Site icon TheUnmute.com

ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵੂਮੈਨ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ

ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ

ਅੰਮ੍ਰਿਤਸਰ, 20 ਫਰਵਰੀ 2023: ਅੱਜ ਅੰਮ੍ਰਿਤਸਰ ‘ਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ | ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ | ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ |ਜਿਸ ਦੇ ਚੱਲਦੇ ਅੰਮ੍ਰਿਤਸਰ ਖ਼ਾਲਸਾ ਕਾਲਜ ਵੂਮੈਨ ਵਿਖੇ ਖ਼ਾਲਸਾ ਕਾਲਜ ਅਤੇ ਭਾਸ਼ਾ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਗਿਆ |

ਇਸ ਸੰਬੰਧੀ ਕਾਲਜ ਦੀ ਪ੍ਰਿੰਸੀਪਲ ਡਾਕਟਰ ਸਰਿੰਦਰ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਅੱਜ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਇਸ ਪ੍ਰੋਗਰਾਮ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਬੱਚਿਆਂ ਦੇ ਮਨਾਂ ਵਿਚ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਭਰਿਆ ਜਾ ਸਕੇ ਅਤੇ ਬੱਚੇ ਵੀ ਪੰਜਾਬੀ ਮਾਂ-ਬੋਲੀ ਨੂੰ ਪਹਿਲ ਦੇਣ | ਉਨਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਪੰਜਾਬ ਵਿੱਚ ਪੰਜਾਬੀ ਨੂੰ ਸਭ ਤੋਂ ਉੱਪਰ ਲਿਖਣ ਦਾ ਫੈਸਲਾ ਸੁਣਾਇਆ ਗਿਆ ਹੈ ਇਹ ਬਹੁਤ ਵਧੀਆ ਫੈਸਲਾ ਹੈ ਅਤੇ ਹਰ ਇੱਕ ਵਿਅਕਤੀ ਨੂੰ ਇਸ ਤੇ ਅਮਲ ਕਰਨਾ ਚਾਹੀਦਾ ਹੈ |

ਦੂਜੇ ਪਾਸੇ ਪੰਜਾਬੀ ਮਾਂ-ਬੋਲੀ ਪ੍ਰੋਗਰਾਮਾਂ ਦੇ ਵਿੱਚ ਪਹੁੰਚੇ ਪੰਜਾਬੀ ਅਦਾਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ ਲੋੜ ਹੈ ਅਤੇ ਮੈਂ ਸਮਝਦਾ ਹਾਂ ਕਿ ਜਦੋਂ ਤੱਕ ਇਸ ਦੁਨੀਆ ਵਿੱਚ ਪੰਜਾਬੀ ਜਿਉਂਦੇ ਹਨ ਉਦੋਂ ਤੱਕ ਪੰਜਾਬੀ ਕਦੇ ਵੀ ਖ਼ਤਮ ਨਹੀਂ ਹੋ ਸਕਦੀ | ਲੋੜ ਹੈ ਸਾਨੂੰ ਪੰਜਾਬੀ ਭਾਸ਼ਾ ਦਾ ਪੱਧਰ ਉੱਚਾ ਚੁੱਕਣ ਦੀ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ |

ਇਸਦੇ ਨਾਲ ਹੀ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਕਿਹਾ ਕਿ ਖ਼ਾਲਸਾ ਕਾਲਜ ਫਾਰ ਵੁਮੈਂਨ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਆਪਣੀ ਪੰਜਾਬੀ ਮਾਂ-ਬੋਲੀ ਪ੍ਰਤੀ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਅਤੇ ਅਸ਼ੋਕ ਤਲਵਾਰ ਨੇ ਕਿਹਾ ਕਿ ਉਹ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਸਰਕਾਰੀ ਸਕੂਲਾਂ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਸਰਕਾਰ ਨੂੰ ਪ੍ਰਸਤਾਵ ਰੱਖਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਦਾ ਕਾਰਜਕਾਲ ਸੰਭਾਲਣ ਤੋਂ ਬਾਅਦ ਉਹ ਆਪਣੇ ਕੰਮਾਂ ਦੀ ਸ਼ੁਰੂਆਤ ਵੀ ਪੰਜਾਬੀ ਭਾਸ਼ਾ ਨਾਲ ਹੀ ਕਰਨਗੇ |

 

Exit mobile version