ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ ਦੇ ਕਤਲ ਘਟਨਾ ਸੰਬੰਧੀ ਮੂਸੇਵਾਲਾ ਦੇ ਜਖ਼ਮੀ ਸਾਥੀਆਂ ਨੇ ਕੀਤੇ ਕਈ ਅਹਿਮ ਖੁਲਾਸੇ

ਚੰਡੀਗੜ੍ਹ 01 ਜੂਨ 2022: ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ 29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਮੇਂ ਜ਼ਖ਼ਮੀ ਹੋਏ ਦੋ ਨੌਜਵਾਨਾਂ ਨੇ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਨਾਲ ਉਸ ਘਟਨਾ ਸੰਬੰਧੀ ਅਹਿਮ ਖੁਲਾਸੇ ਕੀਤੇ । ਜਿਕਰਯੋਗ ਹੈ ਕਿ ਅੱਜ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਡੀ.ਐਮ.ਸੀ ਹਸਪਤਾਲ ਵਿੱਚ ਜ਼ਖ਼ਮੀ ਹੋਏ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਪੁੱਛਣ ਲਈ ਗਏ ਸਨ । ਇਸ ਗੱਲਬਾਤ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਸੀ ਦਾ ਪਤਾ ਲੈਣ ਦਾ ਪ੍ਰੋਗਰਾਮ ਅਚਾਨਕ ਹੀ ਬਣਿਆ ਸੀ |

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮਾਸੀ ਉਨ੍ਹਾਂ ਦੇ ਘਰ ਦੇ ਨੇੜੇ ਹੀ ਰਹਿੰਦੀ ਸੀ। ਜਾਣ ਲਈ ਪਹਿਲਾਂ ਉਹ ਪਜੈਰੋ ਕਾਰ ਕੱਢਣ ਲੱਗੇ ਸੀ, ਪਰ ਪਜੈਰੋ ਕਾਰ ਦਾ ਟਾਇਰ ਪੈਂਚਰ ਹੋਣ ਕਾਰਨ ਉਨ੍ਹਾਂ ਨੇ ਥਾਰ ਜੀਪ ‘ਤੇ ਹੀ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਥਾਰ ਜੀਪ ਵਿਚ ਜਗ੍ਹਾ ਘੱਟ ਹੋਣ ਕਾਰਨ ਸੁਰੱਖਿਆ ਕਰਮੀਆਂ ਨੂੰ ਵੀ ਨਾਲ ਨਹੀਂ ਲਿਜਾ ਸਕੇ।

ਉਨ੍ਹਾਂ ਦੱਸਿਆ ਕਿ ਥੋੜ੍ਹੀ ਦੂਰ ਜਾਣ ‘ਤੇ ਹੀ ਉਨ੍ਹਾਂ ਨੂੰ ਹਮਲਾਵਰਾਂ ਨੇ ਘੇਰ ਲਿਆ ਸੀ ਅਤੇ ਉਨ੍ਹਾਂ ਨੂੰ ਹਮਲੇ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਨੌਜਵਾਨ ਜਿਨ੍ਹਾਂ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ,ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਵੱਲੋਂ ਕਾਰ ਦਾ ਪਿੱਛਾ ਕੀਤਾ ਗਿਆ ਸੀ। ਇਸ ਵੇਲੇ ਇਨ੍ਹਾਂ ਨੌਜਵਾਨਾ ਨਾਲ ਕੁਝ ਹੋਰ ਸਾਥੀ ਵੀ ਸਨ। ਸਿੱਧੂ ਮੂਸੇਵਾਲਾ ਵੱਲੋਂ ਵੀ ਦੋ ਗੋਲੀਆਂ ਚਲਾਉਣ ਬਾਰੇ ਇਨ੍ਹਾਂ ਨੌਜਵਾਨਾਂ ਨੇ ਵਿਧਾਇਕ ਨੂੰ ਦੱਸਿਆ। ਵਿਧਾਇਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਮੁਤਾਬਕ ਗੋਲੀਆਂ ਚੱਲਣ ਸਮੇਂ ਕੁਝ ਹੀ ਮਿੰਟ ਤਕ ਉਹ ਹੋਸ਼ ਵਿੱਚ ਸਨ, ਪਰ ਬਾਅਦ ਵਿੱਚ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ।

Scroll to Top