Amritpal Singh

ਅੰਮ੍ਰਿਤਪਾਲ ਸਿੰਘ ਤੋਂ ਪ੍ਰੇਰਿਤ ਹੋ ਕੇ ਇੱਕ ਮੁਸਲਮਾਨ ਨੌਜਵਾਨ ਨੇ ਸਿੱਖੀ ਰੂਪ ਧਾਰ ਕੇ ਕੀਤੀ ਮਿਸਾਲ ਕਾਇਮ

ਪਟਿਆਲਾ 04 ਅਕਤੂਬਰ 2022: ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਰੂਪ ਨਾਲ ਜੋੜਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਮਾਹੌਲ ਕਾਫ਼ੀ ਭਖਿਆ ਹੋਇਆ ਅਤੇ ਕੁਝ ਅਨਸਰਾਂ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਆਈ ਐਸ ਆਈ ਦਾ ਏਜੰਟ ਦੱਸ ਕੇ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਉਥੇ ਹੀ ਹੁਣ ਅੰਮ੍ਰਿਤਪਾਲ ਸਿੰਘ ਤੋਂ ਪ੍ਰੇਰਿਤ ਹੋ ਕੇ ਪਟਿਆਲਾ ਦੇ ਨਾਭਾ ਦੇ ਨਾਲ ਲੱਗਦੇ ਪਿੰਡ ਲੁਬਾਣਾ ਟੇਕੂ ਦੇ ਇਕ ਨੌਜਵਾਨ ਨੇ ਸਿੱਖੀ ਸਰੂਪ ਧਾਰ ਲਿਆ ਹੈ |

ਕਰਮਜੀਤ ਸਿੰਘ ਨਾਮੀ ਇਸ ਨੌਜਵਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਬਾਟੇ ਦਾ ਅੰਮ੍ਰਿਤ ਸੰਚਾਰ ਕਰਕੇ ਸਿੰਘ ਸਜ ਕੇ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ | ਦੱਸ ਦੇਈਏ ਕਿ ਕਰਮਜੀਤ ਸਿੰਘ ਦੀ ਪਤਨੀ ਅਜੇ ਵੀ ਆਪਣੇ ਧਰਮ ਮੁਤਾਬਕ ਨਮਾਜ ਅਦਾ ਕਰਦੀ ਹੈ ਅਤੇ ਇਹ ਵਿਅਕਤੀ ਆਪਣੀ ਪਤਨੀ ਦੇ ਨਾਲ ਹੀ ਬੈਠ ਕੇ ਗੁਟਕਾ ਸਾਹਿਬ ਲੈ ਕੇ ਪਾਠ ਕਰਦਾ ਹੈ |

ਸਿੱਖੀ ਸਰੂਪ ਨਾਲ ਜੁੜੇ ਇਸ ਨੌਜਵਾਨ ਨੂੰ ਪਿੰਡ ਦੇ ਸਿੱਖ ਜਥੇਬੰਦੀਆਂ ਵੱਲੋਂ ਸਨਮਾਨਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਬਹੁਤ ਹੀ ਨਸ਼ੇ ਕਰਦਾ ਸੀ ਅਤੇ ਹੁਣ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਸਿੱਖੀ ਦੀ ਪ੍ਰੇਰਨਾ ਨੌਜਵਾਨਾਂ ਵਿੱਚ ਭਰੀ ਜਾ ਰਹੀ ਹੈ ਉਸ ਤੋਂ ਉਤਸ਼ਾਹਿਤ ਹੋ ਕੇ ਉਸਨੇ ਸਿੱਖੀ ਧਰਮ ਅਪਣਾ ਲਿਆ ਹੈ |

ਪਿੰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਜਾਤ ਪਾਤ ਜਾਂ ਧਰਮ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਅਤੇ ਉਹ ਹਰੇਕ ਧਰਮ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਨੌਜਵਾਨ ਸਿੱਖੀ ਸਰੂਪ ਦੇ ਲੜ ਲੱਗਿਆ |

Scroll to Top