਸ਼ਤੇ ਕਿਵੇਂ ਬਣੇ ਰਹਿਣ ਇਸ ਲਈ ਔਰਤਾਂ ਅਤੇ ਪੁਰਸ਼ਾਂ ਦੋਵਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ, ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣੀ, ਕਿਸੇ ਵੀ ਕੰਮ ਲਈ ਆਪਸੀ ਸਲਾਹ ਅਤੇ ਸਹਿਮਤੀ ਕਰਨਾ, ਇੱਕ ਦੂਜੇ ਦੀਆਂ ਆਦਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਕਦਰ ਕਰਨਾ, ਆਪਣੇ ਬੱਚਿਆਂ ਖਾਸ ਕਰ ਲੜਕਿਆਂ ਨੂੰ ਆਦਰਸ਼ ਪੁਰਸ਼ ਬਣਾਉਣਾ ਤਾਂ ਜੋ ਉਹ ਅੱਗੇ ਚੱਲ ਕੇ ਔਰਤਾਂ ਦਾ ਆਦਰ ਕਰਨਾ ਸਿੱਖ ਸਕਣ।
ਲੜਕਿਆਂ ਨੂੰ ਗਾਲਾਂ ਕੱਢਣ ਦੇਣ ਦੀ ਗ਼ਲਤ ਆਦਤ ਅਤੇ ਨਸ਼ੇ ਤੋਂ ਦੂਰ ਰੱਖਣਾ ਚਾਹੀਦਾ ਹੈ। ਜੇਕਰ ਮਾਂ ਬਾਪ ਆਪਸ ‘ਚ ਲੜਦੇ ਸਮੇਂ ਗਾਲ੍ਹਾਂ ਕੱਢਦੇ ਹਨ ਤਾਂ ਬੱਚਿਆਂ ਨੂੰ ਇਹ ਸਭ ਆਮ ਗੱਲਾਂ ਲੱਗਦੀਆਂ ਹਨ ਅਤੇ ਜੇਕਰ ਪਿਤਾ ਸ਼ਰਾਬ ਜਾਂ ਕੋਈ ਨਸ਼ਾ ਕਰਦਾ ਹੈ ਤਾਂ ਲੜਕੀਆਂ ਨੂੰ ਵੀ ਵਿਆਹੇ ਜਾਣ ਤੋਂ ਬਾਅਦ ਜੇਕਰ ਓਹਨਾ ਦਾ ਪਤੀ ਸ਼ਰਾਬ ਜਾਂ ਕਿਸੇ ਕਿਸਮ ਦਾ ਨਸ਼ਾ ਕਰਦਾ ਹੈ ਤਾਂ ਔਰਤਾਂ ਨੂੰ ਇਸ ‘ਚ ਕੋਈ ਬੁਰਾਈ ਨਹੀਂ ਲੱਗਦੀ ਕਿਉਂਕਿ ਉਨਾਂ ਨੇ ਆਪਣੇ ਘਰ ‘ਚ ਵੀ ਆਪਣੇ ਭਰਾ, ਪਿਤਾ ਜਾਂ ਰਿਸ਼ਤੇਦਾਰੀ ‘ਚ ਨਸ਼ੇ ਦਾ ਸੇਵਨ ਕਰਦੇ ਆਮ ਦੇਖਿਆ ਹੋਇਆ ਸੀ।
ਸ਼ਰਾਬ ਅਤੇ ਗਾਲ੍ਹਾਂ ਕੱਢਣੀਆਂ ਇਸ ਨੂੰ ਸ਼ਾਇਦ ਸਮਾਜ ‘ਚ ਅਧਿਕਾਰਿਕ ਤੌਰ ‘ਤੇ ਮਾਨਤਾ ਮਿਲੀ ਹੋਈ ਹੈ ਅਤੇ ਇਹ ਪੁਰਸ਼ਾਂ ਦੀ ਮਰਦਾਨਗੀ ਦਾ ਇੱਕ ਹਿੱਸਾ ਬਣ ਚੁੱਕਾ ਹੈ। ਇਸ ਕੁਰੀਤੀ ਬਾਰੇ ਮਾਂ ਬਾਪ ਨੂੰ ਆਪਣੇ ਬੱਚਿਆਂ ‘ਚ ਬਚਪਨ ਤੋਂ ਹੀ ਪੈਦਾ ਨਾ ਹੋਣ ਦਿੱਤੀ ਜਾਵੇ। ਕਿਸੇ ਵੀ ਬਹਿਸ ‘ਚ ਜਦੋਂ ਕੋਈ ਹਾਰਨ ਲੱਗਦਾ ਹੈ ਤਾਂ ਆਪਣਾ ਬਚਾਓ ਕਰਨ ਲਈ ਕਈ ਵਾਰ ਗਾਲ੍ਹਾਂ ਕੱਢਣ ਉੱਤੇ ਆ ਜਾਂਦਾ ਹੈ ਜੋ ਕੇ ਮਰਦਾਨਗੀ ਨਹੀਂ ਇਕ ਮਾਨਸਿਕ ਕਮਜ਼ੋਰ ਵਿਅਕਤੀ ਦੀ ਨਿਸ਼ਾਨੀ ਹੁੰਦੀ ਹੈ, ਜਿਸ ਕੋਲ ਆਪਣਾ ਪੱਖ ਰੱਖਣ ਲਈ ਕੋਈ ਤਰਕ ਨਹੀਂ ਹੁੰਦੇ।
ਔਰਤਾਂ ਦੀ ਸਮਾਜ ‘ਚ ਹੋਰ ਹਿੱਸੇਦਾਰੀ ਵਧਾਉਣ ਲਈ ਉੱਚ ਸਿੱਖਿਆ ਦੇ ਪੱਧਰ ਨੂੰ ਵਧਾਉਣਾ ਚਾਹੀਦਾ ਹੈ, ਚੰਗੀ ਸਿਹਤ ਔਰਤਾਂ ਦੀ ਵਧੇਰੀ ਉਮਰ ਲਈ ਲਾਹੇਵੰਦ ਹੈ, ਔਰਤਾਂ ਨੂੰ ਘਰ ਅਤੇ ਕੰਮ ਕਾਜ ਵਾਲੀ ਥਾਂ ‘ਤੇ ਸੁਰੱਖਿਅਤ ਮਹਿਸੂਸ ਕਰਵਾਉਣਾ, ਰੁਜ਼ਗਾਰ ਦੇ ਸਾਧਨ ਅਤੇ ਆਸਾਨ ਲੋਨ ਉਪਲਬੱਧ ਕਰਵਾਉਣਾ ਤਾਂ ਜੋ ਕੇ ਉਹ ਆਰਥਿਕ ਪੱਖੋਂ ਵੀ ਮਜਬੂਤ ਹੋ ਸਕਣ ਅਤੇ ਸਭ ਤੋਂ ਉੱਤੇ ਉਨਾਂ ਨੂੰ ਭਾਵਨਾਤਮਕ ਸਮਰਥਨ ਦੇਣਾ ਕਿਉਂਕਿ ਔਰਤਾਂ ‘ਚ ਹਾਰਮੋਨਲ ਉਤਾਰ ਚੜਾਓ ਹੁੰਦੇ ਰਹਿੰਦੇ ਹਨ ਜਿਸ ਦਾ ਅਸਰ ਉਨਾ ਦੀ ਸਿਹਤ, ਸੋਚ ਅਤੇ ਕਾਰਗੁਜਾਰੀ ਉੱਤੇ ਪੈਂਦਾ ਹੈ
ਇਸ ਲਈ ਉਨਾਂ ਨੂੰ ਭਾਵਨਾਤਮਕ ਸਮਰਥਨ ਦੀ ਬਹੁਤ ਜਿਆਦਾ ਜਰੂਰਤ ਹੁੰਦੀ ਹੈ। ਜੇਕਰ ਉਨਾਂ ਨੂੰ ਘਰ ਪਰਿਵਾਰ ‘ਚੋਂ ਵਧੀਆ ਸਮਰਥਨ ਮਿਲੇ ਤਾਂ ਉਹ ਦੁਨੀਆ ਦਾ ਐਸਾ ਕੋਈ ਵੀ ਕੰਮ ਨਹੀਂ ਕੇ ਉਸ ਨੂੰ ਨਾ ਕਰ ਸਕਣ ।
ਡਾਕਟਰ ਵਰਿੰਦਰ ਕੁਮਾਰ
ਸੁਨਾਮ ਊਧਮ ਸਿੰਘ ਵਾਲਾ
Read More: ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮਾਂਤਰੀ ਮਹਿਲਾ ਦਿਵਸ ‘ਤੇ ਦਿੱਤੀ ਵਧਾਈ